ਚੰਡੀਗੜ੍ਹ: ਪ੍ਰਧਾਨ ਮੰਤਰੀ ਨਰੇਂਦਰ ਮੋਦੀ (PM Modi) ਭਾਰਤੀ ਜਨਤਾ ਪਾਰਟੀ, ਪੰਜਾਬ ਲੋਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਗਠਜੋੜ (BJP Alliance) ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਹੁਣ ਵਰਚੁਅਲ ਤਰੀਕੇ ਰਾਹੀਂ ਰੈਲੀਆਂ ਕਰਨਗੇ। ਇਹ ਰੈਲੀਆਂ ਪੰਜਾਬ ਭਰ ਵਿੱਚ 8 ਅਤੇ 9 ਫਰਵਰੀ ਨੂੰ ਕੀਤੀਆਂ (virtual rally in punjab on 8 and 9 feb) ਜਾਣਗੀਆਂ।
ਭਾਜਪਾ ਨੇ ਬੀਤੇ ਦਿਨੀਂ ਸਟਾਰ ਪ੍ਰਚਾਰਕਾਂ ਦੀ ਸੂਚੀ ਵੀ ਜਾਰੀ ਕੀਤੀ ਸੀ ਤੇ ਇਸ ਵਿੱਚ ਪੀਐਮ ਮੋਦੀ ਦਾ ਨਾਮ ਸਭ ਤੋਂ ਉੱਤੇ ਸੀ ਤੇ ਹੁਣ ਉਹ ਆਪਣੀ ਪਹਿਲੀ ਰੈਲੀਆਂ ਵਰਚੁਅਲ ਤਰੀਕੇ ਰਾਹੀਂ ਕਰਨਗੇ, ਜਿਸ ਦੌਰਾਨ ਪੰਜਾਬ ਦੀਆਂ ਸਾਰੀਆਂ ਸ਼੍ਰੇਣੀਆਂ ਤੇ ਖੇਤਰਾਂ ਨੂੰ ਕਵਰ ਕੀਤਾ ਜਾਵੇਗਾ। ਫਿਰੋਜ਼ਪੁਰ ਰੈਲੀ ਰੱਦ ਹੋਣ ਉਪਰੰਤ ਪ੍ਰਧਾਨ ਮੰਤਰੀ ਪੰਜਾਬ ਵਿੱਚ ਇਹ ਪਹਿਲੀ ਰੈਲੀ ਕਰਨ ਜਾ ਰਹੇ ਹਨ ਤੇ ਇਹ ਰੈਲੀ ਵਰਚੁਅਲ ਤਰੀਕੇ ਨਾਲ ਕੀਤੀ ਜਾਵੇਗੀ।
ਜਿਕਰਯੋਗ ਹੈ ਕਿ ਅਜੇ ਚੋਣ ਕਮਿਸ਼ਨ ਵੱਲੋਂ ਇਕੱਠ ਕਰਨ ’ਤੇ ਪਾਬੰਦੀਆਂ ਲੱਗੀਆਂ ਹੋਈਆਂ ਹਨ ਤੇ ਚੋਣ ਰੈਲੀ ਦੌਰਾਨ ਭੀੜ ਹੋਣ ਕਾਰਨ ਪੰਜਾਬ ਵਿੱਚ ਕਈ ਆਗੂਆਂ ਨੂੰ ਨੋਟਿਸ ਵੀ ਜਾਰੀ ਹੋ ਚੁੱਕੇ ਹਨ। ਅਜਿਹੇ ਵਿੱਚ ਰਾਜਸੀ ਪਾਰਟੀਆਂ ਵਰਚੁਅਲ ਤਰੀਕੇ ਨਾਲ ਹੀ ਚੋਣ ਰੈਲੀਆਂ ਕਰ ਰਹੀਆਂ ਹਨ। ਅਜਿਹੇ ਵਿੱਚ ਪੀਐਮ ਦੀ ਰੈਲੀ ਵੀ ਵਰਚੁਅਲ ਤਰੀਕੇ ਨਾਲ ਕੀਤੀ ਜਾ ਰਹੀ ਹੈ। ਇਥੇ ਇਹ ਵੀ ਜਿਕਰਯੋਗ ਹੈ ਕਿ ਪਿਛਲੀ ਵਾਰ ਜਦੋਂ ਪੀਐਮ ਮੋਦੀ ਫਿਰੋਜ਼ਪੁਰ ਰੈਲੀ ਕਰਨ ਜਾ ਰਹੇ ਸੀ ਤਾਂ ਸੁਰੱਖਿਆ ਨੂੰ ਲੈ ਕੇ ਵੱਡਾ ਮਸਲਾ ਖੜ੍ਹਾ ਹੋ ਗਿਆ ਸੀ।
ਚੋਣ ਕਮਿਸ਼ਨ ਦੀਆਂ ਪਾਬੰਦੀਆਂ ਕਾਰਨ ਅਜੇ ਪਾਰਟੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਵਧੇਰੇ ਧਿਆਨ ਦਿੱਤਾ ਜਾ ਰਿਹਾ ਹੈ ਤੇ ਇਕੱਠ ਕਰਨ ਤੋਂ ਗੁਰੇਜ ਕੀਤਾ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਚੋਣ ਕਮਿਸ਼ਨ ਵੱਲੋਂ ਜੇਕਰ ਕੋਈ ਰਾਹਤ ਦਿੱਤੀ ਜਾਂਦੀ ਹੈ, ਤਾਂ ਹੀ ਪਾਰਟੀਆਂ ਰੈਲੀਆਂ ਬਾਰੇ ਪ੍ਰੋਗਰਾਮਾਂ ਵਿੱਚ ਬਦਲਾਅ ਕਰਨ ਦੀ ਹਾਲਤ ਵਿੱਚ ਹੋਣਗੀਆਂ। ਫਿਲਹਾਲ ਪਾਰਟੀਆਂ ਦੇ ਪ੍ਰਚਾਰਕ ਛੋਟੀਆਂ ਸਭਾਵਾਂ ਕਰ ਰਹੇ ਹਨ। ਇਸੇ ਸਿਲਸਿਲੇ ਵਿੱਚ ਬੀਤੇ ਦਿਨ ਭਾਜਪਾ ਵੱਲੋਂ ਕੇਂਦਰੀ ਮੰਤਰੀ ਰਾਜਨਾਥ ਸਿੰਘ ਅਤੇ ਗਜੇਂਦਰ ਸਿੰਘ ਸ਼ੇਖਾਵਤ ਨੇ ਮਾਝੇ ਵਿੱਚ ਕੁਝ ਥਾਵਾਂ ’ਤੇ ਜਾਬਤੇ ਵਿੱਚ ਰਹਿ ਕੇ ਚੋਣ ਪ੍ਰਚਾਰ ਕੀਤਾ ਸੀ।
ਇਹ ਵੀ ਪੜ੍ਹੋ: ਬਸੰਤ ਪੰਚਮੀ 2022: ਰਾਸ਼ਟਰਪਤੀ, ਪੀਐੱਮ ਮੋਦੀ ਸਣੇ ਸਿਆਸੀ ਆਗੂਆਂ ਨੇ ਦੇਸ਼ਵਾਸੀਆਂ ਨੂੰ ਦਿੱਤੀਆਂ ਵਧਾਈਆਂ