ਨਵੀਂ ਦਿੱਲੀ: ਓਡੀਸ਼ਾ ’ਚ ਪੁਰੀ ’ਚ ਸਥਿਤ ਭਗਵਾਨ ਜਗਨਨਾਥ ਦੀ 34,000 ਏਕੜ ਭੂਮੀ ਨੂੰ ਵੇਚਣ ਤੋਂ ਰੋਕਣ ਲਈ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇੱਕ ਗੈਰ-ਸਰਕਾਰੀ ਸੰਗਠਨ (ਐੱਨਜੀਓ) ਨੇ ਸੁਪਰੀਮ ਕੋਰਟ ਦਾ ਦਰਵਾਜਾ ਖਟਖਟਾਇਆ ਹੈ। ਜਿਸ ’ਚ ਮੰਗ ਕੀਤੀ ਗਈ ਹੈ ਕਿ ਭਗਵਾਨ ਜਗਨਨਾਥ ਦੀ ਭੂਮੀ ਨੂੰ ਵੇਚਣ ਤੋਂ ਰੋਕਣ ਲਈ ਅਦਾਲਤ ਗ੍ਰਹਿ ਮੰਤਰਾਲੇ ਦੇ ਕੈਬਨਿਟ ਸਕੱਤਰ, ਓਡੀਸ਼ਾ ਸਰਕਾਰ ਦੇ ਮੁੱਖ ਸਕੱਤਰ ਅਤੇ ਜਗਨਨਾਥ ਮੰਦਿਰ ਪ੍ਰਸ਼ਾਸ਼ਨ ਅਤੇ ਮੁੱਖ ਪ੍ਰਸ਼ਾਸ਼ਕ ਨੂੰ ਨਿਰਦੇਸ਼ ਜਾਰੀ ਕੀਤੇ ਜਾਣ।
ਪਟੀਸ਼ਨ ’ਚ ਸੁਪਰੀਮ ਕੋਰਟ ਨੂੰ ਦਖ਼ਲ ਦੇਣ ਦੀ ਮੰਗ ਕੀਤੀ ਹੈ, ਜਿਸ ਨਾਲ ਭਗਵਾਨ ਜਗਨਨਾਥ ਦੀ ਜਾਇਦਾਦ ’ਚ ਕਿਸੇ ਵੀ ਸਥਾਈ ਅਤੇ ਅਸਥਾਈ ਨਿਪਟਾਰੇ ਨੂੰ ਸੁਨਿਸ਼ਚਿਤ ਕਰਨ ਲਈ ਕੇਵਲ ਉਨ੍ਹਾਂ ਲੋਕਾਂ ਨੂੰ ਸ਼ਾਮਲ ਕੀਤਾ ਜਾਵੇ, ਜੋ ਧਰਮ ਦਾ ਪਾਲਣ ਕਰਦੇ ਹਨ ਅਤੇ ਭਗਵਾਨ ਦੀ ਪੂਜਾ ਕਰਦੇ ਹਨ।
ਮਿਲੀ ਜਾਣਕਾਰੀ ਮੁਤਾਬਕ, ਓਡੀਸ਼ਾ ਦੇ ਕਾਨੂੰਨ ਮੰਤਰੀ ਪ੍ਰਤਾਪ ਜੇਨਾ ਨੇ 16 ਮਾਰਚ ਨੂੰ ਵਿਧਾਨ ਸਭਾ ’ਚ ਦੱਸਿਆ ਸੀ ਕਿ ਰਾਜ ਦੀ ਪਟਨਾਇਕ ਸਰਕਾਰ ਨੇ ਭਗਵਾਨ ਜਗਨਨਾਥ ਦੇ ਹੱਕ ਵਾਲੀ 34,000 ਏਕੜ ਜ਼ਮੀਨ ਵੇਚਣ ਦਾ ਫ਼ੈਸਲਾ ਕੀਤਾ ਹੈ।
ਭਗਵਾਨ ਜਗਨਨਾਥ ਦੇ ਨਾਮ ’ਤੇ ਹੈ 60,426 ਏਕੜ ਜ਼ਮੀਨ
ਸਦਨ ’ਚ ਇੱਕ ਸਵਾਲ ਦਾ ਜਵਾਬ ਦਿੰਦਿਆ ਉਨ੍ਹਾਂ ਕਿਹਾ, 'ਭਗਵਾਨ ਜਗਨਨਾਥ ਦੇ ਨਾਮ ’ਤੇ ਲਗਭਗ 60,426 ਏਕੜ ਜ਼ਮੀਨ ਦੀ ਪਹਿਚਾਣ ਸੂਬੇ ਭਰ ਦੇ 24 ਜ਼ਿਲ੍ਹਿਆਂ ’ਚ ਕੀਤੀ ਗਈ ਹੈ।' ਮੰਤਰੀ ਨੇ ਦੱਸਿਆ ਕਿ ਪੱਛਮੀ ਬੰਗਾਲ, ਮਹਾਂਰਾਸ਼ਟਰ, ਮੱਧਪ੍ਰਦੇਸ਼,ਆਂਧਰਪ੍ਰਦੇਸ਼, ਛੱਤੀਸਗੜ੍ਹ ਅਤੇ ਬਿਹਾਰ ’ਚ 395 ਏਕੜ ਤੋਂ ਜ਼ਿਆਦਾ ਜ਼ਮੀਨ ਦੀ ਪਹਿਚਾਣ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੰਦਿਰ ਪ੍ਰਸ਼ਾਸ਼ਨ ਨੇ 34,876.983 ਏਕੜ ਭੂਮੀ ’ਤੇ ਮਾਲਕਾਨਾ ਹੱਕ ਪ੍ਰਾਪਤ ਕੀਤਾ ਹੈ ਅਤੇ ਸਬੰਧਿਤ ਜ਼ਿਲ੍ਹਿਆਂ ਦੇ ਕਲੈਕਟਰਾਂ ਨੂੰ ਇਨ੍ਹਾਂ ਸੰਪਤੀਆਂ ਨੂੰ ਵੇਚਣ ਲਈ ਕਿਹਾ ਹੈ।