ਚੰਡੀਗੜ੍ਹ: ਮਿਸ ਯੂਨੀਵਰਸ 2021 (Miss Universe 2021) ਦਾ ਖਿਤਾਬ ਹਰਨਾਜ਼ ਕੌਰ ਸੰਧੂ ਨੇ ਆਪਣੇ ਨਾਂ ਕਰ ਲਿਆ ਹੈ। ਤਕਰੀਬਨ 21 ਸਾਲਾਂ ਬਾਅਦ ਮਿਸ ਯੂਨੀਵਰਸ 2021 (Harnaaz Sandhu wins Miss Universe 2021) ਦਾ ਖਿਤਾਬ ਭਾਰਤ ਨੂੰ ਮਿਲਿਆ ਹੈ। ਹਰਨਾਜ਼ ਸੰਧੂ ਤੋਂ ਪਹਿਲਾਂ ਲਾਰਾ ਦੱਤਾ ਨੇ ਇਹ ਖਿਤਾਬ ਜਿੱਤਿਆ ਸੀ। ਹੁਣ ਹਰਨਾਜ਼ ਸੰਧੂ ਦੀ ਇਸ ਜਿੱਤ ’ਤੇ ਪੂਰੇ ਦੇਸ਼ ਨੂੰ ਮਾਣ ਹੈ।
ਮੂਲ ਰੂਪ ’ਚ ਬਟਾਲਾ ਦੀ ਰਹਿਣ ਵਾਲੀ ਹੈ ਹਰਨਾਜ਼
ਹਰਨਾਜ਼ ਸੰਧੂ ਮੂਲ ਰੂਪ ਵਿੱਚ ਪੰਜਾਬ ਦੇ ਗੁਰਦਾਸਪੁਰ ਦੀ ਰਹਿਣ ਵਾਲੀ ਹੈ। ਪਰ ਉਸ ਦਾ ਪਰਿਵਾਰ ਪਿਛਲੇ ਕੁਝ ਸਮੇਂ ਤੋਂ ਮੁਹਾਲੀ ਵਿੱਚ ਰਹਿ ਰਿਹਾ ਹੈ। ਮੌਜੂਦਾਂ ਸਮੇਂ ਵਿੱਚ ਉਹ ਲੋਕ ਪ੍ਰਸ਼ਾਸਨ ਵਿੱਚ ਆਪਣੀ ਪੋਸਟ ਗ੍ਰੈਜੂਏਸ਼ਨ ਕਰ ਰਹੀ ਹੈ। ਆਪਣੀ ਪੜ੍ਹਾਈ ਦੌਰਾਨ ਹਰਨਾਜ਼ ਨੇ ਕਈ ਮਾਡਲਿੰਗ ਸ਼ੋਅਜ਼ ਅਤੇ ਬਿਊਟੀ ਪੇਜੈਂਟਸ ਵਿੱਚ ਹਿੱਸਾ ਲਿਆ, ਇਸ ਦੇ ਬਾਵਜੂਦ ਹਰਨਾਜ਼ ਨੇ ਪੜ੍ਹਾਈ ਤੋਂ ਦੂਰੀ ਨਹੀਂ ਬਣਾਈ। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ 'ਲਿਵਾ ਮਿਸ ਦੀਵਾ ਯੂਨੀਵਰਸ 2021' ਦਾ ਖਿਤਾਬ ਵੀ ਜਿੱਤਿਆ ਸੀ। ਹਰਨਾਜ਼ ਕੌਰ ਸੰਧੂ ਫੈਮਿਨਾ ਮਿਸ ਇੰਡੀਆ 2019 ਦੇ ਗ੍ਰੈਂਡ ਫਿਨਾਲੇ ਵਿੱਚ ਪਹੁੰਚੀ ਸੀ।
ਹਰਨਾਜ਼ ਦੇ ਭਰਾ ਨੂੰ ਆਪਣੀ ਭੈਣ ’ਤੇ ਬਹੁਤ ਮਾਣ
