ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣੇ ਰਹਿਣ ਤੋਂ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ ਹੈ। ਸਿਰਸਾ ਨੂੰ ਗੁਰਦੁਆਰਾ ਚੋਣ ਡਾਇਰੈਕਟਰ ਵੱਲੋਂ ਧਾਰਮਕ ਪ੍ਰੀਖਿਆ ਵਿੱਚ ਫੇਲ ਹੋਣ ਕਾਰਨ ਅਯੋਗ ਕਰਾਰ ਦੇਣ ਦਾ ਫੈਸਲਾ ਲਿਆ ਗਿਆ ਹੈ।
ਡੀਐਸਜੀਐਮਸੀ ਦੇ ਮੈਂਬਰ ਨਹੀਂ ਰਹਿਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਲਈ ਇਹ ਨਮੋਸ਼ੀ ਦੀ ਵੱਡੀ ਗੱਲ ਹੈ। ਸਿਰਸਾ ਡੀਐਸਜੀਐਮਸੀ ਦੀ ਆਮ ਚੋਣ ਹਾਰ ਗਏ ਸੀ। ਇਸ ਉਪਰੰਤ ਕੋ ਆਪਟ ਮੈਂਬਰਾਂ ਲਈ ਚੋਣ ਹੋਈ ਸੀ, ਜਿਸ ਵਿੱਚ ਸਿਰਸਾ ਨੂੰ ਚੁਣ ਲਿਆ ਗਿਆ ਸੀ ਤੇ ਇਸ ਤਰ੍ਹਾਂ ਨਾਲ ਉਨ੍ਹਾਂ ਨੂੰ ਚੋਣ ਹਾਰਨ ਦੇ ਬਾਵਜੂਦ ਵੀ ਡੀਐਸਜੀਐਮਸੀ ਦਾ ਮੈਂਬਰ ਬਣਾਇਆ ਗਿਆ ਸੀ। ਇਸੇ ਦੌਰਾਨ ਉਨ੍ਹਾਂ ਦਾ ਗੁਰਮੁਖੀ ਦਾ ਟੈਸਟ ਲਿਆ ਗਿਆ ਸੀ।
ਸੂਤਰ ਦੱਸਦੇ ਹਨ ਕਿ ਉਨ੍ਹਾਂ ਨੂੰ ਸਿਰਫ 46 ਲਫ਼ਜ ਗੁਰਮੁਖੀ ਵਿੱਚ ਲਿਖਣ ਲਈ ਕਿਹਾ ਗਿਆ ਸੀ। ਇਹ ਲਫ਼ਜ ਵੀ ਉਨ੍ਹਾਂ ਵੱਲੋਂ ਆਪਣੀ ਮਰਜੀ ਨਾਲ ਲਿਖੇ ਜਾਣੇ ਸੀ। ਸਿਰਸਾ ਪ੍ਰੀਖਿਆ ਵਿੱਚ ਬੈਠੇ ਤੇ ਕੁਲ 46 ਵਿੱਚੋਂ ਉਹ 27 ਲਫ਼ਜ ਗਲਤ ਲਿਖ ਗਏ। ਇਸੇ ਪ੍ਰੀਖਿਆ ਵਿੱਚ ਫੇਲ੍ਹ ਹੋਣ ਕਾਰਨ ਉਨ੍ਹਾਂ ਦੀ ਕਿਰਕਿਰੀ ਹੋਈ ਸੀ ਤੇ ਹੁਣ ਉਨ੍ਹਾਂ ਨੂੰ ਮੈਂਬਰ ਬਣੇ ਰਹਿਣ ਤੋਂ ਅਯੋਗ ਕਰਾਰ ਦੇ ਦਿੱਤਾ ਗਿਆ ਹੈ। ਅਜਿਹੇ ਵਿੱਚ ਉਹ ਕੋ-ਆਪਟ ਮੈਂਬਰ ਬਣ ਕੇ ਵੀ ਕਮੇਟੀ ਦਾ ਹਿੱਸਾ ਨਹੀਂ ਬਣ ਸਕਣਗੇ।
ਜਿਕਰਯੋਗ ਹੈ ਕਿ ਮਨਜਿੰਦਰ ਸਿੰਘ ਸਿਰਸਾ ਅਕਾਲੀ ਦਲ ਦੇ ਮੁੱਖ ਉਮੀਦਵਾਰ ਸੀ ਤੇ ਡੀਐਸਜੀਐਮਸੀ ਚੋਣਾਂ ਵਿੱਚ ਹਾਲਾਂਕਿ ਅਕਾਲੀ ਦਲ ਕਮੇਟੀ ‘ਤੇ ਕਾਬਜ ਹੋਣ ਲਈ ਲੋੜੀਂਦੀਆਂ ਸੀਟਾਂ ਹਾਸਲ ਕਰ ਗਿਆ ਸੀ ਪਰ ਉਨ੍ਹਾਂ ਦਾ ਮੁੱਖ ਚਿਹਰਾ ਸਿਰਸਾ ਚੋਣ ਹਾਰ ਗਏ ਸੀ। ਉਨ੍ਹਾਂ ਨੂੰ ਕੋ-ਆਪਟ ਮੈਂਬਰ ਚੁਣ ਕੇ ਕਮੇਟੀ ਵਿੱਚ ਪਾਉਣ ਦੀ ਵੱਡੀ ਕੋਸ਼ਿਸ਼ ਕੀਤੀ ਗਈ ਸੀ। ਅਕਾਲੀ ਦਲ ਦੇ ਵੱਧ ਮੈਂਬਰ ਹੋਣ ਦੇ ਨਾਤੇ ਸਿਰਸਾ ਕੋ-ਆਪਟ ਮੈਂਬਰ ਤਾਂ ਬਣ ਗਏ ਪਰ ਗੁਰਮੁਖੀ ਦੀ ਪ੍ਰੀਖਿਆ ਵਿੱਚ ਪਾਸ ਨਹੀਂ ਹੋ ਸਕੇ, ਜਿਸ ਨਾਲ ਹੁਣ ਉਹ ਕਮੇਟੀ ਦੇ ਮੈਂਬਰ ਨਹੀਂ ਬਣ ਸਕਦੇ।
ਜਿਕਰਯੋਗ ਹੈ ਕਿ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਮਨਜੀਤ ਸਿੰਘ ਜੀਕੇ ਅਕਾਲੀ ਦਲ ਤੋਂ ਵੱਖ ਹੋ ਕੇ ਚੋਣ ਲੜੇ ਸੀ ਤੇ ਸਰਨਾ ਧੜਾ ਵਖਰੇ ਤੌਰ ‘ਤੇ ਚੋਣ ਲੜਿਆ ਸੀ। ਇਸ ਵਿਚਕਾਰ ਅਕਾਲੀ ਦਲ ਜਿਆਦਾ ਸੀਟਾਂ ਲੈ ਗਿਆ ਸੀ ਪਰ ਜਦੋਂ ਕੋ-ਆਪਟ ਮੈਂਬਰ ਦੀ ਚੋਣ ਦੀ ਵਾਰੀ ਆਈ ਤਾਂ ਜੀਕੇ ਤੇ ਸਰਨਾ ਧੜੇ ਇੱਕ ਹੋ ਗਏ ਸੀ।
ਇਹ ਵੀ ਪੜ੍ਹੋ:'ਅਕਾਲੀ ਦਲ ਕਿਸਾਨ ਅੰਦੋਲਨ ਨੂੰ ਕਰਨਾ ਚਾਹੁੰਦੀ ਹੈ ਬਦਨਾਮ'