ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ ਚੋਣਾਂ (Chandigarh Municipal Corporation Election 2021) ਨੂੰ ਲੈ ਕੇ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸ ਵਾਰ ਚੋਣਾਂ ਵਿੱਚ ਮੁਕਾਬਲਾ ਪਿਛਲੀ ਵਾਰ ਦੇ ਮੁਕਾਬਲੇ ਕਾਫੀ ਸਖ਼ਤ ਹੋਣ ਦੀ ਉਮੀਦ ਹੈ। ਕਿਉਂਕਿ ਇਸ ਵਾਰ ਆਮ ਆਦਮੀ ਪਾਰਟੀ ਵੀ ਮੈਦਾਨ ਵਿੱਚ ਉਤਰ ਚੁੱਕੀ ਹੈ। ਇਸ ਦੇ ਨਾਲ ਹੀ ਕਾਂਗਰਸ ਅਤੇ ਭਾਜਪਾ ਪਹਿਲਾਂ ਹੀ ਮੈਦਾਨ ਵਿੱਚ ਹਨ। ਜਦਕਿ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਭਾਜਪਾ ਤੋਂ ਵੱਖ ਹੋ ਕੇ ਬਸਪਾ ਨਾਲ ਮਿਲ ਕੇ ਚੋਣ ਲੜਨ ਜਾ ਰਿਹਾ ਹੈ। ਨਗਰ ਨਿਗਮ ਚੋਣਾਂ ਵਿੱਚ ਅਕਾਲੀ ਦਲ ਦੀ ਰਣਨੀਤੀ ਕੀ ਹੋਵੇਗੀ ਇਸ ਬਾਰੇ ਚੰਡੀਗੜ੍ਹ ਅਕਾਲੀ ਦਲ ਦੇ ਪ੍ਰਧਾਨ ਹਰਦੀਪ ਸਿੰਘ ਨੇ ਸਾਡੇ ਨਾਲ ਖਾਸ ਗੱਲਬਾਤ ਕੀਤੀ।
ਚੰਡੀਗੜ੍ਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਦੀਪ ਸਿੰਘ ਨੇ ਕਿਹਾ ਕਿ ਭਾਜਪਾ ਤੋਂ ਵੱਖ ਹੋ ਕੇ ਚੋਣ ਲੜਨ ਨਾਲ ਉਨ੍ਹਾਂ ਦਾ ਕੋਈ ਨੁਕਸਾਨ ਨਹੀਂ ਸਗੋਂ ਫਾਇਦਾ ਹੋਵੇਗਾ। ਜੇਕਰ ਉਹ ਗਠਜੋੜ ਨਾ ਤੋੜਦੇ ਤਾਂ ਉਨ੍ਹਾਂ ਦੀ ਪਾਰਟੀ ਨੂੰ ਨੁਕਸਾਨ ਹੋ ਸਕਦਾ ਸੀ। ਇਸ ਤੋਂ ਇਲਾਵਾ ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿੱਚ ਅਕਾਲੀ ਦਲ ਅਤੇ ਬਸਪਾ ਦਾ ਗਠਜੋੜ ਹੋ ਗਿਆ ਹੈ। ਦੋਵੇਂ ਪਾਰਟੀਆਂ ਮਿਲ ਕੇ ਚੋਣਾਂ ਲੜਨਗੀਆਂ ਅਤੇ ਬਸਪਾ ਦਾ ਵੋਟ ਬੈਂਕ ਵੀ ਅਕਾਲੀ ਦਲ ਦੇ ਨਾਲ ਹੀ ਆਵੇਗਾ।
ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇੇਨਜ਼ਰ WHO ਨੇ ਦਿੱਤੀ ਸਖ਼ਤ ਚੇਤਾਵਨੀ
