ਨਵੀਂ ਦਿੱਲੀ: ਕੋਰੋਨਾ ਵਾਇਰਸ ਵਿਰੁੱਧ ਵਿਸ਼ਵਵਿਆਪੀ ਲੜਾਈ ਨੂੰ ਮਜ਼ਬੂਤ ਕਰਨ ਅਤੇ ਡਾਕਟਰਾਂ ਅਤੇ ਵਿਗਿਆਨੀਆਂ ਦਾ ਸਮਰਥਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਏਮਜ਼ ਵਿਖੇ ਇੰਡੀਆ ਬਾਇਓਟੈਕ ਦੁਆਰਾ ਬਣਾਈ ਗਈ ਕੋਵੈਕਸੀਨ ਦੀ ਪਹਿਲੀ ਖੁਰਾਕ ਲਈ।
ਪੀਐਮ ਮੋਦੀ ਦੁਆਰਾ ਵੈਕਸੀਨ ਲੈਣ 'ਤੇ ਹੁਣ ਹਰ ਪਾਸੇ ਤੋਂ ਪ੍ਰਤੀਕਰਮ ਆ ਰਹੇ ਹਨ। ਕੋਵੈਕਸੀਨ ਬਣਾਉਣ ਵਾਲੀ ਕੰਪਨੀ ਭਾਰਤ ਬਾਇਓਟੈਕ ਨੇ ਪੀਐਮ ਮੋਦੀ ਦੇ ਇਸ ਕਦਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਸੀਂ ਸਾਰੇ ਮਿਲ ਕੇ ਲੜਾਂਗੇ ਅਤੇ ਜਿੱਤਾਂਗੇ।
ਆਕਸਫੋਰਡ ਯੂਨੀਵਰਸਿਟੀ ਅਤੇ ਐਸਟਰਾਜ਼ੇਨੇਕਾ ਦੁਆਰਾ ਵਿਕਸਤ ਕੋਵਿਸ਼ਿਲਡ ਵੈਕਸੀਨ ਨੂੰ ਐਮਰਜੈਂਸੀ ਵਰਤੋਂ ਲਈ ਮਨਜੂਰੀ ਦੇ ਦਿੱਤੀ ਗਈ। ਜਿਸ ਦਾ ਵੈਕਸੀਨ ਨਿਰਮਾਤਾ ਸੀਰਮ ਇੰਸਟੀਚਿਊਟ ਆਫ਼ ਇੰਡੀਆ ਵਲੋਂ ਵਿਕਸਿਤ ਕੀਤਾ ਗਿਆ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਭਾਰਤ ਬਾਇਓਟੈਕ ਦੁਆਰਾ ਵਿਕਸਤ ਕੋਵੈਕਸੀਨ ਲਗਵਾ ਕੇ ਵਿਰੋਧੀ ਧਿਰ ਨੂੰ ਵੱਡਾ ਸੰਦੇਸ਼ ਦਿੱਤਾ ਹੈ, ਜੋ ਵੈਕਸੀਨ ਦੇ ਨਾਲ-ਨਾਲ ਭਾਰਤੀ ਵਿਗਿਆਨੀਆਂ ਦੀ ਯੋਗਤਾ 'ਤੇ ਵੀ ਸਵਾਲ ਚੁੱਕ ਰਹੇ ਸੀ।
ਜਿਵੇਂ ਹੀ ਕੋਰੋਨਾ ਟੀਕਾਕਰਨ ਦਾ ਪਹਿਲਾ ਪੜਾਅ ਸ਼ੁਰੂ ਹੋਇਆ ਸੀ ਤਾਂ ਕਾਂਗਰਸ ਪਾਰਟੀ ਦੇ ਕਈ ਆਗੂਆਂ ਨੇ ਕਵੈਕਸੀਨ ਦੀ ਭਰੋਸੇਯੋਗਤਾ 'ਤੇ ਸਵਾਲ ਚੁੱਕੇ ਸਨ। ਡਾਕਟਰਾਂ ਨੇ ਇਸ ਬਾਰੇ ਮੈਡੀਕਲ ਸੁਪਰਡੈਂਟ ਨੂੰ ਇੱਕ ਪੱਤਰ ਵੀ ਲਿਖਿਆ ਸੀ। ਕੋਵੈਕਸੀਨ ਨੂੰ ਜਦੋਂ ਵਰਤੋਂ ਲਈ ਮਨਜ਼ੂਰੀ ਮਿਲ ਗਈ ਸੀ, ਉਦੋਂ ਤੱਕ ਇਸ ਦਾ ਤਿੰਨ ਪੜਾਵਾਂ ਦਾ ਟ੍ਰਾਈਲ ਪੂਰਾ ਨਹੀਂ ਹੋਇਆ ਸੀ। ਡਾਕਟਰਾਂ ਨੇ ਕੋਵਿਸ਼ਿਲਡ ਵੈਕਸੀਨ ਲਗਵਾਉਣ ਦੀ ਮੰਗ ਕੀਤੀ ਸੀ।
ਹਾਲਾਂਕਿ, ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਕੋਵਿਸ਼ਿਲਡ ਦੀ ਬਜਾਏ ਕੋਵੈਕਸੀਨ ਦੀ ਪਹਿਲੀ ਖੁਰਾਕ ਲੈਣ ਦੇ ਫੈਸਲੇ ਨਾਲ ਸਵਾਲ ਖੜ੍ਹੇ ਕਰਨ ਵਾਲਿਆਂ ਨੂੰ ਸਖਤ ਸੰਦੇਸ਼ ਦਿੰਦਾ ਹੈ।
