ਧਰਮਸ਼ਾਲਾ: ਤਪੋਵਨ ਸਥਿਤ ਹਿਮਾਚਲ ਵਿਧਾਨ ਸਭਾ ਭਵਨ ਦੇ ਬਾਹਰ ਖਾਲਿਸਤਾਨੀ ਝੰਡਾ ਲਹਿਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਸ਼ਨੀਵਾਰ ਦੇਰ ਰਾਤ ਦਾ ਹੈ। ਸਵੇਰੇ ਜਿਵੇਂ ਹੀ ਸਥਾਨਕ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਮਾਮਲੇ ਦੀ ਸੂਚਨਾ ਮਿਲਣ 'ਤੇ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ।
ਪੁਲਿਸ ਨੇ ਖਾਲਿਸਤਾਨੀ ਝੰਡੇ ਨੂੰ ਜ਼ਬਤ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਵਿਧਾਨ ਸਭਾ ਦੇ ਗੇਟ ਨੇੜੇ ਕੋਈ ਸੀਸੀਟੀਵੀ ਕੈਮਰਾ ਨਹੀਂ ਹੈ। ਫਿਰ ਵੀ ਪੁਲਿਸ ਆਸਪਾਸ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਵਿਧਾਨ ਸਭਾ ਦੀਆਂ ਕੰਧਾਂ 'ਤੇ ਵੀ ਖਾਲਿਸਤਾਨ ਲਿਖਿਆ ਹੋਇਆ ਹੈ। ਇਹ ਝੰਡੇ ਇੱਥੇ ਕਿਸ ਨੇ ਲਾਏ ਹਨ, ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ। ਯੋਲ ਪੁਲਿਸ ਚੌਕੀ ਦੇ ਇੰਚਾਰਜ ਨੇ ਦੱਸਿਆ ਕਿ ਤਪੋਵਨ ਦੇ ਮੁੱਖ ਗੇਟ ਨੇੜੇ ਕੋਈ ਸੀਸੀਟੀਵੀ ਕੈਮਰੇ ਨਹੀਂ ਲਾਏ ਗਏ ਸਨ, ਪਰ ਆਸ-ਪਾਸ ਦੀਆਂ ਕੁਝ ਦੁਕਾਨਾਂ ਦੇ ਬਾਹਰ ਸੀਸੀਟੀਵੀ ਕੈਮਰੇ ਲਾਏ ਗਏ ਸਨ। ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ, ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਖਾਲਿਸਤਾਨ ਦਾ ਝੰਡਾ ਲਹਿਰਾਉਣ ਦੀ ਦਿੱਤੀ ਧਮਕੀ: ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਾਰਚ ਮਹੀਨੇ 'ਚ ਸਿੱਖ ਫਾਰ ਜਸਟਿਸ ਦੇ ਪ੍ਰਧਾਨ ਗੁਰਪਤਵੰਤ ਸਿੰਘ ਪੰਨੂ ਨੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੂੰ ਚਿਤਾਵਨੀ ਪੱਤਰ ਭੇਜਿਆ ਸੀ। ਮੁੱਖ ਮੰਤਰੀ ਨੂੰ ਭੇਜੇ ਧਮਕੀ ਪੱਤਰ ਵਿੱਚ 29 ਅਪ੍ਰੈਲ ਨੂੰ ਸ਼ਿਮਲਾ ਵਿੱਚ ਖਾਲਿਸਤਾਨ ਦਾ ਝੰਡਾ ਲਹਿਰਾਉਣ ਦੀ ਚਿਤਾਵਨੀ ਦਿੱਤੀ ਗਈ ਹੈ। ਪੱਤਰ ਮੁਤਾਬਕ ਸਿੱਖ ਫਾਰ ਜਸਟਿਸ ਦੀ ਤਰਫੋਂ ਸ਼ਿਮਲਾ ਵਿੱਚ ਖਾਲਿਸਤਾਨ ਦਾ ਝੰਡਾ ਲਹਿਰਾਉਣ ਲਈ 50 ਹਜ਼ਾਰ ਡਾਲਰ ਜੁਟਾਉਣ ਦੀ ਵੀ ਗੱਲ ਹੋਈ ਸੀ।
