ਮੁੰਬਈ: ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਦਾ ਕਹਿਰ ਤੇਜ਼ੀ ਨਾਲ ਵੱਧ ਰਿਹਾ ਹੈ। ਮਹਾਰਾਸ਼ਟਰ ਦੇ ਮੁਖ ਮੰਤਰੀ ਉਧਵ ਠਾਕਰੇ ਨੇ ਐਤਵਾਰ ਨੂੰ ਅਧਿਕਾਰੀਆਂ ਨੂੰ ਲੌਕਡਾਊਨ ਲਾਗੂ ਕਰਨ ਦੀ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਸਨ। ਹਾਲਾਂਕਿ, ਮਹਾਰਾਸ਼ਟਰ ਸਰਕਾਰ ਦੀ ਸਹਿਯੋਗੀ ਪਾਰਟੀ ਐਨਸੀਪੀ ਲੌਕਡਾਊਨ ਲਗਾਉਣ ਦੇ ਹੱਕ ਵਿੱਚ ਨਹੀਂ ਹੈ।
ਐਨਸੀਪੀ ਨੇਤਾ ਤੇ ਮੰਤਰੀ ਨਵਾਬ ਮਲਿਕ ਦਾ ਕਹਿਣਾ ਹੈ ਕਿ ਅਸੀਂ ਲੌਕਡਾਊਨ ਨਹੀਂ ਲਗਾ ਸਕਦੇ, ਅਸੀਂ ਮੁੱਖ ਮੰਤਰੀ ਨੂੰ ਹੋਰ ਵਿਕਲਪਾਂ 'ਤੇ ਵਿਚਾਰ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਨ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਲੌਕਡਾਊਨ ਲਈ ਤਿਆਰ ਰਹਿਣ ਦੀ ਹਦਾਇਤ ਕੀਤੀ ਹੈ, ਪਰ ਜੇ ਲੋਕ ਨਿਯਮਾਂ ਦੀ ਪਾਲਣਾ ਕਰਦੇ ਹਨ ਤਾਂ ਇਸ ਤੋਂ ਬਚਿਆ ਜਾ ਸਕਦਾ ਹੈ।
ਦੱਸਣਯੋਗ ਹੈ ਕਿ ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਵਾਧੇ ਦੇ ਮੱਦੇਨਜ਼ਰ ਮੁਖ ਮੰਤਰੀ ਉਧਵ ਠਾਕਰੇ ਨੇ ਐਤਵਾਰ ਨੂੰ ਸੂਬੇ 'ਚ ਕੋਵਿਡ -19 ‘ਤੇ ਕਰਮਚਾਰੀਆਂ ਦੀ ਸਿਫਾਰਸ਼ ‘ਤੇ ਤਾਲਾਬੰਦੀ ਨੂੰ ਲਾਗੂ ਕਰਨ ਲਈ ਅਜਿਹੀ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਸਨ। ਬਿਆਨ ਦੇ ਮੁਤਾਬਕ, ਕਰਮਚਾਰੀਆਂ ਨੇ ਸੂਬੇ 'ਚ ਲਾਗ ਦੇ ਫੈਲਣ ਤੋਂ ਰੋਕਣ ਲਈ ਸਖ਼ਤ ਲੌਕਡਾਊਨ ਦੀ ਸਿਫਾਰਸ਼ ਕੀਤੀ ਹੈ।
ਲੌਕਡਾਊਨ ਕੋਈ ਹੱਲ ਨਹੀਂ ਹੈ- ਭਾਜਪਾ
ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਚੰਦਰਕਾਂਤ ਪਾਟਿਲ ਨੇ ਸੋਮਵਾਰ ਨੂੰ ਕਿਹਾ ਕਿ ਲੌਕਡਾਊਨ ਲਾਗੂ ਹੋਣ ਨਾਲ ਕੋਰੋਨਾ ਦੀ ਲਾਗ ਦੀ ਸਮੱਸਿਆ ਦਾ ਹੱਲ ਨਹੀਂ ਹੋਵੇਗਾ। ਪੁਣੇ ਦੇ ਪੁਲਿਸ ਕਮਿਸ਼ਨਰ ਅਮਿਤਾਭ ਗੁਪਤਾ ਨਾਲ ਮੁਲਾਕਾਤ ਤੋਂ ਬਾਅਦ ਪਾਟਿਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਨਾ ਸਿਰਫ ਭਾਜਪਾ, ਬਲਕਿ ਗੈਰ ਸੰਗਠਿਤ ਖ਼ੇਤਰ ਦੇ ਸਾਰੇ ਵਪਾਰੀ ਤੇ ਵਰਕਰ ਇਸ ਤਾਲਾਬੰਦੀ ਦਾ ਵਿਰੋਧ ਕਰਨਗੇ।