ਨਵੀਂ ਦਿੱਲੀ: ਸਿੰਘੂ ਬਾਰਡਰ ਤੋਂ ਸੰਯੁਕਤ ਕਿਸਾਨ ਮੋਰਚਾ ਨੇ ਅੱਜ ਪ੍ਰੈਸ ਕਾਨਫ਼ਰੰਸ ਕੀਤੀ। ਬੰਗਾਲ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਦੇ ਐਲਾਨ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਵੱਡਾ ਫੈਸਲਾ ਕੀਤਾ ਹੈ। ਸੰਯੁਕਤ ਕਿਸਾਨ ਮੋਰਚੇ ਇਹ ਫੈਸਲਾ ਲਿਆ ਕਿ 12 ਮਾਰਚ ਨੂੰ ਬੰਗਾਲ ‘ਚ ਟਰੈਕਟਰ ਰੈਲੀ ਕੀਤੀ ਜਾਵੇਗੀ। ਯੂਨੀਅਨ ਨੇ ਚੋਣਾਂ ਦੇ ਸੂਬਿਆਂ ‘ਚ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਅਭਿਆਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਸਾਡੇ ਮੋਰਚੇ ਵੱਲੋਂ ਚੋਣ ਸੂਬਿਆਂ ਵਿੱਚ ਟੀਮ ਭੇਜੀ ਜਾਵੇਗੀ।
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਟੀਮ ਦੇ ਮੈਂਬਰ ਕਿਸੇ ਪਾਰਟੀ ਨੂੰ ਆਪਣਾ ਸਮਰਥਨ ਨਹੀਂ ਦੇਣਗੇ ਪਰ ਲੋਕਾਂ ਦੇ ਵਿੱਚ ਜਾ ਕੇ ਇਹ ਸਮਝਾਉਣਗੇ ਕਿ ਉਨ੍ਹਾਂ ਉਮੀਦਵਾਰਾਂ ਨੂੰ ਵੋਟ ਪਾਓ ਜੋ ਭਾਜਪਾ ਨੂੰ ਹਰਾ ਸਕਦਾ ਹੈ। ਉਨ੍ਹਾਂ ਕਿਹਾ ਹੈ ਕਿ ਲੋਕਾਂ ਨੇ ਦੱਸਿਆ ਜਾਵੇਗਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਨਾਲ ਉਚਿਤ ਵਿਵਹਾਰ ਨਹੀਂ ਕਰ ਰਹੀਂ ਹੈ।
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨੇ ਕਿਹਾ ਕਿ ਜਿਨ੍ਹਾਂ ਸੂਬਿਆਂ ‘ਚ ਅਜੇ ਚੋਣਾਂ ਹੋਣਾਂ ਵਾਲੀਆਂ ਹਨ, ਉਨ੍ਹਾਂ ਸੂਬਿਆਂ ‘ਚ ਸੰਯੁਕਤ ਕਿਸਾਨ ਮੋਰਚੇ ਭਾਜਪਾ ਦੀ ਕਿਸਾਨ-ਵਿਰੋਧੀ, ਗਰੀਬ-ਵਿਰੋਧੀ, ਨੀਤੀਆਂ ਨੂੰ ਸਜ਼ਾ ਦੇਣ ਲਈ ਜਨਤਾ ਨੂੰ ਇੱਕ ਅਪੀਲ ਕਰੇਗਾ। ਕਿਸਾਨ ਯੂਨੀਅਨ ਚੋਣ ਸੂਬਿਆਂ ‘ਚ ਭਾਜਪਾ ਦੇ ਵਿਰੁੱਧ ਪ੍ਰਚਾਰ ਕਰੇਗੀ।
ਉਨ੍ਹਾਂ ਕਿਹਾ ਕਿ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨ 6 ਮਾਰਚ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਕੇਐਮਪੀ ਐਕਸਪ੍ਰੈਸ ਵੇਅ 'ਤੇ ਵੱਖ-ਵੱਖ ਥਾਵਾਂ 'ਤੇ ਸੜਕ ਜਾਮ ਕਰੇਗੀ।
ਇਹ ਵੀ ਪੜ੍ਹੋ: ਲੋਕ ਇਨਸਾਫ ਪਾਰਟੀ ਦੇ ਮਨਵਿੰਦਰ ਸਿੰਘ ਗਿਆਸਪੁਰਾ ਹੋਏ ਆਮ ਆਦਮੀ ਪਾਰਟੀ 'ਚ ਸ਼ਾਮਲ
ਉਨ੍ਹਾਂ ਕਿਹਾ ਕਿ ਇਸ ਉਦੇਸ਼ ਲਈ ਇਨ੍ਹਾਂ ਸੂਬਿਆਂ ਦਾ ਦੌਰਾ ਕਰਨਗੇ ਅਤੇ ਵੱਖ-ਵੱਖ ਪ੍ਰੋਗਰਾਮਾਂ ‘ਚ ਭਾਗ ਲਿਆ ਜਾਵੇਗਾ। ਕਿਸਾਨ ਆਗੂ ਯੋਗਿੰਦਰ ਯਾਦਵ ਨੇ ਕਿਹਾ ਕਿ 10 ਯੂਨੀਅਨਾਂ ਦੇ ਨਾਲ ਸਾਡੀ ਮੀਟਿੰਗ ਹੋਈ ਹੈ। ਸਰਕਾਰ ਜਨਤਕ ਖੇਤਰਾਂ ਦਾ ਜੋ ਨਿੱਜੀਕਰਨ ਕਰ ਰਹੀ ਹੈ, ਉਸ ਦੇ ਵਿਰੋਧ ‘ਚ 15 ਮਾਰਚ ਨੂੰ ਪੂਰੇ ਦੇਸ਼ ਦੇ ਮਜ਼ਦੂਰ ਅਤੇ ਕਰਮਚਾਰੀ ਸੜਕ ‘ਤੇ ਉਤਰਣਗੇ ਅਤੇ ਰੇਲਵੇ ਸਟੇਸ਼ਨਾਂ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।