ਮੁੰਬਈ: ਛੇ ਸਾਲਾਂ ਤੋਂ ਭਗੌੜੇ ਸੱਟੇਬਾਜ਼ ਅਨਿਲ ਜੈਸਿੰਘਾਨੀ ਨੂੰ ਮਹਾਰਾਸ਼ਟਰ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੇ ਸਾਈਬਰ ਸੈੱਲ ਨੇ ਗੁਜਰਾਤ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ ਅਨਿਲ ਦੀ ਬੇਟੀ ਅਨਿਕਸ਼ਾ ਨੂੰ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਨੂੰ ਬਲੈਕਮੇਲ ਕਰਨ ਅਤੇ ਰਿਸ਼ਵਤ ਲੈਣ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ 'ਚ ਪੁਲਸ ਨੇ ਉਲਹਾਸਨਗਰ ਤੋਂ ਗ੍ਰਿਫਤਾਰ ਕੀਤਾ ਸੀ। ਦੇਵੇਂਦਰ ਫੜਨਵੀਸ ਦੀ ਪਤਨੀ ਅੰਮ੍ਰਿਤ ਫੜਨਵੀਸ ਨੂੰ ਵੀਡੀਓ, ਆਡੀਓ ਕਲਿੱਪ ਅਤੇ ਹੋਰ ਸੰਦੇਸ਼ ਭੇਜ ਕੇ 1 ਕਰੋੜ ਰੁਪਏ ਦੀ ਰਿਸ਼ਵਤ ਦੇਣ ਅਤੇ 10 ਕਰੋੜ ਰੁਪਏ ਦੀ ਜਬਰੀ ਵਸੂਲੀ ਕਰਨ ਦੀ ਧਮਕੀ ਦੇਣ ਲਈ ਐਫਆਈਆਰ ਦਰਜ ਕੀਤੇ ਜਾਣ ਤੋਂ ਬਾਅਦ ਡਿਜ਼ਾਈਨਰ ਅਨਿਕਸ਼ਾ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਸੱਟੇਬਾਜ਼ ਅਨਿਲ ਜੈਸਿੰਘਾਨੀ ਦਾ ਨਾਂ ਸਾਹਮਣੇ ਆਇਆ। ਹਾਲਾਂਕਿ ਉਸ ਨੇ ਆਪਣੇ 'ਤੇ ਲੱਗੇ ਇਲਜ਼ਾਮ ਤੋਂ ਇਨਕਾਰ ਕੀਤਾ ਹੈ ਅਤੇ ਉਨ੍ਹਾਂ ਕਿਹਾ ਕਿ ਸਾਡੇ ਨਾਲ ਬੇਇਨਸਾਫ਼ੀ ਹੋਈ ਹੈ।
ਅਨਿਲ ਨੇ ਕਿਹਾ ਕਿ ਮੇਰੀ ਬੇਟੀ ਦੇ ਖਿਲਾਫ ਮਾਮਲਾ ਪੂਰੀ ਤਰ੍ਹਾਂ ਫਰਜ਼ੀ ਹੈ। ਉਨ੍ਹਾਂ ਕਿਹਾ ਕਿ ਅਨਿਕਸ਼ਾ ਦੇ ਪੁਲਸ ਹਿਰਾਸਤ 'ਚੋਂ ਬਾਹਰ ਆਉਣ ਤੋਂ ਬਾਅਦ ਹੀ ਸੱਚਾਈ ਸਾਹਮਣੇ ਆ ਜਾਵੇਗੀ। ਸੱਟੇਬਾਜ਼ ਅਨਿਲ ਜੈਸਿੰਘਾਨੀ ਅਤੇ ਉਸ ਦੀ ਫੈਸ਼ਨ ਡਿਜ਼ਾਈਨਰ ਬੇਟੀ ਅਨਿਕਸ਼ਾ ਦੇ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ, ਮਾਲਾਬਾਰ ਹਿੱਲ ਪੁਲਸ ਨੇ ਵੀਰਵਾਰ ਨੂੰ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਤੋਂ ਹਿਰਾਸਤ 'ਚ ਲੈ ਲਿਆ। ਦੱਸਿਆ ਗਿਆ ਹੈ ਕਿ ਹੋਰ ਲੋਕਾਂ ਦੇ ਕਹਿਣ 'ਤੇ ਡਿਜ਼ਾਈਨਰ ਅਨਿਕਸ਼ਾ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਅਮ੍ਰਿਤਾ ਫੜਨਵੀਸ ਨੂੰ ਮਿਲ ਰਹੀ ਸੀ। ਇਸ ਦੌਰਾਨ ਉਹ ਆਪਣੇ ਪਿਤਾ ਖ਼ਿਲਾਫ਼ ਦਰਜ ਕੇਸ ਰੱਦ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਹਾਲਾਂਕਿ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਸ ਸਾਰੇ ਮਾਮਲੇ ਵਿੱਚ ਕੁਝ ਸਿਆਸੀ ਸ਼ਖ਼ਸੀਅਤਾਂ ਦੇ ਸ਼ਾਮਲ ਹੋਣ ਦੀ ਪ੍ਰਬਲ ਸੰਭਾਵਨਾ ਹੈ।
