ਸ਼ਿਮਲਾ: ਹਿਮਾਚਲ ਦੇ ਸਿਰਮੌਰ ਜ਼ਿਲ੍ਹੇ 'ਚ ਇਸ ਬਾਰ ਦੀ ਦੀਵਾਲੀ ਨੂੰ ਖਾਸ ਬਣਾਉਣ ਦੀ ਤਿਆਰੀ ਚੱਲ ਰਹੀ ਹੈ। ਤੁਸੀ ਦੀਵਾਲੀ 'ਤੇ ਮਿੱਟੀ ਦੇ ਦੀਵੇ ਦੇਖੇ , ਚਮਚਮਾਉਂਦੇ ਚਾਈਨੀਜ਼ ਦੀਵੇ ਦੇਖੇ ਹੋਣਗੇ। ਪਰ ਸਿਰਮੌਰ 'ਚ ਇਸ ਬਾਰ ਦੀਵਾਲੀ ਲਈ ਗਾਂ ਦੇ ਗੋਬਰ ਨਾਲ ਦੀਵੇ ਬਣਾਏ ਜਾ ਰਹੇ ਹਨ। ਪਸ਼ੂ ਪਾਲਣ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਲਈ ਇਹ ਪਹਿਲ ਕੀਤੀ ਹੈ।
ਨਾਹਨ ਨੇੜੇ ਬਾਲਾਸੁੰਦਰੀ ਗੌਸਦਨ 'ਚ ਮਹਿਲਾਵਾਂ ਨੂੰ ਗਾਂ ਦੇ ਗੋਬਰ ਤੋਂ ਦੀਵੇ ਬਣਾਉਣ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਘਰ ਦੇ ਕੋਲ ਹੀ ਰੁਜ਼ਗਾਰ ਮਿਲ ਸਕੇ ਤੇ ਮਹਿਲਾਵਾਂ ਵੀ ਇਸ ਕੰਮ 'ਚ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਹਨ।
ਜ਼ਿਲ੍ਹਾ ਪ੍ਰਸ਼ਾਸਨ ਦੀ ਇਸ ਪਹਿਲ 'ਚ ਫਿਲਹਾਲ 10 ਤੋਂ 12 ਮਹਿਲਾਵਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਜੋ ਰੋਜ਼ਾਨਾ ਇਥੇ ਪਹੁੰਚ ਕੇ ਗੋਬਰ ਦੇ ਦੀਵੇ ਬਣਾਉਣਾ ਸਿੱਖ ਰਹੀਆਂ ਹਨ। ਉਂਝ ਤਾਂ ਦਿਖਣ 'ਚ ਆਮ ਵਰਗੇ ਨਜ਼ਰ ਆਉਣ ਵਾਲੇ ਇਹ ਦੀਵੇ ਕਈ ਤਰੀਕਿਆਂ ਨਾਲ ਵਿਸ਼ੇਸ਼ ਹਨ
ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਇਸ ਬਾਰ ਦੀ ਦੀਵਾਲੀ ਨੂੰ ਗੋਬਰ ਦੇ ਦੀਵੇ ਖ਼ਾਸ ਬਣਾਉਣਗੇ, ਕੋਸ਼ਿਸ਼ ਹੈ ਕਿ ਇਹ ਦੀਵਾਲੀ ਆਤਮ ਨਿਰਭਰ ਬਣਨ ਦੀ ਰਾਹ 'ਤੇ ਨਿਕਲੀਆਂ ਮਹਿਲਾਵਾਂ ਦੀ ਜ਼ਿੰਦਗੀ ਨੂੰ ਵੀ ਰੋਸ਼ਨ ਕਰੇਗੀ ਪਰ ਇਸ 'ਚ ਸਮਾਜ ਦੀ ਹਿੱਸੇਦਾਰੀ ਵੀ ਜ਼ਰੂਰੀ ਹੈ।
