ਅਮੇਠੀ: ਕਾਂਗਰਸ ਦਾ ਗੜ੍ਹ ਮੰਨੇ ਜਾਂਦੇ ਅਮੇਠੀ ਤੋਂ ਰਾਹੁਲ ਗਾਂਧੀ ਨੂੰ ਹਰਾ ਕੇ ਜੇਤੂ ਰਹੀ ਸਮ੍ਰਿਤੀ ਇਰਾਨੀ ਦੇ ਕਰੀਬੀ ਮੰਨੇ ਜਾਂਦੇ ਪਿੰਡ ਬਰੌਲੀਆ ਦੇ ਸਾਬਕਾ ਸਰਪੰਚ ਸੁਰਿੰਦਰ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਿਦਆਂ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਕ੍ਰਾਈਮ ਬ੍ਰਾਂਚ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਸੁਰਿੰਦਰ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਐਤਵਾਰ ਨੂੰ 5 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਸੀ ਜਿਨ੍ਹਾਂ ਵਿੱਚ ਇੱਕ ਕਾਂਗਰਸੀ ਵਰਕਰ ਵੀ ਸ਼ਾਮਲ ਸੀ। ਮੁੱਢਲੀ ਜਾਂਚ ਵਿੱਚ ਪੁਲਿਸ ਨੇ ਲੋਕ ਸਭਾ ਚੋਣਾਂ ਅਤੇ ਬੀਤੀ ਪੰਚਾਇਤੀ ਚੋਣਾਂ ਦੌਰਾਨ ਹੋਈ ਰੰਜਿਸ਼ ਦਾ ਸ਼ੱਕ ਪ੍ਰਗਟਾਇਆ ਹੈ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਸ੍ਰਮਿਤੀ ਇਰਾਨੀ ਸੁਰਿੰਦਰ ਸਿੰਘ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਣ ਲਈ ਬਲੌਰੀਆ ਪਹੁੰਚੀ ਅਤੇ ਉਨ੍ਹਾਂ ਖ਼ੁਦ ਸੁਰਿੰਦਰ ਦੀ ਅਰਥੀ ਨੂੰ ਮੋਢਾ ਦਿੱਤਾ ਸੀ। ਇਸ ਦੌਰਾਨ ਸਮ੍ਰਿਤੀ ਕਾਫ਼ੀ ਭਾਵੁਕ ਨਜ਼ਰ ਆਏ ਤੇ ਉਨ੍ਹਾਂ ਪਰਿਵਾਰ ਨੂੰ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਵੀ ਦਿਵਾਇਆ। ਸਮ੍ਰਿਤੀ ਨੇ ਕਿਹਾ ਕਿ ਭਾਜਪਾ ਦਾ 11 ਕਰੋੜ ਮੈਬਰਾਂ ਦਾ ਪਰਿਵਾਰ ਸੁਰਿੰਦਰ ਸਿੰਘ ਦੇ ਪਰਿਵਾਰ ਨਾਲ ਖੜਾ ਹੈ ਤੇ ਕਾਨੂੰਨ ਦੀ ਹੱਦ ਵਿੱਚ ਰਹਿ ਕੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਏਗੀ।