ਚੰਡੀਗੜ੍ਹ: ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਤੇ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਪੰਜਾਬ ਪੁਲਿਸ, ਇੰਟੈਲੀਜੈਂਸ ਟੀਮਾਂ ਤੇ ਹੋਰ ਸੂਬਿਆਂ ਦੀਆਂ ਪੁਲਿਸ ਟੀਮਾਂ ਵੀ ਅਲਰਟ ਹਨ। ਹੁਣ ਇੱਕ ਵਾਰ ਫਿਰ, ਅੰਮ੍ਰਿਤਪਾਲ ਨੂੰ ਲੈ ਕੇ ਕੇਂਦਰੀ ਏਜੰਸੀਆਂ ਤੋਂ ਸੂਚਨਾ ਮਿਲੀ ਹੈ, ਜਿਸ ਤੋਂ ਬਾਅਦ ਰਾਜਸਥਾਨ ਦੇ ਡੀਜੀਪੀ ਉਮੇਸ਼ ਮਿਸ਼ਰਾ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਹਾਲਾਂਕਿ, ਸੂਚਨਾ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾ ਰਿਹਾ ਹੈ।
ਰਾਜਸਥਾਨ 'ਚ ਚਲਾਇਆ ਜਾ ਰਿਹਾ ਗੁਪਤ ਸਰਚ ਆਪ੍ਰੇਸ਼ਨ: ਹਨੂੰਮਾਨਗੜ੍ਹ ਅਤੇ ਸ਼੍ਰੀਗੰਗਾਨਗਰ ਜ਼ਿਲ੍ਹੇ 'ਚ ਸਰਚ ਆਪਰੇਸ਼ਨ ਚੱਲ ਰਿਹਾ ਹੈ, ਪੂਰੇ ਆਪਰੇਸ਼ਨ ਨੂੰ ਗੁਪਤ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ। ਪੁਲਿਸ ਅਤੇ ਹੋਰ ਏਜੰਸੀਆਂ ਨੂੰ ਵੀ ਕੁਝ ਅਹਿਮ ਸੂਚਨਾ ਮਿਲੀ ਹੈ, ਪਰ ਡੀਜੀਪੀ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਸਰਚ ਆਪ੍ਰੇਸ਼ਨ ਪੂਰਾ ਨਹੀਂ ਹੋ ਜਾਂਦਾ, ਉਦੋਂ ਤੱਕ ਇਸ ਨੂੰ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰਾ ਆਪ੍ਰੇਸ਼ਨ ਕੁਝ ਹੱਦ ਤੱਕ ਸਫਲ ਰਿਹਾ ਹੈ।
ਅੰਮ੍ਰਿਤਪਾਲ ਨੂੰ ਪਨਾਹ ਦੇਣ ਵਾਲੇ 2 ਭਰਾ ਗ੍ਰਿਫਤਾਰ: ਉੱਥੇ ਹੀ ਪੰਜਾਬ ਪੁਲਿਸ ਨੇ ਹੁਸ਼ਿਆਰਪੁਰ 'ਚ ਅੰਮ੍ਰਿਤਪਾਲ ਸਿੰਘ ਦੀ ਮਦਦ ਕਰਨ ਵਾਲੇ ਦੋ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ਭਰਾ ਰਾਜਪੁਰਾ ਭੈਣੀਆਂ ਦੇ ਰਹਿਣ ਵਾਲੇ ਹਨ, ਜਿਨ੍ਹਾਂ ਦੀ ਪਛਾਣ ਹਰਦੀਪ ਸਿੰਘ ਅਤੇ ਕੁਲਦੀਪ ਸਿੰਘ ਵਜੋਂ ਹੋਈ ਹੈ। ਇਨ੍ਹਾਂ ਦੋਵਾਂ ਭਰਾਵਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਰਹਿਣ ਲਈ ਜਗ੍ਹਾ ਦਿਵਾਉਣ ਵਿਚ ਮਦਦ ਕੀਤੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ 18 ਮਾਰਚ ਤੋਂ ਫਰਾਰ ਸੀ, ਪਪਲਪ੍ਰੀਤ ਸਿੰਘ ਹੀ ਉਹ ਵਿਅਕਤੀ ਸੀ, ਜੋ ਅੰਮ੍ਰਿਤਪਾਲ ਨੂੰ ਛੁਪਾਉਣ ਅਤੇ ਭੱਜਣ ਵਿਚ ਮਦਦ ਕਰ ਰਿਹਾ ਸੀ। ਅੰਮ੍ਰਿਤਪਾਲ ਜਿੱਥੇ ਵੀ ਜਾਂਦਾ, ਉਹ ਪਪਲਪ੍ਰੀਤ ਸਿੰਘ ਦੇ ਨੇੜੇ ਹੁੰਦਾ ਸੀ। ਪਪਲਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਤੋਂ ਹੀ ਪੁਲਿਸ ਅੰਮ੍ਰਿਤਪਾਲ ਸਿੰਘ 'ਤੇ ਦਬਾਅ ਵਧਾ ਰਹੀ ਹੈ।
ਬਟਾਲਾ ਤੇ ਅੰਮ੍ਰਿਤਸਾਰ ਰੇਲਵੇ ਸਟੇਸ਼ਨ 'ਤੇ ਅੰਮ੍ਰਿਤਪਾਲ ਦੇ ਪੋਸਟਰ: ਬਟਾਲਾ ਤੋਂ ਬਾਅਦ ਹੁਣ ਅਟਾਰੀ ਬਾਰਡਰ ਤੇ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਵੀ ਅੰਮ੍ਰਿਤਪਾਲ ਸਿੰਘ ਦੇ ਪੋਸਟਰ ਲਾਏ ਗਏ ਹਨ। ਇਹ ਪਾਕਿਸਤਾਨ ਜਾਣ ਲਈ ਇਮੀਗ੍ਰੇਸ਼ਨ ਕੇਂਦਰ ਦੇ ਬਾਹਰ ਅਤੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਹਰ ਐਂਟਰੀ ਗੇਟ ਅਤੇ ਪਲੇਟਫਾਰਮ 'ਤੇ ਲਗਾਏ ਗਏ ਹਨ। ਜਿਸ 'ਤੇ ਸੂਚਨਾ ਦੇਣ ਵਾਲੇ ਨੂੰ ਯੋਗ ਇਨਾਮ ਦੇਣ ਦੀ ਗੱਲ ਕਹੀ ਗਈ ਹੈ। ਇੰਨਾ ਹੀ ਨਹੀਂ, ਪੁਲਿਸ ਵੱਲੋਂ ਦੋ ਫ਼ੋਨ ਨੰਬਰ 9872575156 ਅਤੇ 8288075637 ਜਾਰੀ ਕੀਤੇ ਗਏ ਹਨ ਜਿਸ 'ਤੇ ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਣ ਦਾ ਭਰੋਸਾ ਵੀ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੱਡੀ ਗਿਣਤੀ 'ਚ ਪੁਲਿਸ ਬਲ ਤੈਨਾਤ, ਵਿਸਾਖੀ ਨੂੰ ਲੈ ਕੇ ਜਥੇਦਾਰ ਦਾ ਕੌਮ ਨੂੰ ਸੰਦੇਸ਼