ਗਾਂ ਦੇ ਗੋਬਰ ਨਾਲ ਦੀਵੇ ਬਣਾਉਣ ਦੀ ਪਹਿਲ 'ਚ ਪ੍ਰਸ਼ਾਸਨ ਕਈ ਮੁਸ਼ਕਲਾਂ ਦਾ ਹੱਲ ਦੇਖ ਰਿਹਾ ਹੈ। ਜਿਨ੍ਹਾਂ 'ਚ ਇੱਕ ਸਮੱਸਿਆ ਹੈ ਆਵਾਰਾ ਪਸ਼ੂਆਂ ਦੀ ਵੱਧ ਰਹੀ ਤਾਦਾਦ। ਇਸ ਮੁਹਿੰਮ ਰਾਂਹੀ ਪ੍ਰਸ਼ਾਸਨ ਆਤਮ ਨਿਰਭਰ ਭਾਰਤ ਦੇ ਨਾਲ ਲੋਕਲ ਤੋਂ ਵੋਕਲ ਬਣਾਉਣ ਵੱਲ ਨੂੰ ਕਦਮ ਵਧਾ ਰਿਹਾ ਹੈ। ਨਾਲ ਹੀ ਸੜਕ 'ਤੇ ਘੁੰਮਦੇ ਅਵਾਰਾ ਪਸ਼ੂਆਂ ਦੀ ਤਦਾਦ 'ਤੇ ਵੀ ਲਗਾਮ ਲਗਾਉਣਾ ਚਾਹੁੰਦਾ ਹੈ।
ਦਰਅਸਲ ਸੜਕਾਂ 'ਤੇ ਵੱਧ ਰਹੀ ਆਵਾਰਾ ਪਸ਼ੂਆਂ ਦੀ ਤਦਾਦ ਹਰ ਸੂਬੇ ਦੀ ਸਮੱਸਿਆ ਹੈ। ਗੋਬਰ ਤੋਂ ਦੀਵੇ ਬਣਾਉਣ ਦਾ ਇਹ ਆਈਡੀਆ ਪਸ਼ੂਆਂ ਨੂੰ ਆਵਾਰਾ ਛੱਡਣ ਵਾਲੇ ਲੋਕਾਂ ਲਈ ਪੈਸੇ ਕਮਾਉਣ ਦਾ ਜਰੀਆ ਹੈ ਤੇ ਪ੍ਰਸ਼ਾਸਨ ਲੋਕਾਂ ਨੂੰ ਇਹ ਹੀ ਸਮਝਾ ਰਿਹਾ ਹੈ।
ਕੁੱਲ ਮਿਲਾ ਕੇ, ਇਹ ਗੋਬਰ ਬਹੁਤ ਸਾਰੇ ਮਸਲਿਆਂ ਦਾ ਹੱਲ ਸਾਬਤ ਹੋ ਸਕਦਾ ਹੈ। ਹੁਣ ਇੰਤਜ਼ਾਰ ਦੀਵਾਲੀ ਦਾ ਹੈ ਤੇ ਉਮੀਦ ਵੀ ਦੀਵਾਲੀ ਤੋਂ ਹੈ ਜੋ ਇਨ੍ਹਾਂ ਦੀਵਿਆਂ ਦੇ ਸਹਾਰੇ ਰੋਸ਼ਨ ਹੋਈ ਤਾਂ ਮਹਿਲਾਵਾਂ ਵੀ ਆਤਮ ਨਿਰਭਰ ਹੋਣਗੀਆਂ, ਇਨ੍ਹਾਂ ਮੇਡ-ਇਨ-ਸਿਰਮੌਰ ਦੀਵਿਆਂ ਨੂੰ ਪਛਾਣ ਵੀ ਮਿਲੇਗੀ ਤੇ ਹੋ ਸਕਦਾ ਹੈ ਕਿ ਅਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦਾ ਵਿਚਾਰ ਵੀ ਇਨ੍ਹਾਂ ਦੀਵਿਆਂ ਦੀ ਰੌਸ਼ਨੀ ਵਿੱਚ ਪ੍ਰਗਟ ਹੋਵੇ।