ਜੰਮੂ-ਕਸ਼ਮੀਰ: ਕਸ਼ਮੀਰ ਵਿੱਚ ਸੈਰ-ਸਪਾਟਾ ਅਤੇ ਮਸ਼ਹੂਰ ਡੱਲ ਝੀਲ ਦੀ ਸੁੰਦਰਤਾ, ਹਾਊਸ ਬੋਟ ਯਾਨੀ ਘਰ ਵਾਲੀਆਂ ਕਿਸ਼ਤੀਆਂ ਤੋਂ ਬਿਨਾਂ ਅਧੂਰਾ ਹੈ। ਸੁੰਦਰ ਝੀਲ 'ਤੇ ਤੈਰ ਰਹੇ ਸ਼ਾਨਦਾਰ ਹਾਊਸ ਬੋਟਸ ਕਸ਼ਮੀਰ ਦੀ ਜਾਦੂਈ ਸੁੰਦਰਤਾ ਨੂੰ ਪ੍ਰਦਰਸ਼ਿਤ ਕਰਦੇ ਹਨ। ਹਾਲਾਂਕਿ, ਅਧਿਕਾਰੀਆਂ ਦੀ ਉਦਾਸੀਨਤਾ ਅਤੇ ਆਮ ਹਾਲਾਤ ਨਾ ਹੋਣ ਕਾਰਨ ਇਹ ਇਤਿਹਾਸਕ ਵਿਰਾਸਤ ਅਲੋਪ ਹੋਣ ਦੇ ਕੰਢੇ 'ਤੇ ਹੈ।
ਹਾਊਸ ਬੋਟ ਓਨਰਜ਼ ਐਸੋਸੀਏਸ਼ਨ ਦੇ ਜਨਰਲ ਸੱਕਤਰ ਅਬਦੁਰ ਰਾਸ਼ਿਦ ਨੇ ਦੱਸਿਆ ਕਿ 1990 ਦੇ ਦਹਾਕੇ ਤੋਂ ਕਸ਼ਮੀਰ ਦਾ ਸੈਰ-ਸਪਾਟਾ ਖੇਤਰ ਅਸਥਿਰ ਹੈ। ਇਸ ਨੇ ਹਾਊਸ ਬੋਟ ਦੀ ਵਿਰਾਸਤ 'ਤੇ ਨਕਾਰਾਤਮਕ ਪ੍ਰਭਾਵ ਪਾਇਆ ਹੈ। ਬਹੁਤ ਸਾਰੇ ਹਾਊਸ ਬੋਟ ਸੜ ਗਏ ਅਤੇ ਕਈ ਖਰਾਬ ਹੋ ਗਏ।
ਬਹੁਤ ਹੀ ਹੁਨਰਮੰਦ ਤਰਖਾਣ, ਦੇਵਦਾਰ ਦੀ ਵਧੀਆ ਲੱਕੜ ਤੋਂ ਹਾਊਸ ਬੋਟ ਬਣਾਉਣ ਵਿੱਚ ਇੱਕ ਸਾਲ ਤੋਂ ਵੱਧ ਦਾ ਸਮਾਂ ਲੈਂਦੇ ਹਨ। ਕਸ਼ਮੀਰ ਦੇ ਕਾਰੀਗਰ ਹਾਊਸ ਬੋਟ ਦੇ ਅੰਦਰੂਨੀ ਅਤੇ ਬਾਹਰੀ ਹਿੱਸੇ ਨੂੰ ਲੱਕੜ ਦੇ ਬਾਰੀਕ ਕੰਮ ਨਾਲ ਸਜਾਉਂਦੇ ਹਨ। ਇਸ ਤਰ੍ਹਾਂ ਤੈਰਦੇ ਹੋਟਲ ਕਸ਼ਮੀਰ ਦੀ ਵਿਰਾਸਤ ਅਤੇ ਕਾਰੀਗਰਾਂ ਦੇ ਹੁਨਰ ਨੂੰ ਦਰਸਾਉਂਦੇ ਹਨ। ਕਾਰੀਗਰਾਂ ਦੀਆਂ ਇਹ ਮਿਹਨਤਕਸ਼ ਕੋਸ਼ਿਸ਼ਾਂ ਉਨ੍ਹਾਂ ਨੂੰ ਸੈਲਾਨੀਆਂ ਲਈ ਬਹੁਤ ਆਕਰਸ਼ਕ ਬਣਾਉਂਦੀਆਂ ਹਨ।
