ਨਵੀਂ ਦਿੱਲੀ: ਸਾਉਣ ਮਹੀਨੇ ਦੀ 25 ਜੁਲਾਈ 2021 ਤੋਂ ਸ਼ੁਰੂਆਤ ਹੋ ਰਹੀ ਹੈ। ਹਿੰਦੂ ਧਰਮ ’ਚ ਸੋਮਵਾਰ ਦੀ ਕਾਫੀ ਮਹੱਤਤਾ ਹੁੰਦੀ ਹੈ। ਇਸ ਦਿਨ ਕਈ ਲੋਕ ਵਰਤ ਵੀ ਰੱਖਦੇ ਹਨ। ਇਸ ਵਾਰ ਚਾਰ ਸੋਮਵਾਰ ਦੋ ਕ੍ਰਿਸ਼ਨ ਪਕਸ਼ ’ਚ ਅਤੇ ਦੋ ਸ਼ੁਕਲ ਪਕਸ਼ ’ਚ ਆ ਰਹੇ ਹਨ। ਭਗਵਾਨ ਸ਼ਿਵ ਦੀ ਕ੍ਰਿਪਾ ਪਾਉਣ ਦੇ ਲਈ ਉਂਝ ਤਾਂ ਸਾਲ ਦੇ ਸੋਮਵਾਰ ਵਿਸ਼ੇਸ਼ ਮਹੱਵਤ ਰਖਦੇ ਹਨ ਪਰ ਸਾਉਣ ਮਹੀਨੇ ਚ ਆਉਣ ਵਾਲੇ ਸੋਮਵਾਰ ਦੀ ਮਹਿਮਾ ਨਿਰਾਲੀ ਹੈ। ਦੱਸ ਦਈਏ ਕਿ ਇਨ੍ਹਾਂ ਦਿਨੀਂ ਪੂਰੇ ਵਿਧੀ ਵਿਧਾਨ ਨਾਲ ਪੂਜਾ ਕਰਨ ਨਾਲ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
25 ਜੁਲਾਈ ਨੂੰ ਪਹਿਲਾ ਸੋਮਵਾਰ
ਸਾਉਣ ਦਾ ਪਹਿਲਾ ਸੋਮਵਾਰ 25 ਜੁਲਾਈ ਨੂੰ ਹੈ। ਪਹਿਲੇ ਸੋਮਵਾਰ ਨੂੰ ਰੋਗ ਮੁਕਤ ਅਤੇ ਸੰਕਟਾਂ ਦੇ ਨਾਸ਼ ਦੇ ਉਪਾਅ ਕਰਨੇ ਚਾਹੀਦੇ ਹਨ। ਇਸ ਦਿਨ ਭਗਵਾਨ ਸ਼ਿਵ ਦਾ ਅਭਿਸ਼ੇਕ ਸ਼ਹਿਦ ਨਾਲ ਕਰਨਾ ਚਾਹੀਦਾ ਹੈ। ਨਾਲ ਹੀ ਸ਼ਿਵ ਮਹਿਮਨ ਸਤੋਤ੍ਰ ਦਾ ਜਾਪ ਜਾਂ ਫਿਰ ਮਹਾਂਮ੍ਰਿਤੀਉਂਜਯ ਮੰਤਰ ਦੀ 10008 ਵਾਰ ਜਾਪ ਕਰਦੇ ਹੋਏ ਵੀ ਸ਼ਹਿਦ ਨਾਲ ਅਭਿਸ਼ੇਕ ਕਰ ਸਕਦੇ ਹਨ।
2 ਅਗਸਤ ਨੂੰ ਦੂਜਾ ਸੋਮਵਾਰ
ਸਾਉਣ ਦਾ ਦੂਜਾ ਸੋਮਵਾਰ 2 ਅਗਸਤ ਨੂੰ ਹੋਵੇਗਾ। ਇਸ ਦਿਨ ਧਨ ਦੀ ਪ੍ਰਾਪਤੀ ਦੇ ਲਈ ਭਗਵਾਨ ਸ਼ਿਵ ਦੀ ਅਰਾਧਨਾ ਕੀਤੀ ਜਾਂਦੀ ਹੈ। ਇਸ ਦਿਨ ਭਗਵਾਨ ਸ਼ਿਵ ਦਾ ਅਭਿਸ਼ੇਕ ਗੰਨੇ ਦੇ ਰਸ ਜਾਂ ਕੇਸਰ ਮਿਲੇ ਹੋਏ ਗਾਂ ਦੇ ਦੁੱਧ ਦੇ ਨਾਲ ਕਰਨ ਨਾਲ ਆਰਥਿਕ ਸੰਕਟਾਂ ਦਾ ਸਮਾਧਾਨ ਹੁੰਦਾ ਹੈ। ਇਸ ਦਿਨ ਪੂਰੇ ਸ਼ਿਵ ਪਰਿਵਾਰ ਦੀ ਪੂਜਾ ਅਰਚਨਾ ਕਰਨੀ ਚਾਹੀਦੀ ਹੈ।
9 ਅਗਸਤ ਨੂੰ ਤੀਜਾ ਸੋਮਵਾਰ
