ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਵਿੱਚ ਦੁਬਈ ਦੇ ਵੱਡੇ ਪੰਜਾਬੀ ਸਿੱਖ ਕਾਰੋਬਾਰੀ ਐਸਪੀ ਸਿੰਘ ਓਬਰਾਏ ਨੂੰ ਮੁੱਖ ਮੰਤਰੀ ਦੇ ਚਿਹਰੇ ਦੇ ਰੂਪ ਵਿੱਚ ਉਤਾਰਨਾ ਚਾਹੁੰਦੀ ਹੈ। ਸੂਤਰਾਂ ਮੁਤਾਬਕ ‘ਆਪ‘ ਦੇ ਵੱਡੇ ਆਗੂਆਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਹੈ ਪਰ ਓਬਰਾਇ ਇਸ ਲਈ ਤਿਆਰ ਨਹੀਂ ਹੋ ਰਹੇ। ਸੂਤਰਾਂ ਮੁਤਾਬਕ ਐਸਪੀ ਸਿੰਘ ਓਬਰਾਏ ਨੇ ‘ਆਪ‘ ਆਗੂਆਂ ਵੱਲੋਂ ਸੰਪਰਕ ਕੀਤੇ ਜਾਣ ਦੀ ਪੁਸ਼ਟੀ ਜਰੂਰ ਕੀਤੀ ਹੈ ਪਰ ‘ਆਪ‘ ਇਸ ਤੋਂ ਵੀ ਮੁਕਰ ਰਹੀ ਹੈ।
ਪੰਜਾਬ ਫੇਰੀ ਦੌਰਾਨ ਵੀ ਕੀਤਾ ਗਿਆ ਸੰਪਰਕ
ਸੂਤਰਾਂ ਮੁਤਾਬਕ ਐਸਪੀ ਸਿੰਘ ਓਬਰਾਏ ਨੇ ਇੱਥੋਂ ਤੱਕ ਕਿਹਾ ਕਿ ਇੱਕ ਹਫਤਾ ਪਹਿਲਾਂ ਜਦੋਂ ਉਹ ਪੰਜਾਬ ਵਿੱਚ ਸਨ, ਉਦੋਂ ‘ਆਪ‘ ਆਗੂਆਂ ਨੇ ਉਨ੍ਹਾਂ ਨਾਲ ਲਗਾਤਾਰ ਸੰਪਰਕ ਬਣਾ ਕੇ ਮੁੱਖ ਮੰਤਰੀ ਚਿਹਰਾ ਬਣਾਉਣ ਦੀ ਪੇਸ਼ਕਸ਼ ਕੀਤੀ ਤੇ ਹੁਣ ਉਹ ਦੁਬਈ ਹਨ ਤੇ ਹੁਣ ਵੀ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਰਾਜਨੀਤਕ ਦਲ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ, ਸਗੋਂ ਉਹ ਗਰੀਬ ਲੋਕਾਂ ਦੀ ਮਦਦ ਕਰਨ ਵਿੱਚ ਵਧੇਰੇ ਦਿਲਚਸਪੀ ਰਖਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੁਖ ਹੋ ਰਿਹਾ ਹੈ ਕਿ ਆਮ ਆਦਮੀ ਪਾਰਟੀ ਉਨ੍ਹਾਂ ਨਾਲ ਰਾਬਤਾ ਬਣਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ।
ਕੇਜਰੀਵਾਲ ਸਿੱਖ ਨੂੰ ਮੁੱਖ ਮੰਤਰੀ ਚਿਹਰਾ ਬਣਾਉਣ ਦਾ ਕਰ ਚੁਕੇ ਹਨ ਐਲਾਨ
ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਸਿੱਖ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਉਤਾਰਨ ਦਾ ਖੁੱਲ੍ਹਾ ਐਲਾਨ ਕਰ ਚੁੱਕੇ ਹਨ। ਹੁਣ ਐਸਪੀ ਸਿੰਘ ਓਬਰਾਏ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦੀਆਂ ਕੋਸ਼ਿਸ਼ਾਂ ਦੀਆਂ ਚਰਚਾਵਾਂ ਸਾਹਮਣੇ ਆਈਆਂ ਹਨ। ਭਰੋਸੇਯੋਗ ਸੂਤਰਾਂ ਮੁਤਾਬਕ ਐਸਪੀ ਸਿੰਘ ਓਬਰਾਏ ‘ਆਪ‘ ਆਗੂਆਂ ਵੱਲੋਂ ਸੰਪਰਕ ਕਰਨ ਦਾ ਦਾਅਵਾ ਕਰ ਰਹੇ ਹਨ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਇਸ ਤੋਂ ਇਨਕਾਰ ਕਰ ਰਹੇ ਹਨ। ‘ਆਪ‘ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਈਟੀਵੀ ਨਾਲ ਫੋਨ ‘ਤੇ ਗੱਲਬਾਤ ਵਿੱਚ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਓਬਰਾਏ ਨਾਲ ਸੰਪਰਕ ਨਹੀਂ ਕੀਤਾ।
ਗਰੀਬਾਂ ਦੇ ਮਦਦਗਾਰ ਹਨ ਓਬਰਾਏ
ਜਿਕਰਯੋਗ ਹੈ ਕਿ ਐਸਪੀ ਸਿੰਘ ਓਬਰਾਏ ਵੱਡੇ ਕਾਰੋਬਾਰੀ ਤੇ ਉੱਘੇ ਸਮਾਜ ਸੇਵੀ ਹਨ। ਉਨ੍ਹਾਂ ਵਿਦੇਸ਼ ਵਿੱਚੋਂ 17 ਪੰਜਾਬੀਆਂ ਨੂੰ ਕਰੋੜਾਂ ਰੁਪਏ ਦੀ ਬਲੱਡ ਮਨੀ ਦੇ ਕੇ ਰਿਹਾਅ ਕਰਵਾਇਆ ਸੀ ਤੇ ਕੋਰੋਨਾ ਕਾਲ ਵਿੱਚ ਵੀ ਪੰਜਾਬ ਵਿੱਚ ਵੀ ਗਰੀਬਾਂ ਦੀ ਕਾਫੀ ਮਦਦ ਕੀਤੀ। ਸੂਤਰਾਂ ਮੁਤਾਬਕ ਇਹ ਵੀ ਪਤਾ ਲੱਗਿਆ ਹੈ ਕਿ ਕੁਝ ਹੋਰ ਪਾਰਟੀਆਂ ਦੇ ਆਗੂ ਵੀ ਓਬਰਾਏ ‘ਤੇ ਆਸ ਲਗਾਏ ਬੈਠੇ ਹਨ।
ਇਹ ਵੀ ਪੜ੍ਹੋ:ਸਿੱਧੂ ਨੇ ਹੁਣ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਦੀ ਕੀਤੀ ਗੱਲ ?