ਹਾਊਸ ਬੋਟ ਮਾਲਕ ਮਨਜ਼ੂਰ ਅਹਿਮਦ ਪਖਤੂਨ ਨੇ ਕਿਹਾ ਕਿ ਹਾਊਸ ਬੋਟ ਬਣਾਉਣ ਵਾਲੇ ਬਹੁਤ ਹੁਨਰਮੰਦ ਕਾਰੀਗਰ ਸਨ। ਹੁਣ ਸਿਰਫ ਕੁੱਝ ਪੁਰਾਣੇ ਹੁਨਰਮੰਦ ਤਰਖਾਣ ਬਚੇ ਹਨ ਜੋ ਹਾਊਸ ਬੋਟ ਬਣਾ ਸਕਦੇ ਹਨ ਜਾਂ ਉਨ੍ਹਾਂ ਦੀ ਮੁਰੰਮਤ ਕਰ ਸਕਦੇ ਹਨ। ਨੌਜਵਾਨਾਂ ਨੇ ਇਹ ਹੁਨਰ ਨਹੀਂ ਸਿੱਖਿਆ ਹੈ।
ਕਸ਼ਮੀਰ ਵਿੱਚ ਸੈਰ-ਸਪਾਟਾ ਉਦਯੋਗ ਦੇ ਰੂਪ 'ਚ ਹਾਊਸ ਬੋਟ ਦੀ ਹੋਂਦ ਦੇ ਨਾਲ ਲਗਭਗ ਇੱਕ ਹੀ ਸਮੇਂ ਉਭਰਿਆ। 1838 ਵਿੱਚ, ਜਦੋਂ ਭਾਰਤ 'ਤੇ ਅੰਗ੍ਰੇਜ਼ਾਂ ਦਾ ਸ਼ਾਸਨ ਸੀ ਤਾਂ ਉਸ ਸਮੇਂ ਅਧਿਕਾਰੀਆਂ ਨੇ ਛੁੱਟੀਆਂ ਦਾ ਅਨੰਦ ਲੈਣ ਲਈ ਕਸ਼ਮੀਰ ਜਾਣਾ ਸ਼ੁਰੂ ਕਰ ਦਿੱਤਾ। ਉਸੇ ਨੇ ਇਸ ਖੇਤਰ ਵਿੱਚ ਸੈਰ-ਸਪਾਟਾ ਉਦਯੋਗ ਦੀ ਸ਼ੁਰੂਆਤ ਕੀਤੀ। ਇਹ ਅਧਿਕਾਰੀ ਡੱਲ ਝੀਲ ਵਿੱਚ ਹਾਊਸ ਬੋਟ ਦੇ ਅੰਦਰ ਰਹਿੰਦੇ ਸਨ। ਝੀਲ ਵਿੱਚ ਤੈਰ ਰਹੀਆਂ ਕਿਸ਼ਤੀਆਂ ਪੁਰਾਣੇ ਦਿਨਾਂ ਵਿੱਚ ਇੰਨੀਆਂ ਸ਼ਾਨਦਾਰ ਨਹੀਂ ਸਨ ਜਿੰਨੀਆਂ ਅੱਜ ਕੱਲ ਵੇਖੀਆਂ ਜਾਂਦੀਆਂ ਹਨ।
ਹਾਊਸ ਬੋਟ ਓਨਰਜ਼ ਐਸੋਸੀਏਸ਼ਨ ਦੇ ਜਨਰਲ ਸੱਕਤਰ ਅਬਦੁਰ ਰਾਸ਼ਿਦ ਨੇ ਅੱਗੇ ਦੱਸਿਆ ਕਿ ਹਾਊਸ ਬੋਟਸ ਨੇ ਆਓਣ ਵਾਲੇ ਸੈਲਾਨੀਆਂ ਲਈ ਸਭਿਆਚਾਰਕ ਸਥਾਨ ਪ੍ਰਦਾਨ ਕੀਤਾ। ਹਾਊਸਬੋਟਸ ਨੇ 150 ਤੋਂ ਵੱਧ ਸਾਲਾਂ ਤੋਂ ਕਸ਼ਮੀਰ ਵਿੱਚ ਸੈਰ-ਸਪਾਟਾ ਬਣਾਈ ਰੱਖਿਆ ਅਤੇ ਇਸਨੂੰ ਉਤਸ਼ਾਹਤ ਕੀਤਾ ਹੈ। ਦਹਾਕਿਆਂ ਪਹਿਲਾਂ ਇਥੇ ਸੈਲਾਨੀਆਂ ਨੂੰ ਰੱਖਣ ਲਈ ਕਾਫ਼ੀ ਜਗ੍ਹਾ ਨਹੀਂ ਹੁੰਦੀ ਸੀ। ਹਾਊਸ ਬੋਟਸ ਨੇ ਉਸ ਕਮੀ ਨੂੰ ਦੂਰ ਕੀਤਾ ਅਤੇ ਕਸ਼ਮੀਰ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਸੈਰ-ਸਪਾਟਾ ਕੇਂਦਰ ਵਜੋਂ ਉਤਸ਼ਾਹਤ ਕੀਤਾ। ਕਸ਼ਮੀਰ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਦੀ ਜ਼ਰੂਰਤ ਨਹੀਂ ਹੈ। ਇਸ ਨੂੰ ਇੱਕ ਸਦੀ ਪਹਿਲਾਂ ਤੋਂ ਹੀ ਹੁਲਾਰਾ ਮਿਲਿਆ ਹੋਇਆ ਹੈ।
ਹਾਊਸ ਬੋਟ ਦੇ ਮਾਲਕਾਂ ਦਾ ਕਹਿਣਾ ਹੈ ਕਿ ਇੱਕ ਸਮਾਂ ਸੀ ਜਦੋਂ ਬਹੁਤ ਸਾਰੀਆਂ ਹੋਊਸ ਬੋਟਸ ਸਨ, ਪਰ ਉਨ੍ਹਾਂ ਦੀ ਗਿਣਤੀ ਬਹੁਤ ਘੱਟ ਗਈ ਹੈ। ਪੂਰੀ ਤਰ੍ਹਾਂ ਲੱਕੜ ਦੇ ਬਣੇ ਸੁੰਦਰ ਅਸਥਾਈ ਘਰਾਂ ਦੀ ਦੇਖਭਾਲ ਵਿੱਚ ਦੇਰੀ ਨਹੀਂ ਕੀਤੀ ਜਾ ਸਕਦੀ। ਸਥਾਨਕ ਅਧਿਕਾਰੀਆਂ ਵੱਲੋਂ ਇਨ੍ਹਾਂ ਹਾਊਸ ਬੋਟ ਵੱਲ ਘੱਟ ਧਿਆਨ ਦੇਣ ਕਾਰਨ ਕਸ਼ਮੀਰ ਦੀ ਸੁੰਦਰਤਾ ਘਟ ਗਈ ਹੈ।
ਮਨਜ਼ੂਰ ਅਹਿਮਦ ਪਖਤੂਨ ਦਾ ਕਹਿਣਾ ਹੈ ਕਿ ਹਾਊਸ ਬੋਟ ਸੜ ਰਹੇ ਹਨ ਅਤੇ ਵੱਡੀ ਗਿਣਤੀ ਵਿੱਚ ਖਤਮ ਹੋ ਰਹੇ ਹਨ। ਜੇਹਲਮ ਨਦੀ ਅਤੇ ਚਿਨਾਰ ਬਾਗ ਵਿੱਚ ਹਾਊਸ ਬੋਟ ਪਹਿਲਾਂ ਹੀ ਸੜ ਚੁੱਕੇ ਹਨ। ਅਸੀਂ ਚਾਹੁੰਦੇ ਹਾਂ ਕਿ ਇਸ ਵਿਰਾਸਤ ਨੂੰ ਬਚਾਇਆ ਜਾਵੇ ਕਿਉਂਕਿ ਇਹ ਕਸ਼ਮੀਰ ਵਿੱਚ ਸੈਰ-ਸਪਾਟਾ ਖੇਤਰ ਦਾ ਮਾਣ ਅਤੇ ਪਛਾਣ ਹੈ।
