ਨਵੀਂ ਦਿੱਲੀ: ਅੱਜ ਬੁੱਧਵਾਰ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਅਗਲੀ ਬੈਠਕ ਹੋਵੇਗੀ, ਜਿਸ ਵਿੱਚ ਹਰਿਆਣਾ ਵਿਧਾਨ ਸਭਾ ਵਿੱਚ ਪੇਸ਼ ਕੀਤੇ ਜਾਣ ਵਾਲੇ ਬੇਭਰੋਸਗੀ ਮਤੇ ਨੂੰ ਲੈ ਕੇ ਪੈਦਾ ਹੋਣ ਵਾਲੇ ਹਾਲਾਤ ’ਤੇ ਚਰਚਾ ਹੋਵੇਗੀ। ਕੌਮਾਂਤਰੀ ਮਹਿਲਾ ਦਿਵਸ ਦੌਰਾਨ ਹਰਿਆਣਾ ਸਮੇਤ ਹੋਰ ਰਾਜਾਂ ਤੋਂ ਵੀ ਪੰਜਾਬ ਜਿੰਨਾ ਹੁੰਗਾਰਾ ਮਿਲਣ ਕਾਰਨ ਅੰਦੋਲਨ ਦੀ ਭਵਿੱਖ ਦੀ ਰਣਨੀਤੀ ਵੀ ਤੈਅ ਕੀਤੀ ਜਾਵੇਗੀ।
ਮੋਰਚੇ ਦੇ ਆਗੂ ਜਗਮੋਹਨ ਸਿੰਘ ਨੇ ਸਿੰਘੂ ਬਾਰਡਰ ’ਤੇ ਹੋਣ ਵਾਲੀ ਇਸ ਮੀਟਿੰਗ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਸੁਰਜੀਤ ਸਿੰਘ ਫੂਲ ਨੇ ਪਹਿਲਾਂ 11 ਮਾਰਚ ਨੂੰ ਬੈਠਕ ਕੀਤੇ ਜਾਣ ਬਾਰੇ ਆਨਲਾਈਨ ਦੱਸ ਦਿੱਤਾ ਸੀ। ਫੂਲ ਮੁਤਾਬਕ ਅੰਦੋਲਨ ਨੂੰ ਤੇਜ਼ ਕਰਨ, ਸੰਸਦ ਵੱਲ ਕੂਚ ਕਰਨ, ਕੇਐੱਮਪੀ ਜਾਮ ਕਰਨ ਵਰਗੇ ਐਲਾਨ ਵੀ ਕੀਤੇ ਜਾ ਸਕਦੇ ਹਨ। ਕਿਸਾਨ ਆਗੂ ਚਾਹੁੰਦੇ ਹਨ ਕਿ ਸਰਕਾਰ ਗੱਲਬਾਤ ਸ਼ੁਰੂ ਕਰੇ, ਜਿਸ ਲਈ ਦਬਾਅ ਦੀ ਰਣਨੀਤੀ ਅਹਿਮ ਹੈ।
ਇਸ ਦੌਰਾਨ ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਸਰਕਾਰ ਨਾਲ ਗੱਲਬਾਤ ਲਈ ਨੌਂ ਮੈਂਬਰੀ ਕਮੇਟੀ ਬਣਾਏ ਜਾਣ ਵਾਲਈਆਂ ਖ਼ਬਰਾਂ ਨੂੰ ਗ਼ਲਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖ਼ਬਰਾਂ ਸਰਾਸਰ ਗ਼ਲਤ ਹਨ ਤੇ ਅਜਿਹੀ ਕੋਈ ਕਮੇਟੀ ਨਹੀਂ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦਾ ਇੱਕ ਵਫ਼ਦ ਜਲਦੀ ਹੀ ਪੱਛਮੀ ਬੰਗਾਲ ਅਤੇ ਅਸਾਮ ਜਾ ਕੇ ਵੋਟਰਾਂ ਨੂੰ ਭਾਜਪਾ ਖ਼ਿਲਾਫ਼ ਭੁਗਤਣ ਦੀ ਅਪੀਲ ਕਰੇਗਾ।