ਉਦੈਪੁਰ: ਰਾਜਸਥਾਨ ਵਿੱਚ ਕਾਂਗਰਸ ਪਾਰਟੀ ਦਾ ਤਿੰਨ ਰੋਜ਼ਾ ਨਵ ਸੰਕਲਪ ਸ਼ਿਵਿਰ ਐਤਵਾਰ ਨੂੰ ‘ਭਾਰਤ ਜੋੜੋ’ (Last day of Nav sankalp shivir) ਦੇ ਨਾਅਰੇ ਨਾਲ ਸਮਾਪਤ ਹੋਇਆ। ਆਖਰੀ ਦਿਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਆਪਣੇ ਸੰਬੋਧਨ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਸੀਨੀਅਰ ਅਤੇ ਨੌਜਵਾਨਾਂ ਨਾਲ ਮਿਲ ਕੇ ਪਾਰਟੀ ਵਿੱਚ ਨਵੀਂ ਊਰਜਾ ਭਰਨ ਦੀ ਗੱਲ ਕਹੀ। ਇਸ ਸੰਕਲਪ ਕੈਂਪ ਰਾਹੀਂ ਉਨ੍ਹਾਂ ਕਿਹਾ ਕਿ ਪੁਰਾਣੇ ਅਤੇ ਨੌਜਵਾਨ ਆਗੂਆਂ ਨੂੰ ਮਿਲ ਕੇ ਕਾਂਗਰਸ ਦੀ ਲੜਾਈ ਲੜਨੀ ਪਵੇਗੀ।
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪਾਰਟੀ 2 ਅਕਤੂਬਰ ਤੋਂ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਭਾਰਤ ਜੋੜੋ ਯਾਤਰਾ ਕੱਢੇਗੀ। ਜਿਸ ਵਿੱਚ ਨੌਜਵਾਨ ਹੀ ਨਹੀਂ ਸਗੋਂ ਬਜ਼ੁਰਗ ਵੀ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਕਾਂਗਰਸ ਪਾਰਟੀ ਨੇ ਦੇਸ਼ ਭਰ ਵਿੱਚ 15 ਜੂਨ ਤੋਂ ਜ਼ਿਲ੍ਹਾ ਪੱਧਰ 'ਤੇ 'ਜਨ ਜਾਗਰਣ ਅਭਿਆਨ' ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਪਾਰਟੀ ਨੇ ਜੋ ਵੀ ਬਦਲਾਅ ਦੀ ਗੱਲ ਕੀਤੀ ਹੈ, ਉਹ 2024 ਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ 'ਚ ਰੱਖ ਕੇ ਕੀਤੀ ਹੈ। ਐਤਵਾਰ ਨੂੰ ਐਲਾਨੇ ਗਏ ਡਿਕਲੇਰਸ਼ਨ ਦੇ ਨਾਲ-ਨਾਲ ਕੁਝ ਅਜਿਹੇ ਫੈਸਲੇ ਵੀ ਹਨ, ਜਿਨ੍ਹਾਂ 'ਤੇ ਮਤਾ ਨਹੀਂ ਲਿਆ ਗਿਆ ਪਰ ਉਨ੍ਹਾਂ ਨੂੰ ਵੀ ਜਲਦ ਹੀ ਏਜੰਡੇ 'ਚ ਸ਼ਾਮਲ ਕਰ ਲਿਆ ਜਾਵੇਗਾ।
'ਅਸੀਂ ਜਿੱਤਾਂਗੇ, ਜਿੱਤਾਂਗੇ, ਜਿੱਤਾਂਗੇ' ਨਵਾਂ ਸੰਕਲਪ: ਸੋਨੀਆ ਗਾਂਧੀ ਨੇ ਅੱਜ ਪਾਰਟੀ ਵਿੱਚ ਕਾਂਗਰਸ ਵਰਕਿੰਗ ਕਮੇਟੀ ਦੇ ਨਾਲ ਸਲਾਹਕਾਰ ਗਰੁੱਪ ਬਣਾਉਣ ਦਾ ਐਲਾਨ ਕੀਤਾ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਭਾਵੇਂ ਫੈਸਲਾ ਲੈਣ ਦੀ ਸਮਰੱਥਾ ਕਾਂਗਰਸ ਵਰਕਿੰਗ ਕਮੇਟੀ ਕੋਲ ਹੋਵੇਗੀ, ਸਲਾਹਕਾਰ ਗਰੁੱਪ ਕੋਲ ਨਹੀਂ। ਪਰ ਸਲਾਹਕਾਰ ਗਰੁੱਪ ਜੋ ਵੀ ਸਲਾਹ ਦੇਵੇਗਾ ਉਸ 'ਤੇ ਪਾਰਟੀ ਵਿੱਚ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਆਪਣੇ ਭਾਸ਼ਣ ਦੇ ਅੰਤ ਵਿੱਚ ਤਿੰਨ ਵਾਰ ਦੁਹਰਾਇਆ, 'ਅਸੀਂ ਜਿੱਤਾਂਗੇ, ਜਿੱਤਾਂਗੇ, ਜਿੱਤਾਂਗੇ' ਅਤੇ ਇਹ ਸਾਡਾ ਨਵਾਂ ਸੰਕਲਪ ਹੈ।
ਇਹ ਵੀ ਪੜ੍ਹੋ: ਭਾਰਤ ਨੇ ਪਾਕਿਸਤਾਨ 'ਚ ਦੋ ਸਿੱਖਾਂ ਦੇ ਕਤਲ ਮਾਮਲੇ 'ਤੇ ਕੀਤਾ ਸਖ਼ਤ ਵਿਰੋਧ