ਸ੍ਰੀਨਗਰ : ਜੰਮੂ ਕਸ਼ਮੀਰ (JAMMU & Kashmir) ਘਾਟੀ ਵਿੱਚ ਮੰਗਲਵਾਰ ਨੂੰ ਸ਼ੱਕੀ ਅੱਤਵਾਦੀਆਂ ਨੇ ਸਿਲਸਿਲੇਵਾਰ ਦਰਦਨਾਕ ਘਟਨਾਵਾਂ ਵਿੱਚ ਤਿੰਨ ਲੋਕਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮਾਰੇ ਗਏ ਲੋਕਾਂ ਵਿੱਚ ਮੁੱਖ ਕਸ਼ਮੀਰੀ ਪੰਡਤ ਕੈਮਿਸਟ ਵਪਾਰੀ ਮੱਖਣ ਲਾਲ ਬਿੰਦਰੂ ਹੈ, ਜਿਨ੍ਹਾਂ ਨੂੰ ਇਕਬਾਲ ਪਾਰਕ ਇਲਾਕੇ ਦੇ ਨੇੜੇ ਗੋਲੀ ਮਾਰ ਦਿੱਤੀ ਗਈ ਸੀ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ, " ਸ਼ਾਮ ਨੂੰ ਕਰੀਬ 7 ਵਜ ਕੇ 20 ਮਿੰਟ ਉੱਤੇ ਕੁੱਝ ਅਣਪਛਾਤੇ ਅੱਤਵਾਦੀਆਂ ਨੇ ਇਕਬਾਲ ਪਾਰਕ ਇਲਾਕੇ ਵਿੱਚ ਮਸ਼ਹੂਰ ਬਿੰਦਰੂ ਮੈਡੀਕੇਟ ਦੇ ਮਾਲਕ ਪੰਡਤ ਮੱਖਣ ਲਾਲ ਬਿੰਦਰੂ (famous chemist Makhan Lal Bindroo) ਨੂੰ ਗੋਲੀ ਮਾਰ ਦਿੱਤੀ। ਹਮਲੇ ਤੋਂ ਬਾਅਦ ਉਹ ਗੰਭੀਰ ਜ਼ਖਮੀ ਹੋ ਗਏ ਤੇ ਉਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ, ਪਰ ਰਾਹ ਵਿੱਚ ਹੀ ਉਨ੍ਹਾਂ ਦੀ ਮੌਤ ਹੋ ਗਈ।
ਸ੍ਰੀਨਗਰ ਦੇ ਹਰਿ ਸਿੰਘ ਹਾਈ ਸਟ੍ਰੀਟ ਸਥਿਤ ਉਨ੍ਹਾਂ ਦੀ ਦੁਕਾਨ 'ਤੇ ਬਿੰਦਰੂ ਨੂੰ ਗੋਲੀ ਮਾਰ ਦਿੱਤੀ ਗਈ। ਇਸ ਹਾਦਸੇ ਮਗਰੋਂ ਇਲਾਕੇ ਵਿੱਚ ਸੁਰੱਖਿਆ ਬਲਾਂ ਨੂੰ ਭੇਜਿਆ ਗਿਆ।
ਸ਼ਾਮ ਨੂੰ ਦੂਜੀ ਘਟਨਾ ਵਿੱਚ ਲਾਲ ਬਜ਼ਾਰ ਖੇਤਰ ਦੇ ਮਦੀਨਾ ਚੌਂਕ ਨੇੜੇ ਇੱਕ ਗੈਰ ਸਥਾਨਕ ਵਪਾਰੀ ਦੀ ਮੌਤ ਹੋ ਗਈ। " ਕਰੀਬ ਰਾਤ 8 ਵਜੇ ਕੁੱਝ ਸ਼ੱਕੀ ਅੱਤਵਾਦੀਆਂ ਨੇ ਇੱਕ ਗੈਰ ਸਥਾਨਕ ਰੇਹੜੀ ਵਾਲੇ 'ਤੇ ਹਮਲਾ ਕਰ ਦਿੱਤਾ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਵਿਅਕਤੀ ਦੀ ਪਛਾਣ ਬਿਹਾਰ ਦੇ ਭਾਗਲਪੁਰ ਵਾਸੀ ਵਰਿੰਦਰ ਪਾਸਵਾਨ ਵਜੋਂ ਹੋਈ ਹੈ, ਜੋ ਮੌਜੂਦਾ ਸਮੇਂ ਵਿੱਚ ਜਦੀਬਲ ਦੇ ਆਲਮਗਰੀ ਬਾਜ਼ਾਰ ਵਿੱਚ ਰਹਿੰਦਾ ਸੀ।
