ਨਾਗਪੁਰ: ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਦਫ਼ਤਰ ਵਿੱਚ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਨਾਗਪੁਰ ਵਿੱਚ ਉਨ੍ਹਾਂ ਦੇ ਘਰ ਦੇ ਬਾਹਰ ਬੰਬ ਰੱਖਣ ਦੀ ਧਮਕੀ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਮੁਲਜ਼ਮ ਨੂੰ ਹਿਰਾਸਤ ਵਿੱਚ ਲਿਆ ਹੈ। ਸੋਮਵਾਰ ਰਾਤ ਕਰੀਬ 2 ਵਜੇ ਕਿਸੇ ਨੇ ਪੁਲਿਸ ਕੰਟਰੋਲ ਰੂਮ ਨੂੰ ਫ਼ੋਨ ਕੀਤਾ। ਉਸ ਨੇ ਫੋਨ ਕਰਕੇ ਡਿਪਟੀ ਸੀਐਮ ਦੇਵੇਂਦਰ ਫੜਨਵੀਸ ਦੇ ਘਰ ਦੇ ਸਾਹਮਣੇ ਬੰਬ ਰੱਖਣ ਦੀ ਧਮਕੀ ਦਿੱਤੀ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਧਮਕੀ ਫਰਜ਼ੀ ਕਾਲ ਸੀ, ਜਿਸ ਤੋਂ ਬਾਅਦ ਉਸ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਗਿਆ।
ਨਾਗਪੁਰ ਦੇ ਪੁਲਿਸ ਕਮਿਸ਼ਨਰ ਅਮਿਤੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਨਾਗਪੁਰ 'ਚ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਘਰ ਦੇ ਸਾਹਮਣੇ ਬੰਬ ਰੱਖਣ ਦੀ ਧਮਕੀ ਭਰੀ ਕਾਲ ਮਿਲੀ ਸੀ, ਪਰ ਜਾਂਚ 'ਚ ਸਾਹਮਣੇ ਆਇਆ ਕਿ ਇਹ ਫਰਜ਼ੀ ਕਾਲ ਸੀ। ਬੀਤੀ ਰਾਤ ਫੋਨ ਕਰਨ ਵਾਲੇ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ, ਪੁੱਛਗਿੱਛ ਜਾਰੀ ਹੈ।
ਇਹ ਵੀ ਪੜ੍ਹੋ : Accident in Kerala: ਕੇਰਲਾ 'ਚ ਸ਼ਰਧਾਲੂਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ, 62 ਲੋਕ ਹੋਏ ਜ਼ਖਮੀ
ਬਿਜਲੀ ਗੁੱਲ ਹੋਣ 'ਤੇ ਧਮਕੀ: ਸੂਤਰਾਂ ਦਾ ਕਹਿਣਾ ਹੈ ਕਿ ਫੋਨ ਕਰਨ ਵਾਲਾ ਨਾਗਪੁਰ ਦੇ ਕਨਹਨ ਇਲਾਕੇ ਦਾ ਰਹਿਣ ਵਾਲਾ ਹੈ। ਉਸ ਨੇ ਬਿਜਲੀ ਬੰਦ ਹੋਣ ਕਾਰਨ ਗੁੱਸੇ ਵਿੱਚ ਧਮਕੀ ਦਿੱਤੀ। ਇਸ ਤੋਂ ਪਹਿਲਾਂ 28 ਫਰਵਰੀ ਨੂੰ ਨਾਗਪੁਰ ਪੁਲਿਸ ਕੰਟਰੋਲ ਰੂਮ ਨੂੰ ਇੱਕ ਫੋਨ ਕਾਲ ਆਇਆ ਸੀ, ਜਿਸ ਵਿੱਚ ਧਮਕੀ ਦਿੱਤੀ ਗਈ ਸੀ ਕਿ ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ, ਬਾਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ ਅਤੇ ਸਿਨੇ ਸਟਾਰ ਧਰਮਿੰਦਰ ਦੇ ਘਰਾਂ ਵਿੱਚ ਬੰਬ ਫਟ ਜਾਣਗੇ। ਫੋਨ ਕਰਨ ਵਾਲੇ ਨੇ ਦਾਅਵਾ ਕੀਤਾ ਸੀ ਕਿ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਲਈ 25 ਹਥਿਆਰਬੰਦ ਵਿਅਕਤੀ ਮੁੰਬਈ ਦੇ ਦਾਦਰ ਪਹੁੰਚੇ ਸਨ।