ਗੋਰਖਪੁਰ/ਉੱਤਰ ਪ੍ਰਦੇਸ਼ : ਐਤਵਾਰ ਰਾਤ ਇੱਕ ਵਿਆਹ ਸਮਾਗਮ ਵਿੱਚ ਹਫੜਾ-ਦਫੜੀ ਮੱਚ ਗਈ। 60 ਤੋਂ ਵੱਧ ਲੋਕ ਜ਼ਹਿਰੀਲੇ ਭੋਜਨ ਦਾ ਸ਼ਿਕਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਸਮਾਰੋਹ 'ਚ ਰਸਮਲਾਈ ਖਾਣ ਤੋਂ ਬਾਅਦ ਇਕ ਤੋਂ ਬਾਅਦ ਇਕ ਲੋਕਾਂ ਨੇ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਹ ਸਮਾਗਮ ਪਿਪਰਾਚ ਇਲਾਕੇ ਦੇ ਗੋਦਾਵਰੀ ਮੈਰਿਜ ਹਾਲ ਵਿੱਚ ਆਯੋਜਿਤ ਕੀਤਾ ਗਿਆ ਸੀ। ਜਲਦਬਾਜ਼ੀ 'ਚ ਮਰੀਜ਼ਾਂ ਨੂੰ ਪੀ.ਐੱਚ.ਸੀ. ਪਿਪਰਾਚ, ਜ਼ਿਲ੍ਹਾਂ ਹਸਪਤਾਲ ਅਤੇ ਮੈਡੀਕਲ ਕਾਲਜ ਲਿਜਾਇਆ ਗਿਆ।
ਜਾਨੀ ਨੁਕਸਾਨ ਤੋਂ ਬਚਾਅ : ਜ਼ਿਲ੍ਹਾ ਹਸਪਤਾਲ ਤੋਂ ਸੂਚਨਾ ਮਿਲਣ ਤੋਂ ਬਾਅਦ 12 ਐਂਬੂਲੈਂਸਾਂ ਨੂੰ ਰਵਾਨਾ ਕੀਤਾ ਗਿਆ। ਸੀਐਮਓ ਡਾ. ਆਸ਼ੂਤੋਸ਼ ਕੁਮਾਰ ਦੂਬੇ ਖ਼ੁਦ ਜ਼ਿਲ੍ਹਾ ਹਸਪਤਾਲ ਵਿੱਚ ਮਰੀਜ਼ਾਂ ਦੀ ਦੇਖਭਾਲ ਲਈ ਮੌਜੂਦ ਰਹੇ। ਐਡੀਸ਼ਨਲ ਸੀਐਮਓ ਨੰਦਕੁਮਾਰ ਅਤੇ ਪੀਐਚਸੀ ਤੇ ਬੀਆਰਡੀ ਮੈਡੀਕਲ ਕਾਲਜ ਨੂੰ ਜਾਣਕਾਰੀ ਦੇ ਕੇ ਮਰੀਜ਼ਾਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਉਣ ਲਈ ਅਲਰਟ ਮੋਡ 'ਤੇ ਪ੍ਰਬੰਧ ਕੀਤੇ ਗਏ ਸਨ। ਫਿਲਹਾਲ ਅਜੇ ਤੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ, ਮਰੀਜ਼ ਜ਼ੇਰੇ ਇਲਾਜ ਹਨ।
![People ill In Wedding Ceremony, gorakhpur food poisoning case](https://etvbharatimages.akamaized.net/etvbharat/prod-images/up-gkp-01-more-than-60-fell-ill-after-eating-sweets-in-wedding-ceremony-created-furore-ongoing-treatment-avb-7201177_06032023063958_0603f_1678064998_404.jpg)
ਫੂਡ ਵਿਭਾਗ ਦੀ ਟੀਮ ਨੇ ਲਏ ਸੈਂਪਲ: ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਅਤੇ ਪੁਲਿਸ ਵੀ ਮੌਕੇ 'ਤੇ ਪਹੁੰਚੇ। ਮੈਰਿਜ ਹਾਲ ਸੀਲ ਕਰ ਦਿੱਤਾ ਗਿਆ। ਫੂਡ ਵਿਭਾਗ ਦੀ ਟੀਮ ਨੇ ਵੀ ਪਹੁੰਚ ਕੇ ਮੌਕੇ ਉੱਤੇ ਮਠਿਆਈਆਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੇ ਸੈਂਪਲ ਲਏ। ਉਲਟੀਆਂ ਅਤੇ ਦਸਤ ਦੀ ਤੁਰੰਤ ਸਥਿਤੀ 'ਤੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮਠਿਆਈਆਂ ਜਾਂ ਭੋਜਨ ਵਿੱਚ ਕੁਝ ਮਿਲਾਵਟ ਜ਼ਰੂਰ ਹੋਈ ਹੋਵੇਗੀ। ਫਿਲਹਾਲ ਰਿਪੋਰਟ ਆਉਣ ਤੋਂ ਬਾਅਦ ਹੀ ਸਹੀ ਸਥਿਤੀ ਸਾਹਮਣੇ ਆਵੇਗੀ।