ਵੈਕਸੀਨ ਨਿਰਮਾਤਾ ਦੇ ਅਨੁਸਾਰ, ਵੇਰੋ ਸੈੱਲ ਪਲੇਟਫਾਰਮ 'ਤੇ ਇਹ ਟੀਕਾ ਵਿਕਸਤ ਕੀਤਾ ਗਿਆ ਹੈ। ਜਿਸ ‘ਚ ਦੇਸ਼-ਵਿਦੇਸ਼ ‘ਚ ਸੁਰੱਖਿਆ ਅਤੇ ਕਾਰਜਕੁਸ਼ਲਤਾ ਦਾ ਇਕ ਚੰਗੀ ਤਰ੍ਹਾਂ ਸਥਾਪਤ ਰਿਕਾਰਡ ਹੈ।
ਦੱਸ ਦੇਈਏ ਕਿ ਕੋਵੈਕਸੀਨ ਨੂੰ ਹੈਦਰਾਬਾਦ ਸਥਿਤ ਵੈਕਸੀਨ ਨਿਰਮਾਤਾ ਭਾਰਤ ਬਾਇਓਟੈਕ ਨੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ) ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਐਨ.ਆਈ.ਵੀ) ਦੇ ਸਹਿਯੋਗ ਨਾਲ ਵਿਕਸਿਤ ਕੀਤਾ ਹੈ।
ਪ੍ਰਧਾਨ ਮੰਤਰੀ ਨੇ 16 ਜਨਵਰੀ ਤੋਂ ਸ਼ੁਰੂ ਹੋਈ ਵੈਕਸੀਨੇਸ਼ਨ ਦੇ ਛੇ ਹਫ਼ਤਿਆਂ ਬਾਅਦ ਟੀਕਾ ਲਗਵਾਇਆ ਹੈ।
ਪੀਐਮ ਮੋਦੀ ਨੇ ਟਵੀਟ ਕੀਤਾ, ‘ਏਮਜ਼ ‘ਚ ਕੋਵਿਡ -19 ਵੈਕਸੀਨ ਦੀ ਪਹਿਲੀ ਖੁਰਾਕ ਲਈ। ਸਾਡੇ ਡਾਕਟਰਾਂ ਅਤੇ ਵਿਗਿਆਨੀਆਂ ਨੇ ਥੋੜ੍ਹੇ ਸਮੇਂ ‘ਚ ਕੋਵਿਡ -19 ਵਿਰੁੱਧ ਲੜਾਈ ਨੂੰ ਮਜ਼ਬੂਤ ਕਰਨ ਲਈ ਸ਼ਾਨਦਾਰ ਕੰਮ ਕੀਤਾ। ਮੈਂ ਉਨ੍ਹਾਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਜਿਹੜੇ ਕੋਰੋਨਾ ਵੈਕਸੀਨ ਲਗਾਉਣ ਦੇ ਯੋਗ ਹਨ। ਆਓ, ਇਕੱਠੇ ਹੋ ਕੇ ਭਾਰਤ ਨੂੰ ਕੋਵਿਡ -19 ਮੁਕਤ ਬਣਾਈਏ।'
ਕੋਵਿਡ -19 ਟੀਕਾਕਰਨ ਮੁਹਿੰਮ ਦਾ ਅਗਲਾ ਪੜਾਅ ਅੱਜ ਤੋਂ ਸ਼ੁਰੂ ਹੋਇਆ ਜਿਸ ‘ਚ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਅਤੇ 45 ਸਾਲ ਦੀ ਉਮਰ ਦੇ ਹੋਰ ਰੋਗਾਂ ਤੋਂ ਪੀੜਤ ਲੋਕਾਂ ਲਈ ਵੈਕਸੀਨ ਲਗਾਈ ਜਾਵੇਗੀ। ਜਿਸ ਦੀ ਕੋ-ਵਿਨ 2.0 ਪੋਰਟਲ 'ਤੇ ਰਜਿਸਟ੍ਰੇਸ਼ਨ ਸਵੇਰੇ 9 ਵਜੇ ਸ਼ੁਰੂ ਹੋ ਚੁੱਕੀ ਹੈ। ਨਾਗਰਿਕ ਕਿਸੇ ਵੀ ਸਮੇਂ ਅਤੇ ਕਿਤੇ ਵੀ ਰਜਿਸਟ੍ਰੇਸ਼ਨ ਅਤੇ ਬੁਕਿੰਗ ਕੋ-ਵਿਨ 2.0 ਪੋਰਟਲ ਦੀ ਵਰਤੋਂ ਕਰਕੇ ਜਾਂ ਅਰੋਗਿਆ ਸੇਤੂ ਜਿਹੀਆਂ ਹੋਰ ਆਈ ਟੀ ਐਪਲੀਕੇਸ਼ਨਾਂ ਦੁਆਰਾ ਕਰਵਾ ਸਕਦੇ ਹਨ।
ਇਹ ਵੀ ਪੜ੍ਹੋ:ਸਰਕਾਰੀ ਹਸਪਤਾਲ 'ਚ ਟੀਕਾਕਰਨ ਦੀ ਹੌਲੀ ਸ਼ੁਰੂਆਤ, ਖੱਜਲ-ਖੁਆਰ ਹੋਏ ਲੋਕ