ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਖਿਲਾਫ਼ ਦਿੱਲੀ ਦੇ ਸਿੰਘੂ ਬਾਰਡਰ 'ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਚੱਲ ਰਿਹਾ ਹੈ। ਉੱਥੇ ਹੀ 4 ਜਨਵਰੀ ਨੂੰ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਮੁੜ ਤੋਂ ਬੈਠਕ ਕੀਤੀ ਜਾਵੇਗੀ।
ਕਿਸਾਨਾਂ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾ ਕੇਂਦਰੀ ਖੇਤੀ ਮੰਤਰੀ ਦਾ ਬਿਆਨ ਸਾਹਮਣੇ ਆਇਆ ਹੈ। ਖੇਤੀ ਮੰਤਰੀ ਨਰੇਂਦਰ ਤੋਮਰ ਨੇ ਉਮੀਦ ਜਤਾਈ ਕਿ ਚਾਰ ਜਨਵਰੀ ਨੂੰ ਕਿਸਾਨ ਜਥੇਬੰਦੀਆਂ ਦੇ ਨਾਲ ਹੋਣ ਵਾਲੀ ਬੈਠਕ ਦਾ ਨਤੀਜਾ ਖੇਤੀ-ਕਿਸਾਨੀ ਦੇ ਹਿੱਤ 'ਚ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਦੇ ਨਾਲ ਚਾਰ ਜਨਵਰੀ ਨੂੰ ਹੋਣ ਵਾਲੀ ਅਗਲੇ ਦੌਰ ਦੀ ਬੈਠਕ 'ਚ ਸਾਕਾਰਾਤਮਕ ਨਤੀਜੇ ਨਿੱਕਲਣ ਦੀ ਉਮੀਦ ਹੈ।
ਨਰੇਂਦਰ ਤੋਮਰ ਨੇ ਕਿਹਾ ਕਿ ਉਹ ਕੋਈ ਭਵਿੱਖਬਾਣੀ ਤਾਂ ਨਹੀਂ ਕਰ ਸਕਦੇ ਕਿ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਨਾਲ ਚਾਰ ਜਨਵਰੀ ਦੀ ਬੈਠਕ ਅੰਤਿਮ ਬੈਠਕ ਹੋਵੇਗੀ। ਫਿਲਹਾਲ ਹੁਣ ਵੇਖਣਾ ਹੋਵੇਗਾ ਕਿ 4 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਦਾ ਕੀ ਸਿੱਟਾ ਨਿਕਲਦਾ ਹੈ।