ਅਬਦੁਰ ਰਾਸ਼ਿਦ ਨੇ ਦੱਸਿਆ ਕਿ ਕਸ਼ਮੀਰ ਵਿੱਚ 1080 ਹਾਊਸ ਬੋਟ ਸਨ, ਪਰ ਹੁਣ ਉਨ੍ਹਾਂ ਦੀ ਗਿਣਤੀ 900 ਰਹਿ ਗਈ ਹੈ। ਬਹੁਤ ਸਾਰੇ ਘਰਾਂ ਦੀਆਂ ਕਿਸ਼ਤੀਆਂ ਦੀ ਮੁਰੰਮਤ ਕਰਨ ਦੀ ਜ਼ਰੂਰਤ ਹੈ ਪਰ ਉਨ੍ਹਾਂ ਦੇ ਮਾਲਕਾਂ ਕੋਲ ਇਸ ਲਈ ਪੈਸੇ ਨਹੀਂ ਹਨ। ਸਰਕਾਰੀ ਸਹਾਇਤਾ ਦੀ ਵੀ ਘਾਟ ਹੈ।
ਸਰਕਾਰ ਨੇ ਸਾਲ 1983 ਵਿੱਚ ਨਵੇਂ ਹਾਊਸ ਬੋਟ ਬਣਾਉਣ 'ਤੇ ਪਾਬੰਦੀ ਲਗਾ ਦਿੱਸੀ ਸੀ। ਉਸ ਸਮੇਂ ਤੋਂ ਬਾਅਦ ਇਸਦੀ ਸਮੀਖਿਆ ਨਹੀਂ ਕੀਤੀ ਗਈ ਅਤੇ ਇਹ ਪਾਬੰਦੀ ਅੱਜ ਤੱਕ ਜਾਰੀ ਹੈ। ਅਧਿਕਾਰੀਆਂ ਦੀ ਅਣਦੇਖੀ ਦੇ ਬਾਵਜੂਦ, ਹਾਊਸ ਬੋਟ ਦੇ ਮਾਲਕਾਂ ਨੇ ਵੀ ਮੰਨਿਆ ਕਿ ਗਿਣਤੀ ਵਿੱਚ ਗਿਰਾਵਟ 'ਚ ਕਸ਼ਮੀਰ ਦੀ ਸਥਿਤੀ ਨੇ ਵੀ ਯੋਗਦਾਨ ਪਾਇਆ। ਨਵਾਂ ਹਾਊਸ ਬੋਟ ਬਣਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਪਰ ਪੁਰਾਣੇ ਦੀ ਮੁਰੰਮਤ ਕਰਨਾ ਵੀ ਅਸੰਭਵ ਹੋ ਗਿਆ ਹੈ। ਪ੍ਰਸ਼ਾਸਨ ਨੇ ਇੱਕ ਨਵੀਂ ਨੀਤੀ ਲਾਗੂ ਕੀਤੀ ਹੈ ਜਿਸ ਨਾਲ ਹਾਊਸ ਬੋਟਸ ਦੀ ਮੁਰੰਮਤ ਅਤੇ ਨਵੀਨੀਕਰਨ ਦੀ ਪ੍ਰਕਿਰਿਆ ਗੁੰਝਲਦਾਰ ਹੋ ਗਈ ਹੈ।
ਸ਼ਿਕਾਰਾ ਦੇ ਨਾਮ ਨਾਸ ਜਾਣੀਆਂ ਜਾਂਦੀਆਂ ਡੱਲ ਝੀਲ ਵਿੱਚ ਤੈਰਦੀਆਂ ਕਿਸ਼ਤੀਆਂ ਅਤੇ ਹਾਊਸ ਬੋਟ ਕਸ਼ਮੀਰ ਦੀ ਸੁੰਦਰਤਾ ਨੂੰ ਦਰਸਾਉਂਦੀਆਂ ਹਨ। ਜੇ ਕਸ਼ਮੀਰ ਵਿੱਚ ਇੱਕ ਵਾਰ ਫਿਰ ਸੈਰ-ਸਪਾਟਾ ਉਦਯੋਗ ਨੂੰ ਵਧਾਵਾ ਦੇਣਾ ਹੈ, ਤਾਂ ਇਨ੍ਹਾਂ ਤਿੰਨਾਂ ਨੂੰ ਸੁਰੱਖਿਅਤ ਢੰਗ ਨਾਲ ਸੰਭਾਲਣ ਅਤੇ ਉਤਸ਼ਾਹਤ ਕਰਨ ਦੀ ਜ਼ਰੂਰਤ ਹੈ।