ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ 4 ਮਈ ਨੂੰ ਐਡਵਾਂਸ ਲਾਈਟ ਧਰੁਵ ਹੈਲੀਕਾਪਟਰ ਦੇ ਹਾਦਸੇ ਤੋਂ ਬਾਅਦ ਫੌਜ ਨੇ ਵੱਡਾ ਫੈਸਲਾ ਲਿਆ ਹੈ। ਫਿਲਹਾਲ ਇਸ ਹੈਲੀਕਾਪਟਰ ਨੂੰ ਜੰਮੂ-ਕਸ਼ਮੀਰ 'ਚ ਫੌਜ ਦੀਆਂ ਕਾਰਵਾਈਆਂ ਤੋਂ ਵੱਖ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਕਾਰਨ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਸੁਰੱਖਿਆ ਬਲਾਂ ਦੇ ਆਪਰੇਸ਼ਨ ਪ੍ਰਭਾਵਿਤ ਹੋਣ ਦੀ ਗੱਲ ਕਹੀ ਜਾ ਰਹੀ ਹੈ।
ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ 'ਚ ਚੱਲ ਰਹੇ ਅੱਤਵਾਦ ਵਿਰੋਧੀ ਅਭਿਆਨ ਦੇ ਵਿਚਕਾਰ, ਕਿਸ਼ਤਵਾੜ 'ਚ 4 ਮਈ ਨੂੰ ਹੋਏ ਹਾਦਸੇ ਦੇ ਮੱਦੇਨਜ਼ਰ ਫੌਜ ਨੇ ਆਪਣੇ ALH ਧਰੁਵ ਹੈਲੀਕਾਪਟਰਾਂ ਦੇ ਬੇੜੇ ਨੂੰ ਫਿਲਹਾਲ ਵਾਪਸ ਲੈ ਲਿਆ ਹੈ। ਇਸ ਹੈਲੀਕਾਪਟਰ ਹਾਦਸੇ ਵਿੱਚ ਇੱਕ ਫੌਜੀ ਦੀ ਮੌਤ ਹੋ ਗਈ। ਪਿਛਲੇ ਦੋ ਮਹੀਨਿਆਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਇਸ ਹੈਲੀਕਾਪਟਰ ਨੂੰ ਜਾਂਚ ਲਈ ਰੋਕਿਆ ਗਿਆ ਹੈ। ਪਹਿਲੀ ਦੁਰਘਟਨਾ ਮਾਰਚ ਵਿੱਚ ਮੁੰਬਈ ਵਿੱਚ ਵਾਪਰੀ ਸੀ ਜਦੋਂ ਨੇਵੀ ਦਾ ਇੱਕ ਹੈਲੀਕਾਪਟਰ ਵੀਵੀਆਈਪੀ ਡਿਊਟੀ ਨਿਭਾਉਣ ਤੋਂ ਬਾਅਦ ਖੱਡ ਵਿੱਚ ਡਿੱਗ ਗਿਆ ਸੀ। ਅਪ੍ਰੈਲ ਵਿੱਚ ਕੋਚੀ ਵਿੱਚ ਇੱਕ ਹੋਰ ਹਾਦਸਾ ਵਾਪਰਿਆ ਜਦੋਂ ਤੱਟ ਰੱਖਿਅਕਾਂ ਦਾ ਇੱਕ ਹੈਲੀਕਾਪਟਰ ਟੈਸਟ ਦੌਰਾਨ ਹਾਦਸਾਗ੍ਰਸਤ ਹੋ ਗਿਆ।
ਰੱਖਿਆ ਅਧਿਕਾਰੀਆਂ ਨੇ ਏਜੰਸੀ ਨੂੰ ਦੱਸਿਆ, "ਹਾਦਸੇ ਦੇ ਮੱਦੇਨਜ਼ਰ, ਸਾਵਧਾਨੀ ਦੇ ਤੌਰ 'ਤੇ ALH ਧਰੁਵ ਹੈਲੀਕਾਪਟਰਾਂ ਦਾ ਸੰਚਾਲਨ ਰੋਕ ਦਿੱਤਾ ਗਿਆ ਹੈ।" ਹੈਲੀਕਾਪਟਰਾਂ 'ਤੇ ਪਾਬੰਦੀ ਕਾਰਨ ਸੁਰੱਖਿਆ ਬਲਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਦੱਸਿਆ ਜਾਂਦਾ ਹੈ ਕਿ ਫੌਜੀ ਕਾਰਵਾਈਆਂ ਵਿੱਚ ਇਨ੍ਹਾਂ ਹੈਲੀਕਾਪਟਰਾਂ ਤੋਂ ਕਾਫੀ ਮਦਦ ਲਈ ਜਾਂਦੀ ਹੈ। ALH ਧਰੁਵ ਭਾਰਤੀ ਫੌਜ ਲਈ ਬਹੁਤ ਮਹੱਤਵਪੂਰਨ ਹੈ। ਇਹ ਬਹੁਤ ਉਚਾਈ ਤੱਕ ਉੱਡਣ ਦੀ ਸਮਰੱਥਾ ਰੱਖਦਾ ਹੈ। ਆਰਮੀ ਏਵੀਏਸ਼ਨ ਕੋਰ ਇਹਨਾਂ ਹੈਲੀਕਾਪਟਰਾਂ ਦੇ ਵੱਖ-ਵੱਖ ਰੂਪਾਂ ਦੀ ਵਰਤੋਂ ਕਰਦੀ ਹੈ, ਜਿਸ ਵਿੱਚ ਰੁਦਰ ਵੈਪਨ ਸਿਸਟਮ ਇੰਟੀਗ੍ਰੇਟਿਡ ਵਰਜ਼ਨ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ:- ਪਤੀ ਅਤੀਕ ਅਹਿਮਦ ਨੂੰ ਅੰਤਿਮ ਦਰਸ਼ਨਾਂ ਲਈ ਪ੍ਰਯਾਗਰਾਜ ਆਈ ਸੀ ਸ਼ਾਇਸਤਾ, ਅਸਦ ਦੇ ਦੋਸਤ ਨੇ ਖੋਲ੍ਹੇ ਰਾਜ