ਖੇਤੀ ਕਾਨੂੰਨਾਂ ਬਾਰੇ ਹਰਦੀਪ ਸਿੰਘ ਨੇ ਕਿਹਾ ਕਿ ਅਕਾਲੀ ਦਲ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਭਾਜਪਾ ਨਾਲੋਂ ਨਾਤਾ ਤੋੜਿਆ ਸੀ। ਉਹ ਪਹਿਲੇ ਦਿਨ ਤੋਂ ਭਾਜਪਾ ਨੂੰ ਕਹਿ ਰਹੇ ਸਨ ਕਿ ਖੇਤੀ ਕਾਨੂੰਨ ਵਾਪਸ ਲਏ ਜਾਣ, ਪਰ ਭਾਜਪਾ ਨਹੀਂ ਮੰਨੀ। ਇਸ ਲਈ ਅਸੀਂ ਭਾਜਪਾ ਨਾਲ ਗਠਜੋੜ ਤੋੜ ਦਿੱਤਾ। ਹਰਦੀਪ ਸਿੰਘ ਨੇ ਕਿਹਾ ਕਿ ਅਸੀਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਫੈਸਲੇ ਨੂੰ ਫਾਇਦੇ ਜਾਂ ਨੁਕਸਾਨ ਵਜੋਂ ਨਹੀਂ ਦੇਖਦੇ। ਕਿਉਂਕਿ ਇਹ ਕਿਸਾਨਾਂ ਦਾ ਮੁੱਦਾ ਸੀ ਅਤੇ ਸਾਡੀ ਪਾਰਟੀ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹੀ ਹੈ। ਇਸ ਵਿੱਚ ਸਾਡੀ ਪਾਰਟੀ ਫਾਇਦੇ ਜਾਂ ਨੁਕਸਾਨ ਬਾਰੇ ਨਹੀਂ ਸੋਚਦੀ। ਸਾਡੀ ਪਾਰਟੀ ਉਹੀ ਮੰਗ ਉਠਾਏਗੀ ਜਿਸ ਵਿੱਚ ਕਿਸਾਨਾਂ ਨੂੰ ਫਾਇਦਾ ਹੋਵੇਗਾ।
ਉਨ੍ਹਾਂ ਆਮ ਆਦਮੀ ਪਾਰਟੀ ਬਾਰੇ ਗੱਲ ਕਰਦਿਆਂ ਕਿਹਾ ਕਿ ਕੇਜਰੀਵਾਲ ਝੂਠਾ ਆਗੂ ਹੈ। ਕੇਜਰੀਵਾਲ ਪ੍ਰਦੂਸ਼ਣ, ਖੇਤੀ ਕਾਨੂੰਨਾਂ ਅਤੇ ਪਾਣੀਆਂ ਦੇ ਮੁੱਦੇ 'ਤੇ ਦਿੱਲੀ ਵਿੱਚ ਕੋਈ ਹੋਰ ਬਿਆਨ ਦਿੰਦਾ ਹੈ ਅਤੇ ਪੰਜਾਬ ਆ ਕੇ ਉਹ ਬਿਆਨ ਨੂੰ ਬਦਲ ਦਿੰਦਾ ਹੈ। ਉਹ ਹਮੇਸ਼ਾ ਝੂਠ ਬੋਲਦਾ ਹੈ। ਉਨ੍ਹਾਂ 'ਤੇ ਵਿਸ਼ਵਾਸ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਲੋਕਾਂ ਨੂੰ ਹਰ ਸਹੂਲਤ ਮੁਫਤ ਦੇਣ ਦੀ ਗੱਲ ਕਰਦੀ ਹੈ ਪਰ ਚੰਡੀਗੜ੍ਹ ਵਿੱਚ ਇਹ ਚਾਲ ਨਹੀਂ ਚੱਲੇਗੀ। ਕਿਉਂਕਿ ਚੰਡੀਗੜ੍ਹ ਦੇ ਲੋਕ ਮੁਫ਼ਤ ਵਿੱਚ ਕੋਈ ਸਹੂਲਤ ਨਹੀਂ ਚਾਹੁੰਦੇ। ਉਹ ਹਰ ਸਹੂਲਤ ਸਭ ਤੋਂ ਵਧੀਆ ਤਰੀਕੇ ਨਾਲ ਚਾਹੁੰਦੇ ਹਨ। ਚੰਡੀਗੜ੍ਹ ਦੇ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਹਰ ਚੰਗੀ ਸਹੂਲਤ ਮਿਲੇ।
ਇਹ ਵੀ ਪੜ੍ਹੋ : ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਤੇਲ ਦੀਆਂ ਵੱਧਦੀਆਂ ਕੀਮਤਾਂ ਨੂੰ ਮੋਦੀ ਦੀ ਦਾੜ੍ਹੀ ਨਾਲ ਜੋੜਿਆ
