ਮਦੁਰਾਈ : ਮਦਰਾਸ ਹਾਈ ਕੋਰਟ ਦੀ ਮਦੁਰਾਈ ਬੈਂਚ ਨੇ ਕਈ ਔਰਤਾਂ ਦੇ ਜਿਨਸੀ ਸ਼ੋਸ਼ਣ ਅਤੇ ਜ਼ਬਰਦਸਤੀ ਕਰਨ ਦੇ ਮਾਮਲੇ ਵਿੱਚ ਅਪਰਾਧ ਸ਼ਾਖਾ-ਅਪਰਾਧ ਜਾਂਚ ਵਿਭਾਗ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਇੱਕ ਮੁੱਖ ਮੁਲਜ਼ਮ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਇਹ ਕੇਸ 2020 ਵਿੱਚ ਤਾਮਿਲਨਾਡੂ ਦੇ ਕੰਨਿਆਕੁਮਾਰੀ ਵਿੱਚ ਦਰਜ ਕੀਤਾ ਗਿਆ ਸੀ। ਮੁਲਜ਼ਮ ਦੀ ਪਛਾਣ ਨਾਗਰਕੋਇਲ ਕਾਸੀ ਵਜੋਂ ਹੋਈ ਹੈ, ਜਿਸ 'ਤੇ ਔਰਤਾਂ ਤੋਂ ਬਲੈਕਮੇਲ ਕਰਕੇ ਪੈਸੇ ਵਸੂਲਣ ਦਾ ਦੋਸ਼ ਹੈ।
ਅਸ਼ਲੀਲ ਤਸਵੀਰਾਂ ਵਾਇਰਲ ਕਰਨ ਦੀ ਧਮਕੀ : ਨਾਗਰਕੋਇਲ ਨੇ ਕਥਿਤ ਤੌਰ 'ਤੇ ਮਹਿਲਾ ਡਾਕਟਰ ਸਮੇਤ 100 ਤੋਂ ਵੱਧ ਔਰਤਾਂ ਨੂੰ ਉਨ੍ਹਾਂ ਦੀਆਂ ਅਸ਼ਲੀਲ ਤਸਵੀਰਾਂ ਇੰਟਰਨੈੱਟ 'ਤੇ ਅਪਲੋਡ ਕਰਨ ਦੀ ਧਮਕੀ ਦੇ ਕੇ ਉਨ੍ਹਾਂ ਤੋਂ ਲੱਖਾਂ ਰੁਪਏ ਦੀ ਵਸੂਲੀ ਲਈ ਬਲੈਕਮੇਲ ਕੀਤਾ। ਉਸ ਖਿਲਾਫ ਅਪ੍ਰੈਲ 2020 'ਚ ਮਾਮਲਾ ਦਰਜ ਕੀਤਾ ਗਿਆ ਸੀ। ਉਦੋਂ ਤੋਂ ਉਹ ਜੇਲ੍ਹ ਵਿੱਚ ਹੈ। ਇਸ ਮਾਮਲੇ 'ਚ ਉਸ ਨੇ ਜ਼ਮਾਨਤ ਲਈ ਹਾਈਕੋਰਟ ਦੀ ਮਦੁਰੈ ਬ੍ਰਾਂਚ 'ਚ ਪਟੀਸ਼ਨ ਦਾਇਰ ਕੀਤੀ ਸੀ। ਜਸਟਿਸ ਟੀਵੀ ਤਮਿਲਸੇਲਵੀ ਨੇ ਪਟੀਸ਼ਨਰ ਦੇ ਖਿਲਾਫ ਦੋਸ਼ਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਿਹਾ ਕਿ ਅਦਾਲਤ ਉਸ ਨੂੰ ਜ਼ਮਾਨਤ ਨਹੀਂ ਦੇ ਸਕਦੀ।
ਔਰਤਾਂ ਨੂੰ ਕਰਦਾ ਸੀ ਬਲੈਕਮੇਲ : ਅਦਾਲਤ ਨੇ ਕਿਹਾ ਕਿ ਪਹਿਲੇ ਦੋਸ਼ੀ ਨੇ ਦੋਸਤੀ ਅਤੇ ਪਿਆਰ ਦੀ ਆੜ 'ਚ ਔਰਤਾਂ ਨੂੰ ਫਸਾਇਆ। ਫਿਰ ਉਨ੍ਹਾਂ ਦੀ ਜਾਣਕਾਰੀ ਤੋਂ ਬਿਨਾਂ ਉਨ੍ਹਾਂ ਨਾਲ ਗੂੜ੍ਹੇ ਪਲਾਂ ਨੂੰ ਰਿਕਾਰਡ ਕੀਤਾ। ਇਸ ਤੋਂ ਬਾਅਦ ਉਸ ਨੇ ਰਿਕਾਰਡਿੰਗ ਜਨਤਕ ਕਰਨ ਦੀ ਧਮਕੀ ਦੇ ਕੇ ਪੀੜਤ ਔਰਤਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਮੁਲਜ਼ਮ ਡਰੀਆਂ ਹੋਈਆਂ ਔਰਤਾਂ ਨੂੰ ਬਲੈਕਮੇਲ ਕਰਦਾ ਸੀ ਅਤੇ ਉਨ੍ਹਾਂ ਤੋਂ ਪੈਸੇ ਵਸੂਲਦਾ ਸੀ। ਪੁਲਿਸ ਦੇ ਇਲਜ਼ਾਮ ਅਨੁਸਾਰ ਮੁਲਜ਼ਮਾਂ ਨੇ 100 ਤੋਂ ਵੱਧ ਔਰਤਾਂ ਤੋਂ ਕਈ ਲੱਖ ਰੁਪਏ ਹੜੱਪ ਲਏ। ਪਟੀਸ਼ਨਕਰਤਾ ਦੇ ਮਾੜੇ ਆਚਰਣ 'ਤੇ ਵਿਸਥਾਰ ਨਾਲ ਚਰਚਾ ਕਰਦਿਆਂ ਅਦਾਲਤ ਨੇ ਕਿਹਾ ਕਿ ਪਟੀਸ਼ਨਰ 'ਤੇ ਲੱਗੇ ਦੋਸ਼ ਗੰਭੀਰ ਹਨ। ਉਸ ਨੇ ਪੀੜਤਾਂ ਦੀ ਜ਼ਿੰਦਗੀ ਵੀ ਬਰਬਾਦ ਕਰ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਜੇਕਰ ਪਟੀਸ਼ਨਰ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਜਾਂਦਾ ਹੈ ਤਾਂ ਉਸ ਵੱਲੋਂ ਸਬੂਤਾਂ ਨਾਲ ਛੇੜਛਾੜ ਕੀਤੇ ਜਾਣ ਦੀ ਪੂਰੀ ਸੰਭਾਵਨਾ ਹੈ। (ਏਐੱਨਆਈ)