ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚੇ ਦੇ ਮੁੱਖ ਆਗੂਆਂ ਜੋਗਿੰਦਰ ਸਿੰਘ ਉਗਰਾਹਾਂ ਤੇ ਡਾਕਟਰ ਦਰਸ਼ਨਪਾਲ ਨੇ ਬੁੱਧਵਾਰ ਨੂੰ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਸਾਨਾਂ ਤੇ ਕਾਲੇ ਖੇਤੀ ਕਾਨੂੰਨ ਵਿਰੋਧੀ ਕਿਸਾਨ ਹਿੱਤੂ ਲੋਕਾਂ ਨੂੰ ਸੁਨੇਹਾ ਦਿੱਤਾ ਹੈ ਕਿ ਉਹ ਸਾਰੀਆਂ ਪਾਰਟੀਆਂ ਦਾ ਵਿਰੋਧ ਨਾ ਕਰਨ ਤਾਂ ਜੋ ਇਸ ਨਾਲ ਕਿਸਾਨਾਂ ਦਾ ਨੁਕਸਾਨ ਨਾ ਹੋਵੇ।
ਭਾਜਪਾ ਆਗੂਆਂ ਦਾ ਹੀ ਕੀਤਾ ਜਾਵੇ ਘਿਰਾਓ
ਕਿਸਾਨ ਆਗੂਆਂ ਨੇ ਕਿਹਾ ਹੈ ਕਿ ਕਿਸਾਨਾਂ ਦਾ ਮੁੱਖ ਨਿਸ਼ਾਨਾ ਭਾਰਤੀ ਜਨਤਾ ਪਾਰਟੀ ਹੈ ਤੇ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਭਾਜਪਾ ਆਗੂਆਂ ਦਾ ਹੀ ਵਿਰੋਧ ਕਰਨ ਨਾ ਕਿ ਸਾਰੀਆਂ ਪਾਰਟੀਆਂ ਦਾ। ਉਗਰਾਹਾਂ ਤੇ ਦਰਸ਼ਨਪਾਲ ਨੇ ਅਪੀਲ ਕੀਤੀ ਹੈ ਕਿ ਲੋਕ ਸਿਰਫ ਭਾਜਪਾ ਦਾ ਘਿਰਾਓ ਕਰਨ।
ਹੋਰਾਂ ਦੇ ਵਿਰੋਧ ਨਾਲ ਭਾਜਪਾ ਨੂੰ ਫਾਇਦਾ
ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਦਾ ਕਹਿਣਾ ਹੈ ਕਿ ਭਾਜਪਾ ਸਾਡਾ ਮੁੱਖ ਨਿਸ਼ਾਨਾ ਹੈ, ਜੇਕਰ ਅਸੀਂ ਸਾਰੀਆਂ ਪਾਰਟੀਆਂ ਦਾ ਵਿਰੋਧ ਕਰਦੇ ਹਾਂ ਤਾਂ ਇਸ ਦਾ ਸਿੱਧਾ ਫਾਇਦਾ ਭਾਜਪਾ ਨੂੰ ਜਾਵੇਗਾ, ਲਿਹਾਜ਼ਾ ਉਹ ਸਾਰੇ ਕਿਸਾਨਾਂ ਨੂੰ ਬੇਨਤੀ ਕਰਦੇ ਹਨ ਕਿ ਪਿੰਡਾਂ ਵਿਚ ਸਿਰਫ ਭਾਜਪਾ ਆਗੂਆਂ ਦਾ ਹੀ ਵਿਰੋਧ ਕੀਤਾ ਜਾਵੇ ਜਦੋਂਕਿ ਬਾਕੀ ਪਾਰਟੀਆਂ ਨੂੰ ਦੂਜੇ ਨੰਬਰ 'ਤੇ ਰੱਖਿਆ ਜਾਵੇ।
ਦੂਜੀਆਂ ਪਾਰਟੀਆਂ ਦੇ ਵਿਰੋਧ ਨਾਲ ਅੰਦੋਲਨ ਨੂੰ ਨੁਕਸਾਨ
ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਅਸੀਂ ਦੂਜੀਆਂ ਪਾਰਟੀਆਂ ਦਾ ਵੀ ਵਿਰੋਧ ਕਰਦੇ ਰਹੇ ਤਾਂ ਇਸ ਨਾਲ ਸਾਡਾ ਵਿਵਾਦ ਵਧੇਗਾ ਅਤੇ ਕਿਸਾਨ ਅੰਦੋਲਨ ਦਾ ਨੁਕਸਾਨ ਹੋਵੇਗਾ ਜਦਕਿ ਭਾਜਪਾ ਨੂੰ ਇਸ ਦਾ ਲਾਭ ਮਿਲੇਗਾ। ਦੂਜੇ ਪਾਸੇ ਡਾ. ਦਰਸ਼ਨਪਾਲ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਪੂਰੇ ਦੇਸ਼ ਵਿਚ ਭਾਜਪਾ ਦੇ ਬਾਇਕਾਟ ਦੀ ਕਾਲ ਦਿੱਤੀ ਹੋਈ ਹੈ ਪਰ ਭਾਜਪਾ ਵਾਂਗ ਬਾਕੀ ਪਾਰਟੀਆਂ ਦਾ ਘਿਰਾਓ ਕਰਨਾ ਠੀਕ ਨਹੀਂ ਹੈ।
19 ਪਾਰਟੀਆਂ ਕਿਸਾਨਾਂ ਦੇ ਹੱਕ ‘ਚ
ਉਨ੍ਹਾਂ ਕਿਹਾ ਕਿ 19 ਵਿਰੋਧੀ ਪਾਰਟੀਆਂ ਨੇ ਇਕੱਠਿਆਂ ਮਤਾ ਪਾ ਕੇ ਤਿੰਨ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ। ਇਸ ਤਰ੍ਹਾਂ ਜੇਕਰ ਸਾਰੀਆਂ ਪਾਰਟੀਆਂ ਦਾ ਘਿਰਾਓ ਕੀਤਾ ਜਾਵੇਗਾ ਤਾਂ ਇਸ ਦਾ ਕਿਸਾਨ ਅੰਦੋਲਨ ਨੂੰ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਸਾਰੇ ਕਿਸਾਨਾਂ ਨੂੰ ਅਪੀਲ ਕਰਦੇ ਹਨ ਕਿ ਜਿਹੜਾ ਵੀ ਫ਼ੈਸਲਾ ਸੰਯੁਕਤ ਕਿਸਾਨ ਮੋਰਚੇ ਵਲੋਂ ਲਿਆ ਜਾਂਦਾ ਹੈ, ਸਿਰਫ ਉਸ ਨੂੰ ਹੀ ਲਾਗੂ ਕੀਤਾ ਜਾਵੇ।