ਪੱਤਰ ਵਿੱਚ ਦੱਸਿਆ ਗਿਆ ਕਿ 29 ਅਪ੍ਰੈਲ ਨੂੰ ਸ਼ਿਮਲਾ ਵਿੱਚ ਝੰਡਾ ਲਹਿਰਾਇਆ ਜਾਵੇਗਾ ਜੋ 1966 ਤੱਕ ਪੰਜਾਬ ਦੀ ਰਾਜਧਾਨੀ ਸੀ। ਮਹੱਤਵਪੂਰਨ ਗੱਲ ਇਹ ਹੈ ਕਿ 1966 ਵਿੱਚ ਪੰਜਾਬ ਵਿੱਚੋਂ ਹਿਮਾਚਲ ਰਾਜ ਬਣਾਇਆ ਗਿਆ ਸੀ। ਇਸ ਪੱਤਰ ਵਿੱਚ ਸੀਐਮ ਜੈਰਾਮ ਠਾਕੁਰ ਵੱਲੋਂ ਭਿੰਡਰਾਂਵਾਲੇ ਦੀ ਤਸਵੀਰ ਅਤੇ ਖਾਲਿਸਤਾਨੀ ਝੰਡੇ ਉੱਤੇ ਪਾਬੰਦੀ ਦਾ ਵੀ ਜ਼ਿਕਰ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਮਾਰਚ ਮਹੀਨੇ 'ਚ ਹਿਮਾਚਲ ਦੇ ਊਨਾ, ਮੰਡੀ ਅਤੇ ਕੁੱਲੂ 'ਚ ਪੰਜਾਬ ਦੇ ਕੁਝ ਨੌਜਵਾਨ ਆਪਣੇ ਵਾਹਨਾਂ 'ਚ ਪਾਬੰਦੀਸ਼ੁਦਾ ਝੰਡੇ ਲੈ ਕੇ ਆਏ ਸਨ, ਜਿਨ੍ਹਾਂ 'ਤੇ ਪੁਲਸ ਵੱਲੋਂ ਮੋਟਰ ਵਹੀਕਲ ਐਕਟ ਤਹਿਤ ਕਾਰਵਾਈ ਕੀਤੀ ਗਈ ਸੀ। ਦੱਸਿਆ ਗਿਆ ਕਿ ਪੰਜਾਬ ਤੋਂ ਆਉਣ ਵਾਲੇ ਨੌਜਵਾਨਾਂ ਦੇ ਵਾਹਨਾਂ 'ਤੇ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਅਤੇ ਕੁਝ ਪਾਬੰਦੀਸ਼ੁਦਾ ਝੰਡੇ ਵੀ ਲਗਾਏ ਗਏ ਸਨ। ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ। ਉਸ ਤੋਂ ਬਾਅਦ ਹਿਮਾਚਲ 'ਚ ਪੁਲਿਸ ਦੀ ਕਾਰਵਾਈ ਖਿਲਾਫ ਪੰਜਾਬ ਦੇ ਕੀਰਤਪੁਰ 'ਚ ਹਿਮਾਚਲ ਤੋਂ ਆ ਰਹੇ ਵਾਹਨਾਂ ਨੂੰ ਰੋਕੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।
ਕੀ ਕਿਹਾ ਸੀ ਸੀਐਮ ਜੈਰਾਮ ਠਾਕੁਰ: ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਸੀ ਕਿ ਹਿਮਾਚਲ ਪੁਲਿਸ ਨੇ ਟ੍ਰੈਫਿਕ ਨਿਯਮਾਂ ਦੇ ਤਹਿਤ ਆਪਣਾ ਕੰਮ ਕੀਤਾ ਹੈ। ਇਸ ਤਰ੍ਹਾਂ ਝੰਡੇ ਵਾਲੇ ਵਾਹਨ ਚਲਾਉਣਾ ਨਿਯਮਾਂ ਦੇ ਵਿਰੁੱਧ ਹੈ। ਉਨ੍ਹਾਂ ਨੂੰ ਪੰਜਾਬ ਦੇ ਸ਼ਰਧਾਲੂਆਂ ਨਾਲ ਕੋਈ ਇਤਰਾਜ਼ ਨਹੀਂ, ਨਿਸ਼ਾਨ ਸਾਹਿਬ ਦੇ ਝੰਡੇ ਦਾ ਪੂਰਾ ਸਤਿਕਾਰ ਹੈ ਪਰ ਵਾਹਨਾਂ 'ਤੇ ਪਾਬੰਦੀਸ਼ੁਦਾ ਤਸਵੀਰਾਂ, ਪੋਸਟਰ ਜਾਂ ਝੰਡੇ ਲੱਗੇ ਹੋਏ ਸਨ, ਜਿਸ 'ਤੇ ਪੁਲਿਸ ਨੇ ਨਿਯਮਾਂ ਤਹਿਤ ਕਾਰਵਾਈ ਕੀਤੀ | ਸੀਐਮ ਜੈਰਾਮ ਨੇ ਕਿਹਾ ਸੀ ਕਿ ਇਹ ਮਾਮਲਾ ਪੰਜਾਬ ਸਰਕਾਰ ਕੋਲ ਉਠਾਇਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੀ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਪੰਜਾਬ ਸਰਕਾਰ ਨੂੰ ਵੀ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਹੈ। ਇਸ ਮਾਮਲੇ 'ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਦੇ ਮੁੱਖ ਸਕੱਤਰ ਨਾਲ ਗੱਲਬਾਤ ਹੋ ਚੁੱਕੀ ਹੈ। ਅਸੀਂ ਭਰੋਸਾ ਦਿੱਤਾ ਹੈ ਕਿ ਭਵਿੱਖ ਵਿੱਚ ਅਜਿਹਾ ਨਹੀਂ ਹੋਵੇਗਾ।
ਇਹ ਵੀ ਪੜ੍ਹੋ: ਬੈਂਕ ’ਚ 6 ਲੱਖ ਦੀ ਲੁੱਟ ਦਾ ਮਾਮਲਾ: ਸੀਸੀਟੀਵੀ ਆਈ ਸਾਹਮਣੇ