ਨਵੀਂ ਦਿੱਲੀ: ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਨੂੰ ਨਕਾਰ ਦਿੱਤਾ ਹੈ। ਕੁੱਝ ਦਿਨ ਪਹਿਲਾਂ, ਪੀਕੇ ਨੇ ਪਾਰਟੀ ਨੂੰ ਢਾਂਚਾਗਤ ਸਮੱਸਿਆਵਾਂ ਦੇ ਹੱਲ ਲਈ ਲੀਡਰਸ਼ਿਪ ਅਤੇ ਸਮੂਹਿਕ ਇੱਛਾ ਸ਼ਕਤੀ ਦੀ ਜ਼ਰੂਰਤ ਦੱਸੀ ਸੀ। ਹੁਣ ਇਕ ਚੈਨਲ ਨੂੰ ਦਿੱਤੇ ਖ਼ਾਸ ਇੰਟਰਵਿਊ ਵਿਚ ਉਨ੍ਹਾਂ ਨੇ ਖੁੱਲ੍ਹ ਕੇ ਕਿਹਾ - "ਪਾਰਟੀ ਕੋਲ ਅਜਿਹੇ ਵੱਡੇ ਆਗੂ ਹਨ, ਜੋ ਆਪਣੇ ਦਮ 'ਤੇ ਮੁੜ ਸੁਰਜੀਤ ਕਰਨ ਦੇ ਸਮਰੱਥ ਹੈ ਅਤੇ ਉਸ ਨੂੰ ਉਨ੍ਹਾਂ ਦੀ ਲੋੜ ਨਹੀਂ ਹੈ।"
ਉਨ੍ਹਾਂ ਕਿਹਾ ਕਿ ਉਹ ਪਾਰਟੀ ਵਿੱਚ ਕੋਈ ਭੂਮਿਕਾ ਨਹੀਂ ਚਾਹੁੰਦੇ ਸਗੋਂ ਇਹੀ ਚਾਹੁੰਦੇ ਹਨ ਕਿ ਇੱਕ ਵਾਰ ਭਵਿੱਖ ਲਈ ਬਿਓਰਾ ਤਿਆਰ ਹੋਣ ਤੋਂ ਬਾਅਦ ਇਸ ਨੂੰ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 'ਮੈਂ ਉਨ੍ਹਾਂ ਨੂੰ ਜੋ ਦੱਸਣਾ ਚਾਹੁੰਦਾ ਸੀ, ਮੈਂ ਕੀਤਾ। 2014 ਤੋਂ ਬਾਅਦ ਪਹਿਲੀ ਵਾਰ, ਪਾਰਟੀ ਨੇ ਇਸ ਤਰ੍ਹਾਂ ਦੇ ਢਾਂਚਾਗਤ ਢੰਗ ਨਾਲ ਆਪਣੇ ਭਵਿੱਖ ਬਾਰੇ ਚਰਚਾ ਕੀਤੀ ਹੈ... ਪਰ ਮੈਨੂੰ ਏਮਪਾਵਰਡ ਐਕਸ਼ਨ ਗਰੁੱਪ ਬਾਰੇ ਕੁੱਝ ਸ਼ੱਕ ਸਨ, ਕਿ ਉਹ ਮੈਨੂੰ ਇਸ ਦਾ ਹਿੱਸਾ ਬਣਾਉਣਾ ਚਾਹੁੰਦੇ ਸਨ, ਉਨ੍ਹਾਂ ਨੇ ਪੇਸ਼ਕਸ਼ ਕੀਤੀ ਅਤੇ ਮੈਂ ਨਾਂਹ ਕਰ ਦਿੱਤੀ।'
ਇਸ ਹਫਤੇ ਦੇ ਸ਼ੁਰੂ ਵਿਚ ਕਾਂਗਰਸ ਅਤੇ ਪ੍ਰਸ਼ਾਂਤ ਕਿਸ਼ੋਰ ਵਿਚਾਲੇ ਗੱਲਬਾਤ ਅਸਫਲ ਹੋਣ ਤੋਂ ਬਾਅਦ, ਚਰਚਾ ਹੈ ਕਿ ਪੀਕੇ ਪ੍ਰਿਅੰਕਾ ਗਾਂਧੀ ਨੂੰ ਪਾਰਟੀ ਪ੍ਰਧਾਨ ਬਣਾਉਣਾ ਚਾਹੁੰਦੇ ਸਨ, ਪਰ ਪਾਰਟੀ ਲੀਡਰਸ਼ਿਪ ਸਹਿਮਤ ਨਹੀਂ ਹੋਈ ਸੀ। ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ, ''ਪਾਰਟੀ ਨੂੰ ਦਿੱਤੇ ਗਏ ਲੀਡਰਸ਼ਿਪ ਫਾਰਮੂਲੇ 'ਚ ਨਾ ਤਾਂ ਰਾਹੁਲ ਦਾ ਨਾਂ ਸੀ ਅਤੇ ਨਾ ਹੀ ਪ੍ਰਿਅੰਕਾ ਗਾਂਧੀ ਦਾ ਨਾਂ ਸੀ ਪਰ ਮੈਂ ਤੁਹਾਨੂੰ ਇਹ ਨਹੀਂ ਦੱਸ ਸਕਦਾ ਕਿ ਨਿੱਜੀ ਤੌਰ 'ਤੇ ਕੀ ਪ੍ਰਸਤਾਵਿਤ ਕੀਤਾ ਗਿਆ ਸੀ।'
