ਨਵੀਂ ਦਿੱਲੀ : ਪੈਗੰਬਰ ਮੁਹੰਮਦ ਬਾਰੇ ਟਿੱਪਣੀ ਦੇ ਮਾਮਲੇ 'ਚ ਭਾਜਪਾ ਦੀ ਮੁਅੱਤਲ ਬੁਲਾਰੇ ਨੂਪੁਰ ਸ਼ਰਮਾ ਨੂੰ ਸੁਪਰੀਮ ਕੋਰਟ ਤੋਂ ਅੰਤਰਿਮ ਰਾਹਤ ਮਿਲੀ ਹੈ। ਸਿਖਰਲੀ ਅਦਾਲਤ ਨੇ ਨੂਪੁਰ ਸ਼ਰਮਾ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਉਸ ਦੀ ਗ੍ਰਿਫ਼ਤਾਰੀ 'ਤੇ 10 ਅਗਸਤ ਤੱਕ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਨੂਪੁਰ ਸ਼ਰਮਾ ਵਿਰੁੱਧ ਕੋਈ ਜ਼ਬਰਦਸਤੀ ਕਾਰਵਾਈ ਨਹੀਂ ਕੀਤੀ ਜਾਣੀ ਚਾਹੀਦੀ ਅਤੇ ਉਸ ਦੀ ਪਟੀਸ਼ਨ 'ਤੇ ਅਗਲੀ ਸੁਣਵਾਈ ਲਈ 10 ਅਗਸਤ ਤੈਅ ਕੀਤੀ ਗਈ ਹੈ।
ਸੁਪਰੀਮ ਕੋਰਟ ਨੇ ਨੁਪੁਰ ਸ਼ਰਮਾ ਨੂੰ ਇਸ ਮੁੱਦੇ 'ਤੇ ਭਵਿੱਖੀ ਐਫਆਈਆਰਜ਼/ਸ਼ਿਕਾਇਤਾਂ ਵਿੱਚ ਦੰਡਕਾਰੀ ਕਾਰਵਾਈ ਤੋਂ ਸੁਰੱਖਿਆ ਦਿੱਤੀ ਹੈ। ਨਾਲ ਹੀ, ਸੁਪਰੀਮ ਕੋਰਟ ਨੇ ਪੈਗੰਬਰ ਮੁਹੰਮਦ 'ਤੇ ਟਿੱਪਣੀ ਨਾਲ ਜੁੜੇ ਵਿਵਾਦ ਮਾਮਲੇ 'ਚ ਨੂਪੁਰ ਸ਼ਰਮਾ ਦੀ ਪਟੀਸ਼ਨ 'ਤੇ ਦਿੱਲੀ, ਪੱਛਮੀ ਬੰਗਾਲ ਅਤੇ ਮਹਾਰਾਸ਼ਟਰ ਵਰਗੇ ਰਾਜਾਂ ਨੂੰ ਨੋਟਿਸ ਜਾਰੀ ਕੀਤਾ ਹੈ। ਨੁਪੁਰ ਸ਼ਰਮਾ ਦੇ ਵਕੀਲ ਮਨਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਦੀ ਜਾਨ ਨੂੰ ਗੰਭੀਰ ਖ਼ਤਰਾ ਹੈ।
ਬੈਂਚ ਨੇ ਹੁਕਮ ਸੁਣਾਉਂਦੇ ਹੋਏ ਪਟੀਸ਼ਨਰ ਦੇ ਕਤਲ ਦੇ ਵਾਇਰਲ ਹੋਏ ਸਲਮਾਨ ਚਿਸ਼ਤੀ ਦੇ ਬਿਆਨ ਦਾ ਵੀ ਨੋਟਿਸ ਲਿਆ। ਅਦਾਲਤ ਨੇ ਇਹ ਵੀ ਕਿਹਾ ਕਿ ਯੂਪੀ ਦੇ ਇੱਕ ਵਿਅਕਤੀ ਨੇ ਪਟੀਸ਼ਨਕਰਤਾ ਦਾ ਸਿਰ ਕਲਮ ਕਰਨ ਦੀ ਧਮਕੀ ਵੀ ਦਿੱਤੀ ਸੀ। ਨੁਪੁਰ ਸ਼ਰਮਾ ਨੇ ਵਿਵਾਦਤ ਟਿੱਪਣੀ ਮਾਮਲੇ 'ਚ ਪਟੀਸ਼ਨ ਦਾਇਰ ਕਰਕੇ ਵੱਖ-ਵੱਖ ਰਾਜਾਂ 'ਚ ਦਰਜ ਐੱਫ.ਆਈ.ਆਰਜ਼ ਨੂੰ ਜੋੜਨ ਅਤੇ ਗ੍ਰਿਫਤਾਰੀ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ: ਨਾਜਾਇਜ਼ ਮਾਈਨਿੰਗ ਰੋਕਣ ਗਏ ਡੀਐਸਪੀ ਦਾ ਸ਼ਰੇਆਮ ਕਤਲ !