ਇਸ ਵਿਚਾਲੇ ਸੁਰੱਖਿਆ ਬਲਾਂ ਨੇ ਹਮਲਾ ਕਰਨ ਵਾਲਿਆਂ ਨੂੰ ਫੜਨ ਲਈ ਸ਼ਹਿਰ ਵਿੱਚ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ।
ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਹਾਜ਼ਿਨ ਇਲਾਕੇ ਵਿੱਚ ਕੁੱਝ ਘੰਟਿਆਂ ਬਾਅਦ ਅਣਪਛਾਤੇ ਬੰਦੂਕਧਾਰਿਆਂ ਨੇ ਗੋਲੀਆਂ ਮਾਰ ਕੇ ਇੱਕ ਨਾਗਰਿਕ ਦਾ ਕਤਲ ਕਰ ਦਿੱਤਾ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੰਦੂਕਧਾਰਿਆਂ ਨੇ ਸ਼ਾਹਗੁੰਡ ਹਾਜ਼ਿਨ ਬਾਂਦੀਪੋਰਾ ਵਿਖੇ ਇੱਕ ਮੁਹੰਮਦ ਸ਼ਫੀ ( ਸੂਮੋ ਪ੍ਰਧਾਨ ਨਾਯਦਖਾਈ )ਉੱਤੇ ਗੋਲੀਬਾਰੀ ਕੀਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ , ਪਰ ਹਸਪਤਾਲ 'ਚ ਦਾਖਲ ਕਰਵਾਏ ਜਾਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ ਤੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
ਭਾਜਪਾ ਦੀ ਸੂਬਾਈ ਇਕਾਈ ਦੇ ਬੁਲਾਰੇ ਅਲਤਾਫ ਠਾਕੁਰ ਨੇ ਬਿੰਦਰੂ ਕਤਲ ਕੇਸ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਮ੍ਰਿਤਕ ਮਦਦਗਾਰ, ਸੁਹਿਰਦ ਅਤੇ ਗਰੀਬ ਪੱਖੀ ਸਨ ਜੋ ਹਮੇਸ਼ਾ ਗਰੀਬਾਂ ਦੀ ਦੇਖਭਾਲ ਕਰਦੇ ਸਨ।
ਇੱਕ ਸੰਖੇਪ ਬਿਆਨ ਵਿੱਚ, ਠਾਕੁਰ ਨੇ ਕਿਹਾ ਕਿ ਬਿੰਦਰੂ ਦੇ ਕਤਲ ਪਿੱਛੇ ਕੋਈ ਧਰਮ ਨਹੀਂ ਹੈ। ਕਿਉਂਕਿ ਨਿਹੱਥੇ ਵਿਅਕਤੀਆਂ ਦੀ ਹੱਤਿਆ ਕਿਸੇ ਵੀ ਧਰਮ ਵਿੱਚ ਕਦੇ ਵੀ ਜਾਇਜ਼ ਨਹੀਂ ਹੈ।
ਉਨ੍ਹਾਂ ਕਿਹ , "ਮੈਂ ਬਿੰਦਰੂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਆਪਣੀ ਏਕਤਾ ਦਾ ਪ੍ਰਗਟਾਵਾ ਕਰਦਾ ਹਾਂ ਅਤੇ ਪੁਲਿਸ ਨੂੰ ਬੇਨਤੀ ਕਰਦਾ ਹਾਂ ਕਿ ਉਸ ਦੇ ਕਾਤਲਾਂ ਨੂੰ ਬੇਨਕਾਬ ਕੀਤਾ ਜਾਵੇ ਅਤੇ ਸਜ਼ਾ ਦਿੱਤੀ ਜਾਵੇ।”ਠਾਕੁਰ ਨੇ ਕਿਹਾ।
ਇਹ ਵੀ ਪੜ੍ਹੋ : ਪਹਿਲਵਾਨ ਸੁਸ਼ੀਲ ਕੁਮਾਰ ਦੀ ਜ਼ਮਾਨਤ ਪਟੀਸ਼ਨ ਰੱਦ