ਰਾਹੁਲ ਨੂੰ ਦੱਸਿਆ ਦੋਸਤ : ਰਾਹੁਲ ਗਾਂਧੀ ਨੂੰ ਦੋਸਤ ਦੱਸਦੇ ਹੋਏ ਪੀਕੇ ਨੇ ਕਿਹਾ ਕਿ 'ਮੈਂ ਕੌਣ ਹਾਂ ਰਾਹੁਲ ਗਾਂਧੀ ਦੇ ਹਾਲਾਤ ਤੈਅ ਕਰਨ ਵਾਲਾ?' ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਭਾਜਪਾ ਦੇ ਹਮਲਿਆਂ ਨਾਲ ਖਰਾਬ ਹੋਏ ਰਾਹੁਲ ਗਾਂਧੀ ਦੇ ਅਕਸ ਨੂੰ ਦੁਬਾਰਾ ਬਣਾਇਆ ਜਾ ਸਕਦਾ ਹੈ। 2002 ਤੋਂ ਹੁਣ ਤੱਕ ਪੀਐੱਮ ਮੋਦੀ ਦੇ ਅਕਸ ਵਿੱਚ ਆਈ ਤਬਦੀਲੀ ਦੇਖੋ - ਬੇਸ਼ੱਕ, ਇਹ ਸੰਭਵ ਹੈ, ਉਨ੍ਹਾਂ ਕਿਹਾ। ਪ੍ਰਸ਼ਾਂਤ ਕਿਸ਼ੋਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਭਵਿੱਖ ਦੀਆਂ ਯੋਜਨਾਵਾਂ ਬਣਾਉਣ ਅਤੇ ਸੁਝਾਅ ਦੇਣ ਲਈ ਕਾਂਗਰਸ ਤੋਂ ਕੋਈ ਪੈਸਾ ਨਹੀਂ ਲਿਆ।
2024 ਵਿੱਚ ਪੀਐੱਮ ਮੋਦੀ ਨੂੰ ਚੁਣੌਤੀ ਦੇਣ ਲਈ ਕਾਂਗਰਸ ਦੀਆਂ ਕੀ ਸੰਭਾਵਨਾਵਾਂ ਹਨ, ਇਸ ਬਾਰੇ ਪੀਕੇ ਨੇ ਕਿਹਾ, 'ਇਹ ਬਹੁਤ ਡੂੰਘੀਆਂ ਜੜ੍ਹਾਂ ਵਾਲੀ ਪਾਰਟੀ ਹੈ। ਇਹ ਕਹਿਣਾ ਗਲਤ ਹੋਵੇਗਾ ਕਿ ਉਸ ਕੋਲ ਕੋਈ ਮੌਕਾ ਨਹੀਂ ਹੈ ਪਰ ਉਸ ਨੂੰ ਕੁਝ ਬਦਲਾਅ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ, 'ਮੈਨੂੰ ਨਹੀਂ ਪਤਾ ਕਿ 2024 'ਚ ਪ੍ਰਧਾਨ ਮੰਤਰੀ ਮੋਦੀ ਨੂੰ ਕੌਣ ਚੁਣੌਤੀ ਦੇਵੇਗਾ। ਸੂਬਾ ਚੋਣਾਂ ਦੇ ਆਧਾਰ 'ਤੇ ਲੋਕ ਸਭਾ ਚੋਣਾਂ ਦੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ।
ਇਹ ਵੀ ਪੜ੍ਹੋ : ਅਜਨਾਲਾ ਸ਼ਹਿਰ ਦੇ ਖੂਹ 'ਚੋਂ ਮਿਲੇ 160 ਸਾਲ ਪੁਰਾਣੇ ਮਨੁੱਖੀ ਪਿੰਜਰਾਂ ਦਾ ਸੱਚ ਆਇਆ ਸਾਹਮਣੇ