ਨਵੀਂ ਦਿੱਲੀ: 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਵਾਪਰੀ ਘਟਨਾ ਵਿੱਚ ਆਰੋਪੀ ਲੱਖਾ ਸਿਧਾਣਾ ਬੁੱਧਵਾਰ ਰਾਤ ਨੂੰ ਸੋਸ਼ਲ ਮੀਡੀਆ 'ਤੇ ਲਾਈਵ ਹੋਇਆ। ਲੱਖਾ ਸਿਧਾਣਾ ਨੇ ਲਾਈਵ ਹੋ ਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ 10 ਅਪ੍ਰੈਲ ਨੂੰ ਕੇਐਮਪੀ ਰੋਡ ਦਿੱਲੀ ਜਾਮ ਕਰਨ ਲਈ ਵੱਧ ਚੜ੍ਹ ਕੇ ਪੁੱਜਣ। ਇਸ ਸਬੰਧੀ ਰਾਤੋ-ਰਾਤ ਮੀਡੀਆ ਸੁਰ਼ਖੀਆਂ ਬਟੋਰਨ ਵਾਲੇ ਅੰਬਾਲਾ ਦੇ ਜਲਵੇੜਾ ਦੇ ਨਵਨੀਤ ਸਿੰਘ ਨੇ ਅੰਬਾਲਾ ਦੇ ਕਿਸਾਨਾਂ ਨੂੰ ਲੱਖਾ ਸਿਧਾਣਾ ਦਾ ਸਵਾਗਤ ਕਰਨ ਦੀ ਅਪੀਲ ਕੀਤੀ ਹੈ। ਲੱਖਾ ਨੇ ਕਿਹਾ ਕਿ ਉਹ ਵੀ ਆਪਣੇ ਸਾਥੀਆਂ ਨਾਲ 9 ਅਪ੍ਰੈਲ ਨੂੰ ਮਸਤੂਆਣਾ ਤੋਂ ਦਿੱਲੀ ਪੁੱਜ ਜਾਵੇਗਾ।
ਦੱਸ ਦਈਏ ਕਿ 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਵਾਪਰੀ ਘਟਨਾ ਮਾਮਲੇ ਵਿੱਚ ਪੰਜਾਬ ਦੇ ਲੱਖਾ ਸਿਧਾਣਾ ਦਾ ਨਾਂਅ ਆਇਆ ਸੀ, ਜਿਸ ਨੂੰ ਫੜਨ ਲਈ ਸਰਕਾਰ ਵੱਲੋਂ ਕਈ ਦਾਅਵੇ ਕੀਤੇ ਗਏ ਸਨ, ਪਰ ਉਹ ਅਸਲੀਅਤ ਵਿੱਚ ਤਬਦੀਲ ਨਹੀਂ ਹੋ ਸਕੇ। ਹੁਣ ਇੱਕ ਵਾਰ ਮੁੜ ਲੱਖਾ ਸਿਧਾਣਾ ਦਿੱਲੀ ਅਤੇ ਹਰਿਆਣਾ ਪੁਲਿਸ ਨੂੰ ਖੁੱਲ੍ਹੀ ਚੁਨੌਤੀ ਦਿੰਦਾ ਹੋਇਆ 10 ਅਪ੍ਰੈਲ ਨੂੰ 24 ਘੰਟਿਆਂ ਲਈ ਕੇਐਮਪੀ (ਕੁੰਡਲੀ-ਮਾਨੇਸਰ-ਪਲਵਲ) ਐਕਸਪ੍ਰੈਸ ਵੇਅ ਨੂੰ ਜਾਮ ਕਰਨ ਦੇ ਅੰਦੋਲਨ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ।
ਉਥੇ ਹੀ ਅੰਬਾਲਾ ਦੇ ਰਹਿਣ ਵਾਲੇ ਨਵਨੀਤ ਸਿੰਘ ਨੇ ਅੰਬਾਲਾ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ-ਆਪਣੇ ਵਾਹਨ ਲੈ ਕੇ ਲੱਖਾ ਸਿਧਾਣਾ ਦੇ ਕਾਫ਼ਲੇ ਨਾਲ ਚੱਲਣ ਅਤੇ ਅੰਬਾਲਾ ਦੇ ਸ਼ੰਭੂ ਬਾਰਡਰ 'ਤੇ ਉਸ ਦਾ ਸਵਾਗਤ ਕਰਨ।
ਸਿਧਾਣਾ ਨੂੰ ਫੜਨ ਲਈ ਪੁਲਿਸ ਨੇ ਰੱਖਿਆ ਹੈ ਇੱਕ ਲੱਖ ਦਾ ਇਨਾਮ
ਦੱਸ ਦਈਏ ਕਿ ਲੱਖਾ ਸਿਧਾਣਾ 'ਤੇ ਲਾਲ ਕਿਲ੍ਹਾ ਘਟਨਾ ਮਾਮਲੇ ਵਿੱਚ ਨਾਂਅ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਫੜਨ ਲਈ ਉਸ ਉਪਰ ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਹੈ।