ਨਵੀਂ ਦਿੱਲੀ : ਸਰਕਾਰ ਦੇ ਬਜਟ ਤੋਂ ਲੋਕਾਂ ਨੂੰ ਕਈ ਉਮੀਦਾਂ ਰਹਿੰਦੀਆਂ ਹਨ। ਇਸ ਬਜਟ ਦੇ ਆਧਾਰ ਉੱਤੇ ਹੀ ਲੋਕਾਂ ਨੇ ਅਗਲੇ ਸਾਲ ਦਾ ਘਰ ਦਾ ਬਜਟ ਤਿਆਰ ਕਰਨਾ ਹੁੰਦਾ ਹੈ। ਬਜਟ ਦੇ ਐਲਾਨਾਂ ਉੱਤੇ ਸਭ ਦੀਆਂ ਨਜ਼ਰਾਂ ਹੁੰਦੀਆਂ ਹਨ। ਕਈ ਚੀਜ਼ਾਂ ਮਹਿੰਗੀਆਂ ਹੁੰਦੀਆਂ ਹਨ ਤੇ ਕਈ ਸਸਤੀਆਂ ਇਸ ਵਾਰ ਵੀ ਕਾਫੀ ਕੁੱਝ ਮਹਿੰਗਾ ਸਸਤਾ ਹੋਇਆ ਹੈ। ਪੜ੍ਹੋ ਤਾਂ ਕੀ ਕੁੱਝ ਪਹੁੰਚ ਵਿੱਚ ਤੇ ਪਹੁੰਚ ਤੋਂ ਬਾਹਰ ਹੋਵੇਗਾ....
ਇਹ ਵੀ ਪੜ੍ਹੋ: Budget 2023 Income Tax: ਨਵੀਂ ਟੈਕਸ ਪ੍ਰਣਾਲੀ ਦਾ ਐਲਾਨ, 7 ਲੱਖ ਤੱਕ ਦੀ ਆਮਦਨ 'ਤੇ ਕੋਈ ਟੈਕਸ ਨਹੀਂ
ਮੋਬਾਇਲ ਫੋਨ ਤੇ ਇਲੈਕਟ੍ਰਾਨਿਕ ਗੱਡੀਆਂ: ਇਲੈਕਟ੍ਰਾਨਿਕ ਗੱਡੀਆਂ ਵਿੱਚ ਲੱਗਣ ਵਾਲੀ ਬੈਟਰੀ ਤੋਂ ਕਸਟਮ ਡਿਊਟੀ ਹਟਾ ਦਿੱਤੀ ਗਈ ਹੈ। ਮੋਬਾਇਲ ਫੋਨ ਵਿੱਚ ਵਰਤੀ ਜਾਣ ਵਾਲੀ ਲੀਥੀਅਮ ਬੈਟਰੀ ਉੱਤੇ ਵੀ ਕਸਟਮ ਡਿਊਟੀ ਨੂੰ ਹਟਾ ਦਿੱਤਾ ਗਿਆ ਹੈ। ਇਸਦਾ ਅਸਰ ਮੋਬਾਇਲ ਤੇ EV ਦੀਆਂ ਕੀਮਤਾਂ ਉੱਤੇ ਪਵੇਗਾ। ਬੈਟਰੀ ਦੀ ਕੀਮਤ ਘਟ ਹੋਣ ਨਾਲ ਕੁੱਝ ਮੋਬਾਇਲ ਅਤੇ ਇਲੈਕਟ੍ਰਾਨਿਕ ਵਾਹਨ ਸਸਤੇ ਹੋਣਗੇ।
ਐੱਲਈਡੀ ਅਤੇ ਦੇਸੀ ਚਿਮਨੀ ਦੇ ਭਾਅ ਘਟੇ: ਸਰਕਾਰ ਵਲੋਂ ਟੈਲੀਵਿਜ਼ਨ ਪੈਨਲ ਵਿੱਚ ਆਯਾਤ ਡਿਊਟੀ 2.5 ਫੀਸਦ ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ ਇਲੈਕਟ੍ਰਾਨਿਕ ਰਸੋਈ ਚਿਮਨੀ ਉੱਤੇ ਵੀ ਕਟੌਤੀ ਕੀਤੀ ਗਈ ਹੈ। ਵਿੱਤ ਮੰਤਰੀ ਦੇ ਐਲਾਨ ਮੁਤਾਬਿਕ ਦੇਸੀ ਕਿਚਨ ਚਿਮਨੀ ਹੁਣ ਸਸਤੀ ਮਿਲੇਗੀ। ਦੂਜੇ ਪਾਸੇ ਐਲਈਡੀ ਟੀਵੀ ਅਤੇ ਬਾਇਓਗੈਸ ਨਾਲ ਜੁੜੀਆਂ ਚੀਜਾਂ ਸਸਤੀਆਂ ਕਰ ਦਿੱਤੀਆਂ ਗਈਆਂ ਹਨ।
ਸਿਗਰੇਟ-ਇੰਪੋਰਟੇਡ ਜਵੈਲਰੀ ਮਹਿੰਗੀ: ਦੂਜੇ ਪਾਸੇ ਕੁੱਝ ਚੀਜ਼ਾਂ ਮਹਿੰਗੀਆਂ ਵੀ ਹੋਈਆਂ ਹਨ। ਇਨ੍ਹਾਂ ਵਿੱਚ ਸਿਗਰੇਟ ਉੱਤੇ ਡਿਊਟੀ ਨੂੰ ਵਧਾ ਦਿੱਤਾ ਗਿਆ ਹੈ। ਖ਼ਜਾਨਾ ਮੰਤਰੀ ਮੁਤਾਬਿਕ ਸਿਗਰੇਟ ਉੱਤੇ ਐਮਰਜੈਂਸੀ ਡਿਊਟੀ ਨੂੰ 16 ਫੀਸਦ ਵਧਾਇਆ ਗਿਆ ਹੈ। ਇਸ ਤੋਂ ਬਾਅਦ ਸਿਗਰੇਟ ਮਹਿੰਗੀ ਹੋ ਗਈ ਹੈ। ਇਸ ਤੋਂ ਇਲਾਵਾ ਸੋਨਾ, ਚਾਂਦੀ ਅਤੇ ਪਲੈਟੀਨਮ ਨਾਲ ਬਣੀ ਇੰਪੋਰਟੇਡ ਜਵੈਲਰੀ ਮਹਿੰਗੀ ਹੋ ਗਈ ਹੈ।
ਖਿਡੌਣੇ, ਸਾਇਕਲ ਅਤੇ ਲੀਥੀਅਮ ਬੈਟਰੀ ਸਸਤੀ: ਖ਼ਜਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਭਾਸ਼ਣ ਦੌਰਾਨ ਕਿਹਾ ਕਿ ਕਸਟਮ ਡਿਊਟੀ, ਸੈਸ, ਸਰਚਾਰਜ ਦਰਾਂ ਵਿੱਚ ਬਦਲਾਅ ਕੀਤਾ ਗਿਆ ਹੈ। ਖਿਡੌਣਿਆਂ ਉੱਤੇ ਲੱਗਣ ਵਾਲੀ ਕਸਟਮ ਡਿਊਟੀ ਘੱਟ ਕਰਕੇ 13 ਫੀਸਦੀ ਕਰ ਦਿੱਤੀ ਗਈ ਹੈ। ਹੁਣ ਖਿਡੌਣੇ ਸਸਤੇ ਹੋਣਗੇ। ਇਸ ਤੋਂ ਇਲਾਵਾ ਸਾਇਕਲ ਵੀ ਸਸਤੇ ਹੋਣਗੇ ਅਤੇ ਲੀਥੀਅਮ ਆਇਨ ਬੈਟਰੀ ਉੱਤੇ ਕਸਟਮ ਡਿਊਟੀ ਤੋਂ ਰਾਹਤ ਦਿੱਤੀ ਗਈ ਹੈ।