ਹਰਦੀਪ ਸਿੰਘ ਨੇ ਕਿਹਾ ਕਿ ਭਾਜਪਾ ਚੰਡੀਗੜ੍ਹ ਵਿੱਚ ਵੀ ਫੇਲ੍ਹ ਰਹੀ ਹੈ। ਕਿਉਂਕਿ ਭਾਜਪਾ ਦੇ ਰਾਜ ਵਿੱਚ ਚੰਡੀਗੜ੍ਹ ਸਫ਼ਾਈ ਦੇ ਮਾਮਲੇ ਵਿੱਚ ਲਗਾਤਾਰ ਪਛੜਦਾ ਜਾ ਰਿਹਾ ਹੈ। ਹੁਣ ਸਥਿਤੀ ਹੋਰ ਵੀ ਬਦਤਰ ਹੋ ਗਈ ਹੈ। ਬੀਜੇਪੀ ਇੱਥੋਂ ਤੱਕ ਡੰਪਿੰਗ ਗਰਾਊਂਡ ਵੀ ਨਹੀਂ ਹਟਾ ਸਕੀ ਪਰ ਜੇਕਰ ਇਸ ਵਾਰ ਮੌਕਾ ਮਿਲਿਆ ਤਾਂ ਅਸੀਂ ਚੰਡੀਗੜ੍ਹ ਨੂੰ ਸਫ਼ਾਈ ਦੇ ਮਾਮਲੇ ਵਿੱਚ ਫਿਰ ਤੋਂ ਪਹਿਲਾ ਸਥਾਨ ਦਵਾਵਾਂਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ 24 ਘੰਟੇ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ ਅਤੇ ਚੰਡੀਗੜ੍ਹ ਤੋਂ ਡੰਪਿੰਗ ਗਰਾਊਂਡ ਵੀ ਹਟਾਇਆ ਜਾਵੇਗਾ। ਇਸ ਤੋਂ ਇਲਾਵਾ ਹੋਰ ਵੀ ਕਈ ਸਮੱਸਿਆਵਾਂ ਹਨ ਜਿਨ੍ਹਾਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇਗਾ।
ਦੱਸ ਦੇਈਏ ਕਿ ਚੰਡੀਗੜ੍ਹ ਨਗਰ ਨਿਗਮ ਦੀ ਚੋਣ 24 ਦਸੰਬਰ ਨੂੰ ਹੋਣੀ ਹੈ। ਇਸ ਦੇ ਲਈ ਚੋਣ ਕਮਿਸ਼ਨ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਨੋਟੀਫਿਕੇਸ਼ਨ ਅਨੁਸਾਰ, ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ 27 ਤੋਂ ਸ਼ੁਰੂ ਹੋ ਕੇ 4 ਦਸੰਬਰ ਤੱਕ ਹੋਣਗੀਆਂ। 9 ਦਸੰਬਰ ਨੂੰ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ। ਵੋਟਾਂ 24 ਦਸੰਬਰ ਨੂੰ ਸਵੇਰੇ 7:30 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ। ਚੋਣਾਂ ਤੋਂ 72 ਘੰਟੇ ਪਹਿਲਾਂ ਪ੍ਰਚਾਰ ਬੰਦ ਹੋ ਜਾਵੇਗਾ। ਨਗਰ ਨਿਗਮ ਲਈ ਵੋਟਾਂ ਦੀ ਗਿਣਤੀ 27 ਦਸੰਬਰ ਨੂੰ ਹੋਵੇਗੀ। ਨਗਰ ਨਿਗਮ ਚੋਣਾਂ ਵਿੱਚ ਇਸ ਵਾਰ ਕੁੱਲ ਵੋਟਰ 6 ਲੱਖ 30 ਹਜ਼ਾਰ ਤੋਂ ਵੱਧ ਹਨ। ਜਿਸ ਵਿੱਚ 3 ਲੱਖ 30 ਹਜ਼ਾਰ ਤੋਂ ਵੱਧ ਪੁਰਸ਼ ਵੋਟਰ ਅਤੇ 2 ਲੱਖ 99 ਹਜ਼ਾਰ ਤੋਂ ਵੱਧ ਮਹਿਲਾ ਵੋਟਰ ਹਨ। ਇਸ ਤੋਂ ਇਲਾਵਾ ਤੀਜੇ ਲਿੰਗ ਦੇ ਵੋਟਰ 17 ਹਨ।
ਇਹ ਵੀ ਪੜ੍ਹੋ : ਰੇਤ ਬਜਰੀ ਨੂੰ ਲੈਕੇ ਸਰਕਾਰ ਦੇ ਐਲਾਨਾਂ ਦੀ ਨਿਕਲੀ ਫੂਕ