ਹਰਨਾਜ਼ ਦੇ ਭਰਾ ਹਰਨੂਰ ਸੰਧੂ ਨੇ ਦੱਸਿਆ ਕਿ ਹਰਨਾਜ਼ ਨੇ ਆਪਣੀ ਪੜ੍ਹਾਈ ਚੰਡੀਗੜ੍ਹ ਵਿੱਚ ਹੀ ਕੀਤੀ ਹੈ। ਚੰਡੀਗੜ੍ਹ ਦੇ ਸ਼ਿਵਾਲਿਕ ਸਕੂਲ ਅਤੇ ਖਾਲਸਾ ਸਕੂਲ ਵਿੱਚ ਆਪਣੀ ਪੜ੍ਹਾਈ ਕੀਤੀ ਹੈ। ਬਚਪਨ ਤੋਂ ਹੀ ਉਹ ਜੱਜ ਬਣਨ ਦਾ ਸੁਪਨਾ ਦੇਖਦੀ ਆਈ ਹੈ। ਫਿਲਹਾਲ ਉਹ ਆਪਣੀ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਸੈਕਟਰ 42 ਦੇ ਪੋਸਟ ਗ੍ਰੈਜੂਏਸ਼ਨ ਕਾਲਜ ਤੋਂ ਕਰ ਰਹੀ ਹੈ। ਪੂਰੇ ਪਰਿਵਾਰ ਨੂੰ ਹਰਨਾਜ਼ ’ਤੇ ਬਹੁਤ ਮਾਣ ਹੈ।
ਘਰ ਆਉਣ ’ਤੇ ਕੀਤਾ ਜਾਵੇਗਾ ਭਰਵਾਂ ਸਵਾਗਤ
ਭਰਾ ਹਰਨੂਰ ਸੰਧੂ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਦੀ ਹਰਨਾਜ਼ ਨਾਲ ਜਿਆਦਾ ਗੱਲ ਨਹੀਂ ਹੋਈ ਹੈ। ਪਰ ਜਿਵੇਂ ਹੀ ਉਹ ਭਾਰਤ ਆਵੇਗੀ ਉਸਦਾ ਘਰ ਆਉਣ ’ਤੇ ਭਰਵਾ ਸਵਾਗਤ ਕੀਤਾ ਜਾਵੇਗਾ।
ਦੋ ਫਿਲਮਾਂ ’ਚ ਕੀਤਾ ਹਰਨਾਜ਼ ਨੇ ਕੰਮ
ਦੱਸ ਦਈਏ ਕਿ ਹਰਨਾਜ਼ ਸੰਧੂ ਨੇ ਦੋ ਪੰਜਾਬੀ ਫਿਲਮਾਂ 'ਯਾਰਾ ਦੀਆਂ ਪੁ ਬਾਰਾਂ' ਅਤੇ 'ਬਾਈ ਜੀ ਕੁਟਾਂਗੇ' 'ਚ ਕੰਮ ਕੀਤਾ ਹੈ ਜੋ ਕਿ ਅਗਲੇ ਸਾਲ 2022 ਚ ਰਿਲੀਜ਼ ਹੋਣਗੀਆਂ।
ਕਈ ਮੁਕਾਬਲਿਆਂ ’ਚ ਹਿੱਸਾ ਲੈ ਚੁੱਕੀ ਹੈ ਹਰਨਾਜ਼
ਦੱਸ ਦਈਏ ਕਿ ਹਰਨਾਜ਼ ਇਸ ਤੋਂ ਪਹਿਲਾਂ ਵੀ ਕਈ ਸੁੰਦਰਤਾ ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕੀ ਹੈ। ਓਪੋ ਫਰੈਸ਼ ਫੇਸ ਆਫ ਦਿ ਈਅਰ 2017 ਵਿੱਚ ਹਰਨਾਜ਼ ਸੈਕੇਂਡ ਰਨਰ ਅੱਪ ਰਹੀ ਸੀ। ਸ਼ਾਰਟਲਿਸਟ ਕੀਤੇ ਗਏ ਦਸ ਮੁਕਾਬਲਿਆਂ ਵਿੱਚ ਹਰਨਾਜ਼ ਨੇ ਮਿਸ ਪੰਜਾਬ ਦਾ ਖਿਤਾਬ ਜਿੱਤਿਆ। 