ਚੰਡੀਗੜ੍ਹ: ਪਰਕਾਸ਼ ਸਿੰਘ ਬਾਦਲ ਨੇ ਮੰਗਲਵਾਰ ਨੂੰ 95 ਸਾਲ ਦੀ ਉਮਰ ਵਿੱਚ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਖਰੀ ਸਾਹ ਲਏ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਸਿਆਸੀ ਗਲਿਆਰੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਹਰ ਕੋਈ ਉਨ੍ਹਾਂ ਦੇ ਨਰਮ ਸੁਭਾਅ ਨੂੰ ਯਾਦ ਕਰ ਰਿਹਾ ਹੈ। ਇਸ ਮੌਕੇ ਜਿੱਥੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਲੀਡਰਸ਼ਿਪ ਪਹੁੰਚੀ, ਉੱਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਚੰਡੀਗੜ੍ਹ ਵਿਖੇ ਅਕਾਲੀ ਦਲ ਦੇ ਦਫ਼ਰ ਵਿੱਚ ਪਹੁੰਚੇ ਅਤੇ ਮਰਹੂਮ ਪਰਕਾਸ਼ ਸਿੰਘ ਬਾਦਲ ਦੇ ਅੰਤਿਮ ਦਰਸ਼ਨ ਕਰਦੇ ਹੋਏ, ਉਨ੍ਹਾਂ ਅੱਗੇ ਨਤਮਸਤਕ ਹੋਏ।
ਬਾਦਲ ਦਾ ਜਾਣਾ ਮੇਰਾ ਨਿੱਜੀ ਘਾਟਾ: ਬੀਤੇ ਦਿਨ ਪਰਕਾਸ਼ ਸਿੰਘ ਬਾਦਲ ਦੇ ਦੇਹਾਂਤ ਦੀ ਖ਼ਬਰ ਤੋਂ ਬਾਅਧ ਪੀਐਮ ਮੋਦੀ ਨੇ ਟਵੀਟ ਕਰਦਿਆ ਲਿਖਿਆ ਸੀ ਕਿ, 'ਪ੍ਰਕਾਸ਼ ਸਿੰਘ ਬਾਦਲ ਜੀ ਦੇ ਅਕਾਲ ਚਲਾਣੇ 'ਤੇ ਬਹੁਤ ਦੁੱਖ ਹੋਇਆ ਹੈ। ਉਹ ਭਾਰਤੀ ਰਾਜਨੀਤੀ ਦੀ ਇੱਕ ਮਹਾਨ ਹਸਤੀ ਸੀ, ਅਤੇ ਇੱਕ ਸ਼ਾਨਦਾਰ ਰਾਜਨੇਤਾ ਸੀ ਜਿਸਨੇ ਸਾਡੇ ਦੇਸ਼ ਵਿੱਚ ਬਹੁਤ ਯੋਗਦਾਨ ਪਾਇਆ। ਉਨ੍ਹਾਂ ਪੰਜਾਬ ਦੀ ਤਰੱਕੀ ਲਈ ਅਣਥੱਕ ਮਿਹਨਤ ਕੀਤੀ ਅਤੇ ਔਖੇ ਸਮੇਂ ਵਿੱਚ ਸੂਬੇ ਦਾ ਸਾਥ ਦਿੱਤਾ। ਉਨ੍ਹਾਂ ਦਾ ਜਾਣਾ ਮੇਰੇ ਲਈ ਨਿੱਜੀ ਘਾਟਾ ਹੈ।'
ਨਰਿੰਦਰ ਮੋਦੀ ਵੀ ਲਾਉਂਦੇ ਸੀ ਪੈਰੀਂ ਹੱਥ: ਸਿਆਸੀ ਤੌਰ 'ਤੇ ਪਰਕਾਸ਼ ਸਿੰਘ ਬਾਦਲ ਦਾ ਅਜਿਹਾ ਰੁਤਬਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਨ੍ਹਾਂ ਦੇ ਪੈਰੀਂ ਹੱਥ ਲਾਉਂਦੇ ਸਨ। ਉਨ੍ਹਾਂ ਨੇ 75 ਸਾਲ ਦਾ ਸਫਲ ਸਿਆਸੀ ਜੀਵਨ ਬਤੀਤ ਕੀਤਾ। ਇਸ ਦੌਰਾਨ ਉਹ 5 ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ। ਉਸ ਨੇ ਲਗਾਤਾਰ 11 ਚੋਣਾਂ ਜਿੱਤੀਆਂ।
ਦੱਸ ਦੇਈਏ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਨਰਿੰਦਰ ਮੋਦੀ ਵਿਚਾਲੇ ਕਾਫੀ ਚੰਗੇ ਰਿਸ਼ਤੇ ਸਨ। ਇੱਕ ਵਾਰ ਪੀਐਮ ਮੋਦੀ ਨੇ ਬਾਦਲ ਨੂੰ 'ਭਾਰਤ ਦਾ ਨੈਲਸਨ ਮੰਡੇਲਾ' ਵੀ ਕਿਹਾ ਸੀ। ਦਰਅਸਲ, ਇਹ ਗੱਲ 2015 ਦੀ ਹੈ। ਪੀਐਮ ਮੋਦੀ ਜੈਪ੍ਰਕਾਸ਼ ਨਰਾਇਣ ਦੀ 113ਵੀਂ ਜਯੰਤੀ 'ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਇੰਦਰਾ ਗਾਂਧੀ ਦੇ ਸ਼ਾਸਨਕਾਲ ਦੌਰਾਨ ਲਾਈ ਐਮਰਜੈਂਸੀ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਆਗੂਆਂ ਨੂੰ ਸਨਮਾਨਿਤ ਕੀਤਾ।
ਕੀ ਕਿਹਾ ਸੀ PM ਮੋਦੀ ਨੇ : ਗਾਂਧੀ ਪਰਿਵਾਰ ਦਾ ਨਾਂ ਲਏ ਬਿਨਾਂ ਪੀਐਮ ਮੋਦੀ ਨੇ ਕਿਹਾ ਸੀ ਕਿ "ਇੱਕ ਖਾਸ ਪਰਿਵਾਰ ਹੈ, ਭਾਵੇਂ ਉਨ੍ਹਾਂ ਦੇ ਨਹੁੰ ਟੁੱਟ ਜਾਣ, ਉਨ੍ਹਾਂ ਬਾਰੇ ਇਤਿਹਾਸ ਵਿੱਚ ਕਈ ਪੰਨੇ ਲਿਖੇ ਗਏ ਹਨ। ਬਹੁਤ ਘੱਟ ਲੋਕ ਜਾਣਦੇ ਹਨ ਕਿ ਬਾਦਲ ਭਾਰਤ ਦੇ ਨੈਲਸਨ ਮੰਡੇਲਾ ਹਨ ਜਿਸ ਨੇ ਸਿਆਸੀ ਮਤਭੇਦਾਂ ਕਾਰਨ ਕਰੀਬ ਦੋ ਦਹਾਕੇ ਜੇਲ੍ਹ ਵਿੱਚ ਬਿਤਾਏ।"
ਇਹ ਵੀ ਪੜ੍ਹੋ: Parkash Singh Badal: ਪਹਿਲੀ ਚੋਣ ਜਿੱਤ ਤੋਂ ਬਾਅਦ ਪਰਕਾਸ਼ ਸਿੰਘ ਬਾਦਲ ਨੇ ਬਦਲਿਆ ਸੀ ਆਪਣਾ ਨਾਂ, ‘ਢਿੱਲੋਂ‘ ਤੋਂ ਬਣੇ ਸਨ ‘ਬਾਦਲ’