ਸੋਨੀਪਤ: ਨੌਦੀਪ ਕੌਰ ਦੇ ਸਾਥੀ ਸ਼ਿਵ ਕੁਮਾਰ ਨੂੰ ਤੀਜੇ ਕੇਸ ’ਚੋਂ ਜ਼ਮਾਨਤ ਮਿਲਣ ਤੋਂ ਬਾਅਦ ਦੇਰ ਸ਼ਾਮ ਉਹ ਸੋਨੀਪਤ ਜੇਲ੍ਹ ਵਿੱਚੋਂ ਰਿਹਾਅ ਹੋਇਆ। ਦੱਸ ਦਈਏ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਸਦਕਾ ਇਹ ਸੰਭਵ ਹੋ ਸਕਿਆ ਹੈ ਤੇ ਇਸ ਮੌਕੇ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਉਸਦੀ ਰਿਹਾਈ ਮੌਕੇ ਵਿਸ਼ੇਸ਼ ਤੌਰ ‘ਤੇ ਸੋਨੀਪਤ ਜੇਲ੍ਹ ਬਾਹਰ ਪਹੁੰਚੇ।
ਇਹ ਵੀ ਪੜੋ: ਐਨਐਸਐਸ ਕੈਂਪ ਦੇ ਆਖ਼ਰੀ ਦਿਨ ਡੀਸੀ ਨੇ ਵੰਡੇ ਸਨਮਾਨ
ਇਸ ਮੌਕੇ ਸਿਰਸਾ ਨੇ ਦੱਸਿਆ ਕਿ ਸ਼ਿਵ ਕੁਮਾਰ ਦੀ ਤੀਜੇ ਕੇਸ ਵਿੱਚ ਵੀ ਜ਼ਮਾਨਤ ਮਨਜ਼ੂਰ ਹੋ ਗਈ ਜਿਸ ਮਗਰੋਂ ਉਸਨੂੰ ਸੋਨੀਪਤ ਜੇਲ੍ਹ ਵਿੱਚੋਂ ਰਿਹਾਅ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸ਼ਿਵ ਕੁਮਾਰ ‘ਤੇ ਵੀ ਨੌਦੀਪ ਕੌਰ ਵਾਂਗ ਹੀ ਨਜਾਇਜ਼ ਕੇਸ ਦਰਜ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਸ਼ਿਵ ਕੁਮਾਰ ਨਾਲ ਬਹੁਤ ਧੱਕੇਸ਼ਾਹੀ ਕੀਤੀ, ਉਸਦੇ ਨਹੁੰ ਖਿੱਚੇ ਗਏ ਤੇ ਡੇਢ ਮਹੀਨੇ ਤੱਕ ਐਨਕ ਵੀ ਨਹੀਂ ਦਿੱਤੀ ਗਈ। ਬਾਹਾਂ ਤੋੜ ਦਿੱਤੀਆਂ ਗਈਆਂ ਤੇ ਡੇਢ ਮਹੀਨੇ ਤੱਕ ਪਲੱਸਤਰ ਵੀ ਨਹੀਂ ਲੱਗਣ ਦਿੱਤਾ। ਇਸ ਮੌਕੇ ਉਨ੍ਹਾਂ ਭਰੋਸਾ ਦਵਾਇਆ ਕਿ ਦਿੱਲੀ ਕਮੇਟੀ ਇਹ ਲੜਾਈ ਇਸੇ ਤਰੀਕੇ ਲੜਦੀ ਰਹੇਗੀ ਤੇ ਸਾਰਿਆਂ ਨੂੰ ਇਨਸਾਫ ਦੁਆਇਆ ਜਾਵੇਗਾ।
ਇਹ ਵੀ ਪੜੋ: ਮੁੱਖ ਮੰਤਰੀ ਦਾ ਫ਼ਾਰੁਖ ਅਬਦੁੱਲਾ ਨਾਲ ਡਾਂਸ ਦਾ ਵੀਡੀਓ ਹੋਇਆ ਵਾਇਰਲ
ਇਸ ਦੌਰਾਨ ਸਿਰਸਾ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੌਰਾਨ ਗ੍ਰਿਫਤਾਰ ਕੀਤੇ ਗਏ 6 ਹੋਰ ਲੋਕਾਂ ਦੀ ਜ਼ਮਾਨਤ ਅੱਜ ਅਦਾਲਤ ਨੇ ਮਨਜ਼ੂਰ ਕਰ ਲਈ। ਉਨ੍ਹਾਂ ਦੱਸਿਆ ਕਿ ਪੁਲਿਸ ਥਾਣਾ ਨਾਂਗਲੋਈ ਵੱਲੋਂ ਇਨ੍ਹਾਂ ਲੋਕਾਂ ਦੇ ਖਿਲਾਫ 307 ਤੇ ਹੋਰ ਕਈ ਇਲਜ਼ਾਮ ਲਾਏ ਸਨ ਪਰ ਲੀਗਲ ਕਮੇਟੀ ਵੱਲੋਂ ਕੀਤੇ ਯਤਨਾਂ ਸਦਕਾ ਅਦਾਲਤਾਂ ਨੇ ਵੀ ਮਹਿਸੂਸ ਕਰ ਲਿਆ ਹੈ ਕਿ ਇਹ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਅੱਜ ਜਿਹਨਾਂ ਨੂੰ ਜ਼ਮਾਨਤ ਮਿਲੀ ਹੈ, ਉਨ੍ਹਾਂ ਵਿੱਚ ਸਤਪਾਲ, ਅਸ਼ੋਕ, ਧਰਮਪਾਲ ਅਜਮੇਰ ਸਿੰਘ, ਜਗਬੀਰ ਸਿੰਘ ਤੇ ਰਾਜੀਵ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 121 ਵਿਅਕਤੀਆਂ ਨੂੰ ਜ਼ਮਾਨਤ ਮਿਲ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 6 ਵਿਅਕਤੀਆਂ ਦੀ ਜ਼ਮਾਨਤ ਦੀ ਸੁਣਵਾਈ ਭਲਕੇ ਅਦਾਲਤ ਵਿੱਚ ਹੋਣੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ 22 ਸਾਲਾ ਨੌਜਵਾਨ ਰਣਜੀਤ ਸਿੰਘ ਬਿੱਲਕੁੱਲ ਠੀਕ ਤੇ ਤੰਦਰੁਸਤ ਹੈ।