ਮੁੰਬਈ: ਮੁੰਬਈ ਪੁਲਿਸ ਕ੍ਰਾਈਮ ਬ੍ਰਾਂਚ ਨੇ ਇੱਕ 40 ਸਾਲਾ ਟੀਵੀ ਅਦਾਕਾਰ ਸਲਮਾਨ ਜਾਫਰੀ ਨੂੰ ਇੱਕ ਪੁਲਿਸ ਅਧਿਕਾਰੀ ਦੀ ਪੁਸ਼ਾਕ ਵਿੱਚ ਲੋਕਾਂ ਨਾਲ ਧੋਖਾ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ।
ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਇੱਕ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਲੋਕਾਂ ਨੂੰ ਮੁੱਖ ਤੌਰ 'ਤੇ ਉਤਰਾਖੰਡ ਅਤੇ ਚੰਡੀਗੜ੍ਹ ਵਿੱਚ ਆਪਣਾ ਸ਼ਿਕਾਰ ਬਣਾਉਂਦਾ ਸੀ। ਦੋਸ਼ੀ ਹਵਾਈ ਜਹਾਜ਼ ਰਾਹੀਂ ਦੇਹਰਾਦੂਨ, ਚੰਡੀਗੜ੍ਹ ਅਤੇ ਉੱਤਰ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਜੁਰਮ ਕਰਨ ਅਤੇ ਮੁੰਬਈ ਵਾਪਸ ਆ ਜਾਂਦਾ ਸੀ।
ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਚਿਤੌੜਗੜ੍ਹ ਰਾਜਕੁਮਾਰੀ ਪਦਮਿਨੀ, ਛਤਰਪਤੀ ਰਾਜਾ ਸ਼ਿਵਾਜੀ, ਸਾਵਧਾਨ ਇੰਡੀਆ ਜਿਹੇ ਸੀਰੀਅਲਾਂ ਅਤੇ ਕੁੱਝ ਫਿਲਮਾਂ ਵਿੱਚ ਕੰਮ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੁੰਬਈ ਕ੍ਰਾਈਮ ਬ੍ਰਾਂਚ ਦੀ ਯੁਨਿਟ-ਅੱਠ ਨੂੰ ਦੇਹਰਾਦੂਨ ਪੁਲਿਸ ਤੋਂ ਸੂਚਨਾ ਮਿਲੀ ਸੀ ਕਿ ਮੁਲਜ਼ਮ ਨੇ ਇੱਕ ਬਜ਼ੁਰਗ ਔਰਤ ਨੂੰ ਧੋਖਾ ਦੇ ਕੇ ਪੰਜ ਲੱਖ ਰੁਪਏ ਦੇ ਗਹਿਣਿਆਂ ਦੀ ਚੋਰੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਦੇਹਰਾਦੂਨ ਦੇ ਪਟੇਲ ਨਗਰ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਦੇਹਰਾਦੂਨ ਪੁਲਿਸ ਨੇ ਓਸ਼ੀਵਾੜਾ, ਮੁੰਬਈ ਵਿੱਚ ਤਕਨੀਕੀ ਸਹਾਇਤਾ ਨਾਲ ਮੁਲਜ਼ਮ ਦਾ ਪਤਾ ਲਗਾਇਆ।
ਦੇਹਰਾਦੂਨ ਪੁਲਿਸ ਤੋਂ ਮਿਲੀ ਜਾਣਕਾਰੀ ਦੇ ਅਧਾਰ 'ਤੇ ਮੁੰਬਈ ਕ੍ਰਾਈਮ ਬ੍ਰਾਂਚ ਨੇ ਸੋਮਵਾਰ ਸ਼ਾਮ ਨੂੰ ਉਸ ਦੀ ਰਿਹਾਇਸ਼ 'ਤੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ। ਪੁਲਿਸ ਸਾਹਮਣੇ ਪੁੱਛਗਿੱਛ ਦੌਰਾਨ ਦੋਸ਼ੀ ਨੇ ਜੁਰਮ ਵਿੱਚ ਸ਼ਾਮਲ ਹੋਣਾ ਕਬੂਲ ਕੀਤਾ।
ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੂੰ ਟਰਾਂਜ਼ਿਟ ਰਿਮਾਂਡ ‘ਤੇ ਦੇਹਰਾਦੂਨ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।