ਬਰਾਤ ਪਹੁੰਚਣ ਉੱਤੇ ਚੱਲ ਰਿਹਾ ਸੀ ਖਾਣਾ: ਗੋਰਖਪੁਰ ਦੇ ਗੋਪਾਲਪੁਰ ਨਿਵਾਸੀ ਰਾਮ ਅਚਲ ਸ਼੍ਰੀਵਾਸਤਵ ਦੀ ਬੇਟੀ ਦਾ ਵਿਆਹ ਮਹਾਰਾਜਗੰਜ ਨਿਵਾਸੀ ਅਸ਼ੋਕ ਸ਼੍ਰੀਵਾਸਤਵ ਦੇ ਬੇਟੇ ਸਚਿਨ ਨਾਲ ਹੋਣਾ ਸੀ। ਬਰਾਤ ਆਉਣ ਉੱਤੇ ਸਾਰੇ ਨਾਸ਼ਤਾ ਕਰ ਕੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ। ਖਾਣਾ ਚੱਲ ਰਿਹਾ ਸੀ। ਇਸ ਦੌਰਾਨ ਮਠਿਆਈ ਖਾਣ ਵਾਲੇ ਲੋਕਾਂ ਨੂੰ ਕੁਝ ਹੀ ਸਮੇਂ ਵਿੱਚ ਇੱਕ-ਇੱਕ ਕਰਕੇ ਉਲਟੀਆਂ ਆਉਣ ਲੱਗੀਆਂ। ਇਸ ਤੋਂ ਬਾਅਦ ਅਜਿਹਾ ਹੰਗਾਮਾ ਹੋਇਆ ਕਿ ਰਾਤ ਭਰ ਹਸਪਤਾਲਾਂ ਦੀ ਦੌੜ ਲੱਗੀ ਰਹੀ। ਇਸ ਦੌਰਾਨ ਲੜਕਾ-ਲੜਕੀ ਦਾ ਜਲਦਬਾਜ਼ੀ 'ਚ ਵਿਆਹ ਕਰਵਾ ਕੇ ਰਾਤ ਨੂੰ ਹੀ ਲੜਕੀ ਦੀ ਵਿਦਾਈ ਦਾ ਕੰਮ ਪੂਰਾ ਕਰ ਲਿਆ ਗਿਆ।
ਫੂਡ ਪੁਆਇਜ਼ਨਿੰਗ ਮਾਮਲੇ ਤਹਿਤ ਹੋ ਰਹੀ ਜਾਂਚ: ਇਸ ਮਾਮਲੇ ਸਬੰਧੀ ਸੀਐਮਓ ਡਾ.ਆਸ਼ੂਤੋਸ਼ ਕੁਮਾਰ ਦੂਬੇ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਉਨ੍ਹਾਂ ਨੇ ਮਰੀਜ਼ਾਂ ਦੇ ਇਲਾਜ ਲਈ ਸਾਰੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ। ਐਂਬੂਲੈਂਸ ਨੂੰ ਮੌਕੇ 'ਤੇ ਰਵਾਨਾ ਕੀਤਾ ਗਿਆ। ਡਾਕਟਰਾਂ ਦੀ ਟੀਮ ਨੂੰ ਚੌਕਸ ਕਰ ਦਿੱਤਾ ਗਿਆ। ਰਾਤ ਨੂੰ ਹੀ ਕਰੀਬ 15 ਮਰੀਜ਼ਾਂ ਨੂੰ ਪੀ.ਐਚ.ਸੀ ਪਿਪਰਾਚ ਵਿਖੇ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਜਿਨ੍ਹਾਂ ਦੀ ਹਾਲਤ ਗੰਭੀਰ ਜਾਪਦੀ ਹੈ, ਉਨ੍ਹਾਂ ਨੂੰ ਦਾਖਲ ਕਰਵਾ ਕੇ ਇਲਾਜ ਕਰਵਾਇਆ ਜਾ ਰਿਹਾ ਹੈ।
ਬੀਆਰਡੀ ਮੈਡੀਕਲ ਕਾਲਜ ਵਿੱਚ 6 ਤੋਂ ਵੱਧ ਮਰੀਜ਼ ਦਾਖ਼ਲ ਹਨ। ਵਿਆਹ ਦੀ ਰਸਮ ਲਈ ਮੱਛੀ ਅਤੇ ਚਿਕਨ ਵੀ ਤਿਆਰ ਕੀਤੇ ਗਏ ਸਨ। ਸਾਰੀਆਂ ਖਾਣ-ਪੀਣ ਵਾਲੀਆਂ ਵਸਤਾਂ ਦੇ ਸੈਂਪਲ ਲਏ ਗਏ ਹਨ। ਏਡੀਐਮ ਪ੍ਰਸ਼ਾਸਨ ਪੁਰਸ਼ੋਤਮ ਦਾਸ ਗੁਪਤਾ ਨੇ ਦੱਸਿਆ ਕਿ ਮੁੱਢਲੇ ਤੌਰ ’ਤੇ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ। ਸਾਰਿਆਂ ਦੀ ਹਾਲਤ ਸਥਿਰ ਹੈ। ਫੂਡ ਪੁਆਇਜ਼ਨਿੰਗ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੇਕਰ ਕੋਈ ਕਮੀ ਪਾਈ ਗਈ, ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Umesh Pal Murder Case: ਉਮੇਸ਼ਪਾਲ ਕਤਲ ਕਾਂਡ ਵਿੱਚ ਇੱਕ ਸ਼ੂਟਰ ਦਾ ਐਨਕਾਊਂਟਰ