ਹੈਦਰਾਬਾਦ ਡੈਸਕ : ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਮਾਸਟਰਕਾਰਡ ਦੇ ਸਾਬਕਾ ਸੀਈਓ ਅਜੇ ਬੰਗਾ ਨੂੰ ਵਿਸ਼ਵ ਬੈਂਕ ਦਾ ਮੁਖੀ ਐਲਾਨਿਆ ਹੈ। ਹੁਣ ਤੱਕ ਡੇਵਿਡ ਮਾਲਪਾਸ ਵਿਸ਼ਵ ਬੈਂਕ ਦੇ ਚੋਟੀ ਦੇ ਅਹੁਦੇ 'ਤੇ ਸਨ। ਅਜੇ ਬੰਗਾ ਨੂੰ ਨਾਮਜ਼ਦ ਕਰਨ ਦਾ ਕਾਰਨ ਇਹ ਹੈ ਕਿ ਉਨ੍ਹਾਂ ਕੋਲ ਗਲੋਬਲ ਚੁਣੌਤੀਆਂ ਦੇ ਨਾਲ-ਨਾਲ ਜਲਵਾਯੂ ਪਰਿਵਰਤਨ ਦੀ ਚੁਣੌਤੀ ਵਿੱਚ ਵੀ ਚੰਗਾ ਤਜ਼ੁਰਬਾ ਹੈ। ਇਹ ਐਲਾਨ ਅਜਿਹੇ ਸਮੇਂ 'ਚ ਕੀਤਾ ਗਿਆ ਹੈ ਜਦੋਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਨਿਯੁਕਤ ਡੇਵਿਡ ਮਾਲਪਾਸ ਨੇ ਜੂਨ 'ਚ ਆਪਣਾ ਅਹੁਦਾ ਛੱਡਣ ਦਾ ਐਲਾਨ ਕੀਤਾ ਹੈ।
ਆਮ ਤੌਰ 'ਤੇ ਅਮਰੀਕੀ ਹੁੰਦਾ ਹੈ ਵਿਸ਼ਵ ਬੈਂਕ ਦਾ ਮੁਖੀ : ਵਿਸ਼ਵ ਬੈਂਕ 189 ਦੇਸ਼ਾਂ ਦੀ ਅਗਵਾਈ ਕਰਦਾ ਹੈ, ਜਿਨ੍ਹਾਂ ਦਾ ਟੀਚਾ ਗਰੀਬੀ ਨੂੰ ਖ਼ਤਮ ਕਰਨਾ ਹੈ। ਡੇਵਿਡ ਮਾਲਪਾਸ ਦਾ 5 ਸਾਲ ਦਾ ਕਾਰਜਕਾਲ ਅਗਲੇ ਸਾਲ ਅਪ੍ਰੈਲ 'ਚ ਖ਼ਤਮ ਹੋਣਾ ਸੀ। ਵਿਸ਼ਵ ਬੈਂਕ ਦਾ ਮੁਖੀ ਆਮ ਤੌਰ 'ਤੇ ਅਮਰੀਕੀ ਹੁੰਦਾ ਹੈ। ਪਰ, ਇਸ ਵਾਰ ਭਾਰਤੀ ਮੂਲ ਦੇ ਅਜੇ ਬੰਗਾ ਨੂੰ ਵਿਸ਼ਵ ਬੈਂਕ ਦਾ ਮੁਖੀ ਨਾਮਜ਼ਦ ਕੀਤਾ ਗਿਆ ਹੈ।
ਬਾਈਡੇਨ ਨੇ ਬੰਗਾ ਨੂੰ ਸਭ ਤੋਂ ਢੁੱਕਵੀਂ ਚੋਣ ਦੱਸਿਆ : ਅਜੇ ਬੰਗਾ ਨੂੰ ਵਰਲਡ ਬੈਂਕ ਦੇ ਮੁੱਖੀ ਵਜੋਂ ਐਲਾਨ ਕਰਦੇ ਹੋਏ, ਜੋ ਬਾਈਡੇਨ ਨੇ ਕਿਹਾ ਕਿ ਅਜੇ ਇਸ ਇਤਿਹਾਸਕ ਅਤੇ ਨਾਜ਼ੁਕ ਪਲ 'ਤੇ ਵਿਸ਼ਵ ਬੈਂਕ ਦਾ ਚਾਰਜ ਸੰਭਾਲਣ ਲਈ ਸਭ ਤੋਂ ਯੋਗ ਵਿਅਕਤੀ ਹਨ। ਉਨ੍ਹਾਂ ਅੱਗੇ ਕਿਹਾ ਕਿ ਅਜੇ ਬੰਗਾ ਕੋਲ ਮੌਜੂਦਾ ਯੁੱਗ ਦੀਆਂ ਸਾਰੀਆਂ ਚੁਣੌਤੀਆਂ ਜਿਸ ਵਿੱਚ ਜਲਵਾਯੂ ਪਰਿਵਰਤਨ ਵੀ ਸ਼ਾਮਲ ਹੈ। ਉਨ੍ਹਾਂ ਵਿੱਚ ਨਿੱਜੀ ਅਤੇ ਸਰਕਾਰੀ ਸਾਧਨਾਂ ਦੀ ਵਰਤੋਂ ਕਰਕੇ ਨਜਿੱਠਣ ਦੀ ਸਮਰੱਥਾ ਹੈ।
ਅਜੇ ਬੰਗਾ ਦਾ ਤਜ਼ੁਰਬਾ ਗਰੀਬੀ ਦੂਰ ਕਰਨ ਵਿੱਚ ਸਹਾਇਤਾ ਕਰੇਗਾ : ਖਜ਼ਾਨਾ ਸਕੱਤਰ ਜੈਨੇਟ ਯੇਲਨ ਨੇ ਕਿਹਾ ਹੈ ਕਿ ਅਜੇ ਬੰਗਾ ਦਾ ਤਜ਼ੁਰਬਾ ਵਿਸ਼ਵ ਬੈਂਕ ਦੇ ਅਤਿ ਗਰੀਬੀ ਨੂੰ ਘਟਾਉਣ ਦੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਬੇਹੱਦ ਸਹਾਈ ਸਿੱਧ ਹੋਵੇਗਾ। ਇਸ ਦੇ ਨਾਲ ਹੀ, ਉਹ ਖੁਸ਼ਹਾਲੀ ਵੰਡਣ ਦੀ ਕੋਸ਼ਿਸ਼ ਵਿੱਚ ਵੀ ਵੱਡੀ ਭੂਮਿਕਾ ਨਿਭਾ ਸਕਦੇ ਹਨ। ਬੰਗਾ ਵਿਸ਼ਵ ਬੈਂਕ ਦੀ ਭਰੋਸੇਯੋਗਤਾ ਵਧਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾ ਸਕਦੇ ਹਨ। ਇਸ 'ਚ ਜਲਵਾਯੂ 'ਚ ਬਦਲਾਅ ਦੇ ਨਾਲ-ਨਾਲ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਅਭਿਲਾਸ਼ੀ ਟੀਚਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਅਜੇ ਬੰਗਾ ਕੋਲ 30 ਸਾਲ ਦਾ ਤਜ਼ੁਰਬਾ : ਅਜੇ ਬੰਗਾ ਇਸ ਸਮੇਂ ਪ੍ਰਾਈਵੇਟ ਇਕਵਿਟੀ ਫਰਮ ਜਨਰਲ ਐਟਲਾਂਟਿਕ ਦੇ ਵਾਈਸ ਚੇਅਰਮੈਨ ਹਨ। ਬੰਗਾ ਕੋਲ 30 ਸਾਲਾਂ ਤੋਂ ਵੱਧ ਦਾ ਕਾਰੋਬਾਰੀ ਤਜ਼ੁਰਬਾ ਹੈ। ਮਾਸਟਰਕਾਰਡ ਵਿੱਚ ਵੱਖ-ਵੱਖ ਜ਼ਿੰਮੇਵਾਰੀਆਂ ਸੰਭਾਲਣ ਤੋਂ ਬਾਅਦ, ਉਹ ਲੰਬੇ ਸਮੇਂ ਤੱਕ ਇਸ ਦੇ ਸੀ.ਈ.ਓ. ਇਸ ਤੋਂ ਇਲਾਵਾ ਉਨ੍ਹਾਂ ਨੇ ਅਮਰੀਕਨ ਰੈੱਡ ਕਰਾਸ, ਕਰਾਫਟ ਫੂਡਜ਼ ਅਤੇ ਡਾਓ ਇੰਕ ਵਿਚ ਕੰਮ ਕੀਤਾ ਹੈ। ਅਜੇ ਬੰਗਾ ਵਿਸ਼ਵ ਬੈਂਕ ਦੇ ਮੁਖੀ ਲਈ ਨਾਮਜ਼ਦ ਕੀਤੇ ਜਾਣ ਵਾਲੇ ਪਹਿਲੇ ਭਾਰਤੀ ਮੂਲ ਦੇ ਵਿਅਕਤੀ ਹਨ। ਬੰਗਾ ਨੂੰ 2016 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਅਜੇ ਬੰਗਾ ਦਾ ਪੂਰਾ ਨਾਮ ਅਜੇਪਾਲ ਸਿੰਘ ਬੰਗਾ ਹੈ, ਜਿਸ ਦਾ ਜਨਮ ਪੁਣੇ ਵਿੱਚ 10 ਨਵੰਬਰ, 1959 ਵਿੱਚ ਹੋਇਆ।
ਇਹ ਵੀ ਪੜ੍ਹੋ: Vivek Ramaswamy: ਸੁਰਖੀਆਂ 'ਚ ਇੱਕ ਹੋਰ ਭਾਰਤੀ, ਅਮਰੀਕਾ 'ਚ ਲੜਨਗੇ ਰਾਸ਼ਟਰਪਤੀ ਦੀਆਂ ਚੋਣਾਂ, ਜਾਣੋ ਕੌਣ ਹਨ ?