ਦੇਹਰਾਦੂਨ: ਇੱਕ ਜੁਲਾਈ ਤੋਂ ਪੜਾਅਵਾਰ ਸ਼ੁਰੂ ਹੋ ਰਹੀ ਚਾਰਧਾਮ ਯਾਤਰਾ ਦੀ ਤਿਆਰੀ 'ਚ ਉਤਰਾਖੰਡ ਸਰਕਾਰ ਲੱਗੀ ਹੋਈ ਹੈ। ਸਰਕਾਰ ਵੱਲੋਂ ਚਾਰਧਾਮ ਨਾਲ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਅਹਿਮ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਹਨ। ਇਸੇ ਸਬੰਧ ਵਿੱਚ ਮੰਗਲਵਾਰ ਨੂੰ ਟਰਾਂਸਪੋਰਟ ਵਿਭਾਗ ਦੀ ਇੱਕ ਮੀਟਿੰਗ ਸਰਕਾਰੀ ਪੱਧਰ ‘ਤੇ ਕੀਤੀ ਗਈ। ਮੀਟਿੰਗ ਵਿੱਚ ਚਾਰਧਾਮ ਯਾਤਰਾ ਅਤੇ ਹੇਮਕੁੰਟ ਸਾਹਿਬ ਯਾਤਰਾ 'ਤੇ ਜਾਣ ਵਾਲੇ ਵਾਹਨਾਂ ਲਈ ਆਨਲਾਈਨ ਟਰਿੱਪ ਕਾਰਡ ਲਾਗੂ ਕੀਤਾ ਗਿਆ ਹੈ।
ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਪ੍ਰਾਈਵੇਟ ਵਾਹਨਾਂ ਤੋਂ ਉਪਭੋਗਤਾ ਚਾਰਜ ਦੇ ਰੂਪ ਵਿੱਚ ਐਂਟਰੀ ਸੈੱਸ ਵੀ ਆਨਲਾਈਨ ਇਕੱਤਰ ਕੀਤਾ ਜਾਵੇਗਾ। ਹਾਲਾਂਕਿ, ਪਹਿਲਾਂ ਉਪਭੋਗਤਾ ਚਾਰਜ ਵਜੋਂ ਐਂਟਰੀ ਸੈੱਸ 20 ਰੁਪਏ ਸੀ ਜੋ ਹੁਣ ਵਧਾ ਕੇ 50 ਰੁਪਏ ਕਰਨ ਦੀ ਤਿਆਰੀ ਵਿੱਚ ਹੈ। ਮੀਟਿੰਗ ਵਿੱਚ ਟਰਾਂਸਪੋਰਟ ਕਮਿਸ਼ਨਰ ਵਲੋਂ ਆਪਣਾ ਪ੍ਰਸਤਾਵ ਭੇਜਣ ਅਤੇ ਐੱਨ.ਆਈ.ਸੀ ਦੇ ਸਹਿਯੋਗ ਨਾਲ ਹਿਮਾਚਲ ਦੀ ਤਰਜ਼ ‘ਤੇ ਰਾਸ਼ੀ ਵਧਾਉਣ ਲਈ ਕਿਹਾ ਗਿਆ ਹੈ।
ਇਸ ਤੋਂ ਇਲਾਵਾ ਚਾਰਧਾਮ ਯਾਤਰਾ ਅਤੇ ਹੇਮਕੁੰਟ ਸਾਹਿਬ ਯਾਤਰਾ ਲਈ ਨਿੱਜੀ ਵਾਹਨਾਂ 'ਚ ਟਰਿੱਪ ਕਾਰਡ ਦੀ ਪ੍ਰਣਾਲੀ ਨੂੰ ਲਾਗੂ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ। ਇਸਦੇ ਨਾਲ ਹੀ ਟਰਿੱਪ ਕਾਰਡ ਨੂੰ ਲਾਗੂ ਕਰਨ ਲਈ ਜਿਸ ਵੀ ਚੀਜ ਦੀ ਜ਼ਰੂਰਤ ਹੈ ਉਸ ਨਾਲ ਜੁੜੀ ਕਾਰਵਾਈ ਤੁਰੰਤ ਪ੍ਰਭਾਵ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਅਜਿਹੀ ਸਥਿਤੀ ਵਿੱਚ ਚਾਰਧਾਮ ਯਾਤਰਾ ਲਈ ਜਾਣ ਵਾਲੀਆਂ ਸਾਰੀਆਂ ਨਿੱਜੀ ਅਤੇ ਪ੍ਰਾਈਵੇਟ ਗੱਡੀਆਂ ਦੇ ਨਾਲ-ਨਾਲ ਹੇਮਕੁੰਟ ਸਾਹਿਬ ਜਾਣ ਵਾਲੇ ਦੋ ਪਹੀਆ ਵਾਹਨਾਂ ਨੂੰ ਗਰੀਨ ਕਾਰਡ ਪੋਰਟਲ ਉੱਤੇ ਇੱਕ ਟਰਿੱਪ ਕਾਰਡ ਬਣਾਉਣਾ ਲਾਜ਼ਮੀ ਹੋਵੇਗਾ।
ਇਸਦੇ ਨਾਲ ਹੀ ਵਾਹਨਾਂ ਦੀ ਤਸਦੀਕ ਅਸਾਨੀ ਨਾਲ ਅਤੇ ਨਿਰਧਾਰਤ ਸਮੇਂ ਦੇ ਅੰਦਰ ਕੀਤੀ ਜਾ ਸਕੇ। ਇਸ ਦੇ ਲਈ ਐੱਨ.ਆਈ.ਸੀ ਦੀ ਸਹਾਇਤਾ ਨਾਲ ਜਾਰੀ ਕੀਤੇ ਗਏ ਟਰਿੱਪ ਕਾਰਡਾਂ ਨਾਲ ਮਿਲਾਉਣ ਦੀ ਪ੍ਰਣਾਲੀ ਨੂੰ ਵੀ ਬਹੁਤ ਸਰਲ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।
ਇਸ ਸਭ ਤੋਂ ਇਲਾਵਾ ਮੀਟਿੰਗ ਦੌਰਾਨ ਉੱਚ ਸੁਰੱਖਿਆ ਨੰਬਰ ਪਲੇਟਾਂ 'ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਹਰ ਕਿਸਮ ਦੇ ਵਾਹਨਾਂ ਲਈ ਮੋਟਰ ਵਹੀਕਲਜ਼ ਐਕਟ ਤਹਿਤ ਉੱਚ ਸੁਰੱਖਿਆ ਨੰਬਰ ਪਲੇਟਾਂ ਲਾਜ਼ਮੀ ਹਨ। ਅਜਿਹੀ ਸਥਿਤੀ ਵਿੱਚ ਜਿਹੜੇ ਵੀ ਵਾਹਨਾਂ 'ਤੇ ਇਹ ਨੰਬਰ ਪਲੇਟ ਨਹੀਂ ਹੈ, ਉਸ ਨੂੰ ਚਾਰਧਾਮ ਅਤੇ ਹੇਮਕੁੰਟ ਸਾਹਿਬ ਜਾਣ ਦੀ ਆਗਿਆ ਨਹੀਂ ਹੋਵੇਗੀ। ਇਸ ਦੇ ਲਈ ਜਲਦ ਹੀ ਟਰਾਂਸਪੋਰਟ ਵਿਭਾਗ ਤਿੰਨ ਆਟੋਮੈਟਿਕ ਨੰਬਰ ਪਲੇਟ ਰੀਕੋਗਨੀਸ਼ਨ ਐਕਸ਼ਨ ਕੈਮਰਿਆਂ ਦੀ ਖਰੀਦ ਕਰੇਗਾ। ਜਿਸ ਦਾ ਪ੍ਰਸਤਾਵ ਜਲਦੀ ਤਿਆਰ ਕਰਕੇ ਸਰਕਾਰ ਨੂੰ ਭੇਜਿਆ ਜਾਵੇਗਾ।
ਤੁਹਾਨੂੰ ਦੱਸ ਦੇਈਏ ਕਿ ਇਸ ਸੀਜ਼ਨ ਵਿੱਚ ਚਾਰਧਾਮ ਦੀ ਯਾਤਰਾ ਪੜਾਅਵਾਰ 1 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ। ਹਾਲਾਂਕਿ ਉਤਰਾਖੰਡ ਸਰਕਾਰ ਨੇ ਚਾਰਧਾਮ ਨਾਲ ਸਬੰਧਤ ਜ਼ਿਲ੍ਹਿਆਂ ਦੇ ਵਸਨੀਕਾਂ ਲਈ ਹੁਣੇ 1 ਜੁਲਾਈ ਤੋਂ ਯਾਤਰਾ ਸ਼ੁਰੂ ਕੀਤੀ ਹੈ। ਇਸੇ ਤਰ੍ਹਾਂ ਚਾਰਧਾਮ ਯਾਤਰਾ ਸੂਬੇ ਦੇ ਲੋਕਾਂ ਲਈ 11 ਜੁਲਾਈ ਤੋਂ ਸ਼ੁਰੂ ਕੀਤੀ ਜਾਏਗੀ।