ਡਿਬਰੂਗੜ੍ਹ (ਅਸਾਮ) : 18 ਮਾਰਚ ਤੋਂ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਚੱਲ ਰਹੇ ਅੰਮ੍ਰਿਤਪਾਲ ਸਿੰਘ ਨੂੰ ਅੱਜ ਪੁਲਿਸ ਨੇ ਮੋਗਾ ਦੇ ਪਿੰਡ ਰੋਡੇ ਤੋਂ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰੀ ਤੋਂ ਬਾਅਦ ਕਾਰਵਾਈ ਕਰਦਿਆਂ ਪੁਲਿਸ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਦੀ ਕੇਂਦਰੀ ਜੇਲ੍ਹ ਲਿਆਂਦਾ ਗਿਆ ਹੈ। ਮੋਹਨਬਾੜੀ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਅੰਮ੍ਰਿਤਪਾਲ ਨੂੰ ਅਸਾਮ ਪੁਲਿਸ ਦੇ ਵੱਡੇ ਕਾਫ਼ਲੇ ਰਾਹੀਂ ਡਿਬਰੂਗੜ੍ਹ ਦੀ ਕੇਂਦਰੀ ਜੇਲ੍ਹ ਲਿਆਂਦਾ ਗਿਆ। ਇਸ ਦੇ ਨਾਲ ਹੀ ਡਿਬਰੂਗੜ੍ਹ ਦੀ ਕੇਂਦਰੀ ਜੇਲ੍ਹ ਦੇ ਬਾਹਰ ਅਤੇ ਅੰਦਰ ਫ਼ੌਜ ਅਤੇ ਕਮਾਂਡੋ ਵੱਲੋਂ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਸੀਆਰਪੀਐਫ ਬਲ ਵੀ ਤਾਇਨਾਤ ਕੀਤੇ ਗਏ ਹਨ। ਅੰਮ੍ਰਿਤਪਾਲ ਨੂੰ ਰੱਖਣ ਲਈ ਜੇਲ੍ਹ ਅੰਦਰ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਅੰਮ੍ਰਿਤਪਾਲ ਸਿੰਘ ਦੇ 9 ਸਾਥੀ ਪਹਿਲਾਂ ਤੋਂ ਡਿਬੜੂਗੜ੍ਹ ਜੇਲ੍ਹ ਵਿੱਚ : ਗੌਰਤਲਬ ਹੈ ਕਿ ਅੰਮ੍ਰਿਤਪਾਲ ਸਿੰਘ ਦੇ 9 ਸਾਥੀ ਤੇ ਖਾਲਿਸਤਾਨ ਪੱਖੀ ਆਗੂ ਪਹਿਲਾਂ ਹੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਅੰਮ੍ਰਿਤਪਾਲ ਨੂੰ ਉਨ੍ਹਾਂ 9 ਖਾਨਿਸਤਾਨੀ ਆਗੂਆਂ ਦੇ ਨਾਲ ਰੱਖਿਆ ਜਾਵੇਗਾ ਜਾਂ ਨਹੀਂ।
ਇਹ ਵੀ ਪੜ੍ਹੋ : ਗ੍ਰਿਫ਼ਤਾਰੀ ਤੋਂ ਪਹਿਲਾਂ ਅੰਮ੍ਰਿਤਪਾਲ ਨਾਲ ਜੁੜੀਆਂ ਕਈ ਵੀਡੀਓ ਵਾਇਰਲ, ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਅੱਗੇ ਟੇਕਿਆ ਮੱਥਾ
ਅੰਮ੍ਰਿਤਪਾਲ ਨੂੰ ਘੇਰ ਕੇ ਗ੍ਰਿਫਤਾਰ ਕੀਤਾ: ਆਈਜੀ ਸੁਖਚੈਨ ਸਿੰਘ ਨੇ ਕਿਹਾ ਕਿ ਅੰਮ੍ਰਿਤਪਾਲ ਨੂੰ ਅੱਜ ਸਵੇਰੇ 6:45 'ਤੇ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪਿੰਡ ਰੋਡੇ ਨੂੰ ਪੰਜਾਬ ਪੁਲਿਸ ਨੇ ਸਵੇਰੇ ਹੀ ਘੇਰਾ ਪਾ ਲਿਆ ਸੀ। ਉਸ ਤੋਂ ਬਾਅਦ ਅੰਮ੍ਰਿਤਪਾਲ ਨੂੰ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ। ਆਈਜੀ ਸੁਖਚੈਨ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਚਿਤਾਵਨੀ ਦੇਣਾ ਚਾਹੁੰਦੇ ਹਨ ਕਿ ਅਜਿਹਾ ਨਾ ਕਰਨ ਨਹੀਂ, ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅੱਗੇ ਹੋਰ ਜੋ ਵੀ ਜਾਣਕਾਰੀ ਆਵੇਗੀ, ਉਹ ਸਾਂਝੀ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : Amritpal Address Another Video: ਗ੍ਰਿਫ਼ਤਾਰੀ ਤੋਂ ਪਹਿਲਾਂ ਅੰਮ੍ਰਿਤਪਾਲ ਨੇ ਜਾਰੀ ਕੀਤਾ ਵੱਡਾ ਬਿਆਨ, ਦੇਖੋ ਵੀਡੀਓ
36 ਦਿਨਾਂ ਤੋਂ ਫਰਾਰ ਸੀ ਅੰਮ੍ਰਿਤਪਾਲ ਸਿੰਘ : ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਤੋਂ ਡਿਬਰੂਗੜ੍ਹ ਜੇਲ੍ਹ ਵਿੱਚ ਐਨਆਈਏ ਅਤੇ ਇੰਟੈਲੀਜੈਂਸ ਬਿਊਰੋ (ਆਈਬੀ) ਵੱਲੋਂ ਪੁੱਛਗਿੱਛ ਕੀਤੀ ਜਾਵੇਗੀ। ਅੰਮ੍ਰਿਤਪਾਲ ਸਿੰਘ 36 ਦਿਨਾਂ ਤੋਂ ਫਰਾਰ ਸੀ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਪੰਜਾਬ ਪੁਲਿਸ ਦੀ ਪੰਜ ਮੈਂਬਰੀ ਟੀਮ ਨੇ ਡਿਬਰੂਗੜ੍ਹ ਜੇਲ੍ਹ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਸੀ ਅਤੇ ਗ੍ਰਿਫ਼ਤਾਰ ਕੀਤੇ ਗਏ 9 ਖਾਲਿਸਤਾਨ ਸਮਰਥਕਾਂ ਤੋਂ ਪੁੱਛਗਿੱਛ ਕੀਤੀ ਸੀ।