ਇਸ ਸਬੰਧੀ ਸਾਈਬਰ ਕ੍ਰਾਈਮ ਬ੍ਰਾਂਚ ਦੇ ਡਿਪਟੀ ਕਮਿਸ਼ਨਰ ਬਲ ਸਿੰਘ ਰਾਜਪੂਤ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਭਗੌੜੇ ਅਨਿਲ ਜੈਸਿੰਘਾਨੀ ਨੂੰ ਗ੍ਰਿਫਤਾਰ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅਨਿਲ ਜੈਸਿੰਘਾਨੀ ਇੰਟਰਨੈੱਟ ਰਾਹੀਂ ਕਈ ਲੋਕਾਂ ਦੇ ਸੰਪਰਕ ਵਿੱਚ ਸੀ। ਇਸ ਦੇ ਨਾਲ ਹੀ ਮੁਲਜ਼ਮ ਤਕਨੀਕ ਦੇ ਅਧਾਰ ਉੱਤੇ ਆਪਣੀ ਪਛਾਣ ਛੁਪਾ ਰਿਹਾ ਸੀ। ਰਾਜਪੂਤ ਨੇ ਅੱਗੇ ਦੱਸਿਆ ਕਿ ਮੁੰਬਈ ਪੁਲਿਸ ਦੀਆਂ 5 ਟੀਮਾਂ ਅਨਿਲ ਜੈਸਿੰਘਾਨੀ ਨੂੰ ਲੱਭਣ ਲਈ ਕੰਮ ਕਰ ਰਹੀਆਂ ਹਨ। ਇਸ ਵਿੱਚ ਤਿੰਨ ਟੀਮਾਂ ਗੁਜਰਾਤ ਭੇਜੀਆਂ ਗਈਆਂ ਸਨ।
ਜਾਂਚ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਮਹਾਰਾਸ਼ਟਰ ਤੋਂ ਸ਼ਿਰਡੀ ਗਿਆ ਸੀ, ਫਿਰ ਸ਼ਿਰਡੀ ਤੋਂ ਗੁਜਰਾਤ ਦੇ ਬਾਰਡੋਲੀ ਪਹੁੰਚਿਆ। ਇਸ ਤੋਂ ਬਾਅਦ ਮੁਲਜ਼ਮਾਂ ਨੂੰ ਫੜਨ ਲਈ ਸਥਾਨਕ ਪੁਲਿਸ ਦੀ ਮਦਦ ਲਈ ਗਈ। ਇਸ ਆਪਰੇਸ਼ਨ ਨੂੰ ਮੁੰਬਈ ਪੁਲਿਸ ਨੇ ਗੁਜਰਾਤ ਪੁਲਿਸ ਦੀ ਮਦਦ ਨਾਲ ਸਫਲਤਾਪੂਰਵਕ ਅੰਜਾਮ ਦਿੱਤਾ। ਰਾਜਪੂਤ ਮੁਤਾਬਕ ਅਨਿਲ ਜੈਸਿੰਘਾਨੀ 13 ਮਾਰਚ ਨੂੰ ਸ਼ਿਰਡੀ 'ਚ ਸੀ, ਜਿਸ ਤੋਂ ਬਾਅਦ ਉਹ 14 ਮਾਰਚ ਨੂੰ ਗੁਜਰਾਤ ਭੱਜ ਗਿਆ ਸੀ। ਸੱਟੇਬਾਜ਼ ਅਨਿਲ ਜੈਸਿੰਘਾਨੀ ਨੂੰ ਵਡੋਦਰਾ, ਭਰੂਚ ਤੋਂ ਬਾਅਦ ਗੋਧਰਾ ਜਾਂਦੇ ਸਮੇਂ 72 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਗੋਧਰਾ ਦੇ ਕਲੋਲ ਤੋਂ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਜ਼ਬਤ ਕੀਤੀ ਗਈ ਕਾਰ ਮਹਾਰਾਸ਼ਟਰ ਦੀ ਹੈ।
ਇਹ ਵੀ ਪੜ੍ਹੋ: Delhi Liquor Scam: ਸਿਸੋਦੀਆ ਦੀ ਨਿਆਂਇਕ ਹਿਰਾਸਤ 14 ਦਿਨਾਂ ਲਈ ਵਧੀ, ਜ਼ਮਾਨਤ 'ਤੇ 21 ਮਾਰਚ ਨੂੰ ਸੁਣਵਾਈ