ਕਟਨੀ/ਮੱਧ ਪ੍ਰਦੇਸ਼: ਕਟਨੀ ਜ਼ਿਲੇ ਦੇ ਸਲੀਮਨਾਬਾਦ 'ਚ ਬਰਗੀ ਭੂਮੀਗਤ ਨਹਿਰ ਦੀ ਇਕ ਨਿਰਮਾਣ ਅਧੀਨ ਸੁਰੰਗ ਦੇ ਡਿੱਗਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਸੁਰੰਗ ਦੇ ਮਲਬੇ 'ਚ 9 ਮਜ਼ਦੂਰ ਫਸੇ ਹੋਏ ਹਨ, ਜਿਨ੍ਹਾਂ 'ਚੋਂ 7 ਨੂੰ ਬਚਾ ਲਿਆ ਗਿਆ ਹੈ, ਜਦਕਿ 2 ਮਜ਼ਦੂਰਾਂ ਦੀ ਭਾਲ ਜਾਰੀ ਹੈ। SDERF ਦੀ ਟੀਮ ਵੱਲੋਂ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ।
ਜਾਣਕਾਰੀ ਮੁਤਾਬਕ ਨੈਸ਼ਨਲ ਹਾਈਵੇਅ ਨੰਬਰ 30 'ਤੇ ਕਟਨੀ ਜ਼ਿਲ੍ਹੇ ਦੇ ਸਲੀਮਨਾਬਾਦ 'ਚ ਸ਼ਨੀਵਾਰ ਰਾਤ ਨੂੰ ਨਿਰਮਾਣ ਅਧੀਨ ਭੂਮੀਗਤ ਨਹਿਰ ਵਿੱਚ ਅਚਾਨਕ 70 ਫੁੱਟ ਡੂੰਘੇ ਟੋਏ 'ਚੋਂ ਮਿੱਟੀ ਡਿੱਗਣ ਨਾਲ ਇਸ ਘਟਨਾ 'ਚ ਲੱਗੇ 9 ਮਜ਼ਦੂਰ ਮਿੱਟੀ ਦੇ ਮਲਬੇ ਹੇਠਾਂ ਦੱਬ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਕਲੈਕਟਰ ਪ੍ਰਿਅੰਕ ਮਿਸ਼ਰਾ ਅਤੇ ਪੁਲਿਸ ਸੁਪਰਡੈਂਟ ਸੁਨੀਲ ਜੈਨ ਮੌਕੇ 'ਤੇ ਪਹੁੰਚ ਗਏ। ਕੁਲੈਕਟਰ ਪ੍ਰਿਅੰਕ ਮਿਸ਼ਰਾ ਨੇ ਦੱਸਿਆ ਕਿ ਮਿਆਰੀ ਪ੍ਰੋਟੋਕੋਲ ਅਨੁਸਾਰ ਮਜ਼ਦੂਰਾਂ ਨੂੰ ਬਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ, ਸੁਰੰਗ ਬਣਾਉਣ ਵਾਲੀ ਕੰਪਨੀ ਤੋਂ ਇਲਾਵਾ NHI ਟੀਮ ਨੂੰ ਮੌਕੇ 'ਤੇ ਬੁਲਾ ਕੇ ਬਚਾਅ ਕਾਰਜ ਸ਼ੁਰੂ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ 2 ਮਜ਼ਦੂਰ ਅਜੇ ਵੀ ਫਸੇ ਹੋਏ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ। ਕੱਢੇ ਗਏ ਸਾਰੇ ਲੋਕਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ, ਸਿਰਫ਼ ਇਕ ਵਿਅਕਤੀ ਦੀ ਲੱਤ ਫਰੈਕਚਰ ਹੈ।
ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਟਨੀ ਜ਼ਿਲੇ ਦੇ ਸਲੀਮਾਨਾਬਾਦ 'ਚ ਨਹਿਰ ਦੇ ਨਿਰਮਾਣ ਕਾਰਜ ਦੌਰਾਨ ਮਜ਼ਦੂਰਾਂ ਦੇ ਦੱਬੇ ਜਾਣ ਦੀ ਖ਼ਬਰ 'ਤੇ ਦੁੱਖ ਪ੍ਰਗਟ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ- "ਮੈਂ ਲਗਾਤਾਰ ਪ੍ਰਸ਼ਾਸਨ ਦੇ ਸੰਪਰਕ ਵਿੱਚ ਹਾਂ, ਮੈਂ ਸਾਰਿਆਂ ਦੀ ਸੁਰੱਖਿਆ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ।"
ਇਹ ਵੀ ਪੜ੍ਹੋ: ਹਫ਼ਤਾਵਰੀ ਰਾਸ਼ੀਫਲ (13 ਤੋਂ 20 ਫਰਵਰੀ ਤੱਕ): ਅਚਾਰੀਆ ਪੀ ਖੁਰਾਨਾ ਤੋਂ ਜਾਣੋ ਕੀ ਕਹਿੰਦੇ ਨੇ ਤੁਹਾਡੇ ਸਿਤਾਰੇ