2018 ਵਿੱਚ ਉਨ੍ਹਾਂ ਨੇ ਮੈਕਸ ਐਮਰਜਿੰਗ ਸਟਾਰ ਦਾ ਖਿਤਾਬ ਜਿੱਤਿਆ। 21 ਸਾਲਾ ਹਰਨਾਜ਼ ਸੰਧੂ ਨੂੰ ਗਾਇਕੀ, ਡਾਂਸ ਅਤੇ ਪੜ੍ਹਨ ਦਾ ਸ਼ੌਕ ਹੈ। ਹਰਨਾਜ਼ ਆਪਣੀ ਮਾਂ ਨੂੰ ਰੋਲ ਮਾਡਲ ਮੰਨਦੀ ਹੈ। ਸੰਧੂ ਬੈਡਮਿੰਟਨ ਦੀ ਸੂਬਾ ਪੱਧਰੀ ਖਿਡਾਰੀ ਰਹਿ ਚੁੱਕੀ ਹੈ।
ਹਰਨਾਜ ਸੰਧੂ ਦੇ ਖਿਤਾਬ
- ਟਾਈਮਜ਼ ਫਰੈਸ਼ ਫੇਸ ਮਿਸ ਚੰਡੀਗੜ੍ਹ (2017)
- ਮਿਸ ਮੈਕਸ ਐਮਰਜਿੰਗ ਸਟਾਰ (2018)
- ਫੈਮਿਨਾ ਮਿਸ ਇੰਡੀਆ ਪੰਜਾਬ (2019)
- ਮਿਸ ਯੂਨੀਵਰਸ ਇੰਡੀਆ (2021)
ਇਹ ਵੀ ਪੜੋ: Miss Universe 2021: ਹਰਨਾਜ ਸੰਧੂ ਦਾ ਕਦੇ ਬਣਦਾ ਸੀ ਮਜ਼ਾਕ, ਦੇਸ਼ ਦੀ ਇਸ ਧੀ ’ਤੇ ਸਾਰਿਆਂ ਨੂੰ ਮਾਣ
ਦੇਸ਼ ਦੀ ਤੀਜੀ ਧੀ ਨੇ ਖਿਤਾਬ ਜਿੱਤਿਆ
ਦੱਸ ਦਈਏ ਕਿ ਇਹ ਤੀਜੀ ਵਾਰ ਹੈ, ਜਦੋਂ ਦੇਸ਼ ਦੀ ਧੀ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਹੈ। ਸਭ ਤੋਂ ਪਹਿਲਾਂ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੁਸ਼ਮਿਤਾ ਸੇਨ ਨੇ ਮਿਸ ਯੂਨੀਵਰਸ ਮੁਕਾਬਲਾ (1994) ਜਿੱਤਿਆ। ਛੇ ਸਾਲ ਬਾਅਦ ਅਦਾਕਾਰਾ ਲਾਰਾ ਦੱਤਾ ਨੇ ਮਿਸ ਯੂਨੀਵਰਸ (2000) ਦਾ ਖਿਤਾਬ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕੀਤਾ ਸੀ। ਇਸ ਦੇ ਨਾਲ ਹੀ ਹਰਨਾਜ਼ ਦੇਸ਼ ਦੀ ਤੀਜੀ ਬੇਟੀ ਹੈ, ਜਿਸ ਨੇ ਮਿਸ ਯੂਨੀਵਰਸ ਦਾ ਤੀਜਾ ਖਿਤਾਬ ਭਾਰਤ ਦੀ ਝੋਲੀ 'ਚ ਪਾਇਆ ਹੈ।