ਸ਼ਰਵਣ ਮਹੀਨੇ ਦੇ ਤੀਜੇ ਸੋਮਵਾਰ ਨੂੰ ਭਗਵਾਨ ਸ਼ਿਵ ਦਾ ਅਭਿਸ਼ੇਕ ਪੰਚਾਮ੍ਰਿਤ ਨਾਲ ਅਭਿਸ਼ੇਕ ਕਰਨ ਨਾਲ ਵਿਸ਼ੇਸ਼ ਲਾਭ ਮਿਲਦਾ ਹੈ। ਅਭਿਸ਼ੇਕ ਤੋਂ ਬਾਅਦ ਬਿਲਵ ਪੱਤਰ, ਧਤੂਰਾ, ਬੇਲ ਆਕ ਦੇ ਫੁੱਲ ਸ਼ਿਵ ਜੀ ਨੂੰ ਜਰੂਰ ਅਰਪਿਤ ਕਰੋ। ਨਾਲ ਹੀ ਅਭਿਸ਼ੇਕ ਕਰਦੇ ਹੋਏ ਓਮ ਨਮਃ ਸ਼ਿਵਾਯ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ।
16 ਅਗਸਤ ਨੂੰ ਚੌਥਾ ਸੋਮਵਾਰ
16 ਅਗਸਤ ਨੂੰ ਸਾਉਣ ਮਹੀਨੇ ਦਾ ਆਖਿਰਲਾ ਸੋਮਵਾਰ ਹੋਵੇਗਾ। ਇਸ ਦਿਨ ਸ਼ਿਵਲਿੰਗ ਦਾ ਅਭਿਸ਼ੇਕ ਕੇਸਰ ਦੇ ਦੁੱਧ ਨਾਲ ਕਰਨ ਨਾਲ ਵਿਆਹੁਤਾ ਜੀਵਨ ਚ ਆ ਰਹੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਜਿਨ੍ਹਾਂ ਮੁੰਡੇ ਕੁੜੀਆਂ ਦਾ ਵਿਆਹ ਨਹੀਂ ਹੋ ਪਾ ਰਿਹਾ ਹੁੰਦਾ ਹੈ ਜਾਂ ਆਪਣੇ ਮਨਚਾਹੇ ਸਾਥੀ ਨਾਲ ਵਿਆਹ ਕਰਨਾ ਚਾਹੁੰਦੇ ਹਨ ਤਾਂ ਉਹ ਜਰੂਰ ਸ਼ਿਵਲਿੰਗ ਦਾ ਅਭਿਸ਼ੇਕ ਕਰਨ।
ਵਰਤ ਦੇ ਲਾਭ
- ਆਰਥਿਕ ਸੰਕਟਾਂ ਦਾ ਨਾਸ਼ ਹੁੰਦਾ ਹੈ।
- ਜੀਵਨ ਚ ਆਉਣ ਵਾਲੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ।
- ਲੰਬੇ ਸਮੇਂ ਤੋਂ ਰੁਕੇ ਹੋਏ ਕੰਮ ਵੀ ਹੋਣ ਲੱਗਦੇ ਹਨ।
- ਕੁਆਰੇ ਮੰਡੇ ਕੁੜੀਆਂ ਜੇਕਰ ਸੋਮਵਾਰ ਦੇ ਵਰਤ ਰੱਖਦੇ ਹਨ ਤਾਂ ਉਨ੍ਹਾਂ ਨੂੰ ਜੀਵਨਸਾਥੀ ਦੀ ਪ੍ਰਾਪਤੀ ਹੁੰਦੀ ਹੈ।
ਇਹ ਵੀ ਪੜੋ: ਜਗਨਨਾਥ ਯਾਤਰਾ 2021: " ਨੀਲਾਦ੍ਰੀ ਵਿਜੇ"
ਸੋਮਵਾਰ ਵਰਤ ਦੇ ਨਿਯਮ
- ਜੋ ਵੀ ਮਨੁੱਖ ਇਸ ਦਿਨ ਵਰਤ ਰਖਦਾ ਹੈ ਉਸਨੂੰ ਆਪਣੀ ਇੰਦਰੀਆਂ ’ਤੇ ਕੰਟਰੋਲ ਰੱਖਣਾ ਚਾਹੀਦਾ ਹੈ। ਕਿਸੇ ਨੂੰ ਵੀ ਮਾੜਾ ਨਹੀਂ ਬੋਲਣਾ ਚਾਹੀਦਾ ਅਤੇ ਨਾ ਹੀ ਕਿਸੇ ਦਾ ਅਪਮਾਨ ਕਰਨਾ ਚਾਹੀਦਾ ਹੈ।
- ਪੂਰੇ ਦਿਨ ਭਗਵਾਨ ਸ਼ਿਵ ’ਚ ਧਿਆਨ ਲਗਾਏ ਰੱਖੋ।
- ਇਸ ਦਿਨ ਦਾਨ ਧਰਮ ਦਾ ਵੀ ਵਿਸ਼ੇਸ਼ ਮਹੱਤਵ ਹੁੰਦਾ ਹੈ। ਸ਼ਰਧਾ ਮੁਤਾਬਿਕ ਗਰੀਬਾਂ ਨੂੰ ਫਲਾਂ ਦਾ ਦਾਨ ਕਰੋਂ।