ਮੱਧ ਪ੍ਰਦੇਸ਼/ਕਟਨੀ: ਮੱਧਪ੍ਰਦੇਸ਼ ਦੇ ਕਟਨੀ ਜ਼ਿਲੇ੍ਹ ਤੋਂ 35 ਕਿਲੋਮੀਟਰ ਦੂਰ ਸਲੀਮਨਾਬਾਦ ਥਾਣਾ ਖੇਤਰ ਗ੍ਰਾਮ ਨੈਗਵਾਂ ਦੇ ਛਪਰਾ ਹਾਰ ਵਿਚ ਐਤਵਾਰ ਨੂੰ ਬਹੁਤ ਵੱਡਾ ਹਾਦਸਾ ਵਾਪਰ ਗਿਆ।ਇਸ ਹਾਦਸੇ ਤੋਂ ਬਾਅਦ ਸਾਰੇ ਪਿੰਡ 'ਚ ਸੋਗ ਦੀ ਲਹਿਰ ਹੈ। ਦਸ ਦਈਏ ਕਿ ਇੱਥੇ 4 ਬੱਚਿਆਂ ਦੀ ਤਲਾਬ 'ਚ ਡੁੱਬਣ ਕਾਰਨ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਇਸ ਵੱਡੀ ਅਤੇ ਦੁੱਖਦ ਘਟਨਾ ਮਗਰੋਂ ਪੀੜਤ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।ਇਸ ਘਟਨਾ ਦੀ ਜਾਣਕਾਰੀ ਸਲੀਮਨਾਬਾਦ ਪੁਲਿਸ ਨੇ ਦਿੱਤੀ ਹੈ।ਪੁਲਿਸ ਨੇ ਲਾਸ਼ਾਂ ਨੂੰ ਬਰਾਮਦ ਕਰਕੇ ਪੋਸਟਮਾਰਟ ਲਈ ਭੇਜ ਦਿੱਤਾ ਹੈ।
ਮ੍ਰਿਤਕਾਂ ਦੀ ਪਛਾਣ: ਮ੍ਰਿਤਕਾਂ ਦੀ ਪਛਾਣ ਸ਼ਸ਼ਪ੍ਰਤਾਪ ਸਿੰਘ, ਮਯੰਕ ਯਾਦਵ, ਸ਼ੌਰਿਆ ਸਿੰਘ ਅਤੇ ਧਰਮਵੀਰ ਵੰਸ਼ਕਾਰ ਹੈ। ਇੰਨ੍ਹਾਂ ਬੱਚਿਆਂ ਦੀ ਉਮਰ 13 ਤੋਂ 14 ਸਾਲ ਦੇ ਵਿਚਕਾਰ ਹੈ। ਜੋ ਕਿ ਘਰੋਂ ਖੇਡਣ ਗਏ ਸਨ ਪਰ ਹੁਣ ਕਦੇ ਵਾਪਸ ਨਹੀਂ ਆਉਣਗੇ।
ਬੱਚਿਆਂ ਬਾਰੇ ਕਿਵੇਂ ਲੱਗਿਆ ਪਤਾ: ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੱਚੇ ਸਵੇਰੇ ਘਰੋਂ 10 ਵਜੇ ਖੇਡਣ ਲਈ ਗਏ ਸਨ ਜਦੋਂ 4 ਵਜੇ ਤੱਕ ਘਰ ਵਾਪਸ ਨਾ ਆਏ ਤਾਂ ਉਨ੍ਹਾਂ ਵੱਲੋਂ ਬੱਚਿਆਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਗਿਆ। ਇਸੇ ਦੌਰਾਨ ਉਨ੍ਹਾਂ ਨੂੰ ਪਤਾ ਲੱਗਿਆ ਕਿ ਤਲਾਬ ਦੇ ਬਾਹਰ ਬੱਚਿਆਂ ਦੇ ਕੱਪੜੇ ਪਏ ਸਨ। ਜਿਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਬੱਚੇ ਦੀ ਲਾਸ਼ ਮਿਲਣ ਲੱਗੀ, ਜਲਦੀ ਜਲਦੀ ਬੱਚਿਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।