ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਮੁੱਖ ਆਗੂਆਂ ਦੀ ਇੱਕ ਅਹਿਮ ਬੈਠਕ ਪਾਰਟੀ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਹੋਈ। ਮੀਟਿੰਗ ਦੇ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਪਾਰਟੀ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਸ: ਨਿਧੜਕ ਸਿੰਘ ਬਰਾੜ ਨੇ ਦੱਸਿਆ ਕਿ ਮੀਟਿੰਗ ਵਿੱਚ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਰੂਪ-ਰੇਖਾ ਉਲੀਕਣ ਸਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ ਗਈ ਅਤੇ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸਿ਼ਪ ਨੇ ਸਰਬਸੰਮਤੀ ਨਾਲ ਪਾਰਟੀ ਦੇ ਅਹਿਮ ਫੈਸਲਿਆਂ ਸਬੰਧੀ ਸਾਰੇ ਫੈਸਲੇ ਲੈਣ ਦੇ ਅਧਿਕਾਰ ਪਾਰਟੀ ਦੇ ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ ਨੂੰ ਸੌਂਪ ਦਿੱਤੇ ਹਨ (SAD Sanyukt authorized Dhidsa to take decision)। ਸ: ਨਿਧੜਕ ਸਿੰਘ ਬਰਾੜ ਨੇ ਦੱਸਿਆ ਸ: ਸੁਖਦੇਵ ਸਿੰਘ ਢੀਂਡਸਾ ਵੱਲੋਂ ਆਉਣ ਵਾਲੇ ਕੁੱਝ ਦਿਨਾਂ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਪਾਰਟੀ ਦੀ ਅਗਲੀ ਰਣਨੀਤੀ ਬਾਰੇ ਐਲਾਨ ਕੀਤਾ ਜਾਵੇਗਾ।
ਮੀਟਿੰਗ ਵਿੱਚ ਜਥੇਦਾਰ ਰਣਜੀਤ ਸਿੰਘ ਤਲਵੰਡੀ, ਸ: ਪਰਮਿੰਦਰ ਸਿੰਘ ਢੀਂਡਸਾ, ਜਸਟਿਸ ਨਿਰਮਲ ਸਿੰਘ (ਸੇਵਾਮੁਕਤ), ਬੀਬੀ ਪਰਮਜੀਤ ਕੌਰ ਗੁਲਸ਼ਨ, ਸ: ਜਗਦੀਸ਼ ਸਿੰਘ ਗਰਚਾ, ਸ: ਸੁਖਵਿੰਦਰ ਸਿੰਘ ਔਲਖ, ਸ: ਉਜਾਗਰ ਸਿੰਘ ਬਡਾਲੀ, ਸ: ਦੇਸਰਾਜ ਸਿੰਘ ਧੁੱਗਾ, ਸ: ਸੁਖਵੰਤ ਸਿੰਘ ਸਰਾਓ, ਸ: ਕਰਨੈਲ ਸਿੰਘ ਪੀਰਮੁਹੰਮਦ, ਸ: ਰਵਿੰਦਰ ਸਿੰਘ ਬ੍ਰਹਮਪੁਰਾ, ਸ: ਤੇਜਿੰਦਰਪਾਲ ਸਿੰਘ ਸੰਧੂ, ਸ: ਗੁਰਚਰਨ ਸਿੰਘ ਚੰਨੀ, ਸ: ਮਨਜੀਤ ਸਿੰਘ ਦਸੂਹਾ, ਸ: ਰਣਧੀਰ ਸਿੰਘ ਰੱਖੜਾ, ਬੀਬੀ ਹਰਜੀਤ ਕੌਰ ਤਲਵੰਡੀ, ਐਡਵੋਕੇਟ ਛਿੰਦਰਪਾਲ ਸਿੰਘ ਬਰਾੜ, ਸ: ਦਵਿੰਦਰ ਸਿੰਘ ਸੋਢੀ, ਸ: ਮਨਿੰਦਰਪਾਲ ਸਿੰਘ ਬਰਾੜ, ਸ: ਮਨਪ੍ਰੀਤ ਸਿੰਘ ਤਲਵੰਡੀ, ਸ: ਸਤਵਿੰਦਰਪਾਲ ਸਿੰਘ ਢੱਟ, ਸ: ਗੁਰਿੰਦਰ ਸਿੰਘ ਬਾਜਵਾ ਅਤੇ ਸ਼੍ਰੀ ਰਿਸ਼ੀਪਾਲ ਗੁਲਾੜੀ ਮੌਜੂਦ ਸਨ।
ਜਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਪਿਛਲੇ ਕਈ ਮਹੀਨਿਆਂ ਤੋਂ ਚੋਣਾਂ ਬਾਰੇ ਆਪਣੇ ਫੈਸਲੇ ’ਤੇ ਚੁੱਪੀ ਧਾਰੀ ਬੈਠਿਆ ਹੈ ਤੇ ਇਸ ਦੀਆਂ ਸਰਗਰਮੀਆਂ ਵੀ ਘੱਟ ਹੀ ਰਹੀਆਂ ਹਨ। ਹਾਲਾਂਕਿ ਮੀਟਿਂਗਾਂ ਤੇ ਕੁਝ ਕੁ ਧਰਨੇ ਮੁਜਾਹਰਿਆਂ ਵਿੱਚ ਸਰਗਰਮੀਆਂ ਜਾਰੀ ਰੱਖੀਆਂ ਗਈਆਂ ਤੇ ਹੁਣ ਜਦੋਂ ਚੋਣਾਂ ਨੂੰ ਥੋੜ੍ਹਾ ਸਮਾਂ ਰਹਿ ਗਿਆ ਹੈ ਤਾਂ ਪਾਰਟੀ ਨੇ ਸਾਰੇ ਫੈਸਲਿਆਂ ਦਾ ਅਧਿਕਾਰ ਸ. ਢੀਂਡਸਾ ਨੂੰ ਸੌਂਪ ਦਿੱਤਾ ਹੈ। ਜਿਕਰਯੋਗ ਹੈ ਕਿ ਸੋਮਵਾਰ ਨੂੰ ਹੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਦਾ ਦਫਤਰ ਖੋਲ੍ਹਣ ਮੌਕੇ ਬਿਆਨ ਦਿੱਤਾ ਹੈ ਕਿ ਉਨ੍ਹਾੰ ਦੀ ਪਾਰਟੀ ਭਾਜਪਾ ਤੇ ਅਕਾਲੀ ਦਲ ਸੰਯੁਕਤ ਨਾਲ ਮਿਲ ਕੇ ਚੋਣਾਂ ਲੜੇਗੀ।
ਇਹ ਵੀ ਪੜ੍ਹੋ:ਕੈਪਟਨ ਦੀ ਨਵੀਂ ਸਿਆਸੀ ਪਾਰੀ, ਕਿਹਾ ਭਾਜਪਾ ਤੇ ਸੰਯੁਕਤ ਅਕਾਲੀ ਦਲ ਨਾਲ ਮਿਲਕੇ ਲੜਾਂਗੇ ਚੋਣ