ਨਵੀਂ ਦਿੱਲੀ: ਸੰਸਦ ਦਾ ਮਾਨਸੂਨ ਇਜਲਾਸ ਦੀ ਅੱਜ ਦੀ ਕਾਰਵਾਈ ਹੰਗਾਮਾ ਭਰਭੂਰ ਰਹਿਣ ਦੇ ਆਸਾਰ ਹਨ। ਆਈ ਟੀ ਮੰਤਰੀ ਅਸ਼ਵਨੀ ਵੈਸ਼ਨਵ ਅੱਜ ਰਾਜ ਸਭਾ ਵਿੱਚ ਜਾਸੂਸੀ ਕਾਂਡ ਬਾਰੇ ਬਿਆਨ ਦੇਣਗੇ। ਕਾਂਗਰਸ ਇਸ ਮੁੱਦੇ 'ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਰਹੀ ਹੈ।
ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ
ਦੂਜੇ ਪਾਸੇ ਸੰਸਦ ਦੇ ਮਾਨਸੂਨ ਸੈਸ਼ਨ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਤੋਂ ਜੰਤਰ-ਮੰਤਰ ਵਿਖੇ ਕਿਸਾਨ ਯੂਨੀਅਨ ਦੀ ਤਰਫੋਂ ਇੱਕ ਧਰਨਾ ਦਿੱਤਾ ਜਾਵੇਗਾ। ਇਹ ਧਰਨਾ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੇਗਾ। ਕਿਸਾਨਾਂ ਨੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।
ਆਪ ਸਾਂਸਦ ਭਗਵੰਤ ਮਾਨ ਨੇ ਲੋਕ ਸਭਾ 'ਚ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਲੋਕ ਸਭਾ ਵਿੱਚ ਮੁਲਤਵੀ ਨੋਟਿਸ ਦਿੱਤਾ ਹੈ।ਭਗਵੰਤ ਮਾਨ ਨੇ ਟਵੀਟ ਕੀਤਾ ਕਿ ਅੱਜ ਫੇਰ ਉਨ੍ਹਾਂ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਲੋਕ ਸਭਾ ਵਿੱਚ ਮੁਲਤਵੀ ਨੋਟਿਸ ਦਿੱਤਾ ਹੈ।
ਕਾਂਗਰਸੀ ਸਾਂਸਦ ਪ੍ਰਤਾਪ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਰਾਜ ਸਭਾ ਦੇ ਚੇਅਰਪਰਸਨ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੂੰ ਮਿਤੀ 22.07.2021 ਨੂੰ ਸਵੇਰੇ 11 ਵਜੇ ਤੋਂ ਸਦਨ ਦਾ ਕਾਰੋਬਾਰ ਮੁਅੱਤਲ ਕਰਨ ਲਈ ਨੋਟਿਸ ਦਿੰਦਿਆ ਲਿਖਿਆ ਹੈ ਕਿ ਪਿਛਲੇ ਛੇ ਮਹੀਨਿਆਂ ਤੋਂ ਵਿਰੋਧ ਪ੍ਰਦਰਸ਼ਨਾਂ ਵਿੱਚ ਬੈਠੇ ਕਿਸਾਨ ਵੀਰਾਂ ਅਤੇ ਭੈਣਾਂ ਨੂੰ, ਅਤੇ ਇਸ ਦੌਰਾਨ ਆਪਣੀਆਂ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਧਿਆਨ ਵਿਚ ਰੱਖਦਿਆਂ, ਇਸ ਮਸਲੇ ਉੱਤੇ ਬਿਨਾਂ ਕਿਸੇ ਦੇਰੀ ਦੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਮੈਂ ਮਾਨਯੋਗ ਚੇਅਰਮੈਨ ਦੇ ਦਖਲ ਦੀ ਮੰਗ ਕਰਦਾ ਹਾਂ ਤਾਂ ਜੋ ਸਦਨ ਵਿਚ ਸਪਸ਼ਟ ਤੌਰ ਤੇ ਇਸ ਮੁੱਦੇ ਦਾ ਹੱਲ ਕੱਢਿਆ ਜਾਵੇ।
ਤੁਹਾਨੂੰ ਦੱਸ ਦੇਈਏ ਕਿ ਕਾਂਗਰਸ ਦੀ ਮੱਧ ਪ੍ਰਦੇਸ਼ ਇਕਾਈ ਦੇ ਪ੍ਰਧਾਨ ਕਮਲਨਾਥ ਜਾਸੂਸੀ ਘੁਟਾਲੇ ਨੂੰ ਲੈ ਕੇ ਕੇਂਦਰ ‘ਤੇ ਹਮਲਾ ਕਰ ਰਹੇ ਹਨ। ਉਨ੍ਹਾਂ ਨੇ ਪੇਗਾਸਸ ਜਾਸੂਸ ਕਾਂਡ (Pegasus Detective Scandal) ਨੂੰ ਲੋਕਾਂ ਦੀ ਨਿਜਤਾ, ਲੋਕਤੰਤਰ ਅਤੇ ਭਾਰਤੀ ਸੰਵਿਧਾਨ ਉੱਤੇ ਸਭ ਤੋਂ ਵੱਡਾ ਹਮਲਾ ਦੱਸਿਆ ਹੈ। ਇਸਦੇ ਨਾਲ ਹੀ ਉਨ੍ਹਾਂ ਸੁਪਰੀਮ ਕੋਰਟ ਦੇ ਇੱਕ ਜੱਜ ਤੋਂ ਇਸ ਸਾਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ।