ਹਰਿਆਣਾ: ਹਰਿਆਣਾ ਦੇ ਨੂਹ ਜ਼ਿਲ੍ਹੇ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੀ ਬ੍ਰਿਜ ਮੰਡਲ ਯਾਤਰਾ ਦੌਰਾਨ ਦੋ ਗੁੱਟਾਂ ਵਿਚਾਲੇ ਹਿੰਸਕ ਝੜਪ ਹੋ ਗਈ। ਇਸ ਦੌਰਾਨ ਵਾਹਨਾਂ 'ਤੇ ਕਾਫੀ ਪਥਰਾਅ ਵੀ ਹੋਇਆ ਅਤੇ ਗੋਲੀਬਾਰੀ ਵੀ ਕੀਤੀ ਗਈ। ਹੱਥਾਂ ਵਿੱਚ ਡੰਡੇ ਲੈ ਕੇ ਸ਼ਰਾਰਤੀ ਅਨਸਰ ਵਾਹਨਾਂ ਦੀ ਭੰਨਤੋੜ ਕਰਦੇ ਦੇਖੇ ਜਾ ਸਕਦੇ ਹਨ। ਪੱਥਰਬਾਜ਼ੀ ਅਤੇ ਗੋਲੀਬਾਰੀ 'ਚ ਹੁਣ ਤੱਕ ਕੁੱਲ 20 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜ਼ਖ਼ਮੀਆਂ ਵਿੱਚ ਤਿੰਨ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। ਜਾਣਕਾਰੀ ਅਨੁਸਾਰ ਅਲ ਆਫੀਆ ਜਨਰਲ ਹਸਪਤਾਲ ਮੰਡੀਖੇੜਾ ਵਿੱਚ 3, ਪੁਨਹਾਨਾ ਵਿੱਚ ਇੱਕ, ਨੂਹ ਸੀਐਚਸੀ ਵਿੱਚ 8, ਤਾਵਡੂ ਸੀਐਚਸੀ ਵਿੱਚ 3, ਸਰਕਾਰੀ ਸ਼ਹੀਦ ਹਸਨ ਖਾਨ ਮੇਵਾਤੀ ਮੈਡੀਕਲ ਕਾਲਜ ਨਲਹਾਰ ਵਿੱਚ 5 ਵਿਅਕਤੀਆਂ ਨੂੰ ਦਾਖਲ ਕਰਵਾਇਆ ਗਿਆ ਹੈ।
ਯਾਤਰਾ ‘ਤੇ ਪਥਰਾਅ : ਗੁਰੂਗ੍ਰਾਮ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਨਰਲ ਸਕੱਤਰ ‘ਯਸ਼ਵੰਤ ਸ਼ੇਖਾਵਤ’ ਮੁਤਾਬਕ ਜਿਵੇਂ ਹੀ ਯਾਤਰਾ ਸ਼ਿਵ ਮੰਦਰ ਨਲਹਾਰ ਪਹੁੰਚੀ ਤਾਂ ਸ਼ਰਾਰਤੀ ਅਨਸਰਾਂ ਨੇ ਯਾਤਰਾ ‘ਤੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ਪੱਥਰਬਾਜ਼ੀ ਕਾਰਨ ਯਾਤਰਾ ਵਿੱਚ ਸ਼ਾਮਲ ਕਈ ਵਾਹਨਾਂ ਦੇ ਸ਼ੀਸ਼ੇ ਟੁੱਟ ਗਏ। ਕਈ ਵਾਹਨਾਂ ਵਿੱਚ ਅਗਜ਼ਨੀ ਅਤੇ ਭੰਨਤੋੜ ਵੀ ਕੀਤੀ ਗਈ। ਪੁਲਿਸ ਇਸ ਮਾਮਲੇ ਸਬੰਧੀ ਅਜੇ ਕੁੱਝ ਵੀ ਕਹਿਣ ਨੂੰ ਤਿਆਰ ਨਹੀਂ ਹੈ। ਇਲਾਕੇ 'ਚ ਤਣਾਅਪੂਰਨ ਸਥਿਤੀ ਬਣੀ ਹੋਈ ਹੈ।ਨੂਹ 'ਚ ਦੋ ਗੁੱਟਾਂ ਵਿਚਾਲੇ ਹੋਈ ਹਿੰਸਕ ਝੜਪ ਦੌਰਾਨ ਕਈ ਵਾਹਨਾਂ ਨੂੰ ਅੱਗ ਲਾਉਣ ਦੀ ਖ਼ਬਰ ਹੈ।
ਜ਼ਖਮੀ ਹੋਣ ਦੀ ਖਬਰ ਨਹੀਂ: ਇਲਾਕੇ 'ਚ ਤਣਾਅ ਦੇ ਮੱਦੇਨਜ਼ਰ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਦਹਿਸ਼ਤ ਕਾਰਨ ਇਲਾਕੇ ਦੀਆਂ ਸਾਰੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਜਦੋਂ ਯਾਤਰਾ ਇਕ ਵਜੇ ਦੇ ਕਰੀਬ ਨੂਹ ਦੇ ਤਿਰੰਗਾ ਪਾਰਕ ਨੇੜੇ ਪਹੁੰਚੀ ਤਾਂ ਉਥੇ ਮੌਜੂਦ ਕੁਝ ਲੋਕਾਂ ਨਾਲ ਝਗੜਾ ਹੋ ਗਿਆ। ਝਗੜੇ ਦਰਮਿਆਨ ਪੱਥਰਬਾਜ਼ੀ ਸ਼ੁਰੂ ਹੋ ਗਈ। ਇਸ ਪਥਰਾਅ ਵਿੱਚ ਕਈ ਵਾਹਨਾਂ ਦੇ ਸ਼ੀਸ਼ੇ ਟੁੱਟ ਗਏ। ਜਾਣਕਾਰੀ ਮੁਤਾਬਕ ਪਥਰਾਅ ਦੌਰਾਨ ਗੋਲੀਬਾਰੀ ਦੀ ਆਵਾਜ਼ ਵੀ ਸੁਣਾਈ ਦਿੱਤੀ। ਫਿਲਹਾਲ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।