ਚੰਡੀਗੜ੍ਹ: ਮਾਈਨਿੰਗ ’ਤੇ ਰਾਜਨੀਤੀ (Mining politics) ਦੌਰਾਨ ਨਵੀਂ ਗੱਲ ਸਾਹਮਣੇ ਆਈ ਹੈ। ਆਮ ਆਦਮੀ ਪਾਰਟੀ ਨੇ ਗੈਰ ਕਾਨੂੰਨੀ ਮਾਈਨਿੰਗ (Illegal Mining) ’ਤੇ ਨਵਾਂ ਐਲਾਨ ਕੀਤਾ ਹੈ। ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਡਾ ਨੇ ਟਵੀਟ ਕਰਕੇ ਕਿਹਾ ਹੈ ਕਿ ਹਰੇਕ ਗੈਰ ਕਾਨੂੰਨੀ ਮਾਈਨਿੰਗ ਵਿਰੁੱਧ ਕਾਰਵਾਈ ਕਰਨ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 25000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਚੱਡਾ ਨੇ ਕਿਹਾ ਹੈ ਕਿ ਇਹ ਇਨਾਮ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮਾਈਨਿੰਗ ਮਾਫੀਆ ਨਾਲ ਮਿਲੀਭੁਗਤ ਕਾਰਨ ਐਲਾਨਿਆ ਗਿਆ ਹੈ।
ਸੀਐਮ ਨੇ ਗੈਰ ਕਾਨੂੰਨੀ ਮਾਈਨਿੰਗ ਬੰਦ ਕਰਨ ਦਾ ਕੀਤਾ ਸੀ ਐਲਾਨ
ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਗੈਰ ਕਾਨੂੰਨੀ ਮਾਈਨਿੰਗ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਜਾਵੇਗੀ ਤੇ ਸੂਚਨਾ ਮਿਲਣ ’ਤੇ ਸਖ਼ਤ ਕਾਰਵਾਈ ਹੋਵੇਗੀ। ਮੁੱਖ ਮੰਤਰੀ ਨੇ ਰੇਤ ਸਸਤੀ ਦਰ ’ਤੇ ਮਿਲਣ ਦਾ ਦਾਅਵਾ ਵੀ ਕੀਤਾ ਸੀ। ਮੁੱਖ ਮੰਤਰੀ ਦੇ ਇਨ੍ਹਾਂ ਦਾਅਵਿਆਂ ਦੇ ਬਾਅਦ ਤੋਂ ਹੀ ਮਾਈਨਿੰਗ ’ਤੇ ਰਾਜਨੀਤੀ ਹੋ ਰਹੀ ਹੈ। ਮੁੱਖ ਮੰਤਰੀ ਨੇ ਖੁਦ ਕੁਝ ਮਾਈਨਿੰਗ ਖੱਡਾਂ ’ਤੇ ਜਾ ਕੇ ਜਾਂਚ ਕੀਤੀ ਸੀ। ਇਸੇ ਦੌਰਾਨ ਦੂਜੀਆਂ ਪਾਰਟੀਆਂ ਵੀ ਮਾਈਨਿੰਗ ’ਤੇ ਸੱਤਾਧਿਰ ਨੂੰ ਘੇਰਦੀਆਂ ਨਜ਼ਰ ਆਈਆਂ।
ਨੇਤਾਵਾਂ ਨੇ ਕੀਤਾ ਸੀ ਮਾਈਨਿੰਗ ਸਾਈਟਾਂ ਦਾ ਦੌਰਾ
ਇਸੇ ਸਿਲਸਿਲੇ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਵੀ ਮਾਈਨਿੰਗ ਸਾਈਟਾਂ ਦਾ ਦੌਰਾ ਕੀਤਾ ਸੀ ਤੇ ਦਾਅਵਾ ਕੀਤਾ ਸੀ ਕਿ ਰੇਤ ਦੀਆਂ ਕੀਮਤਾਂ ਵਿੱਚ ਕੋਈ ਕਮੀ ਨਹੀਂ ਆਈ ਹੈ ਤੇ ਗੈਰ ਕਾਨੂੰਨੀ ਮਾਈਨਿੰਗ ਲਗਾਤਾਰ ਜਾਰੀ ਹੈ। ਆਮ ਆਦਮੀ ਪਾਰਟੀ ਨੇ ਦੋਸ਼ ਲਗਾਇਆ ਸੀ ਕਿ ਮੁੱਖ ਮੰਤਰੀ ਦੀ ਮਾਈਨਿੰਗ ਮਾਫੀਆ (Mining Mafia) ਨਾਲ ਮਿਲੀਭੁਗਤ ਹੈ ਤੇ ਮਾਈਨਿੰਗ ਲਗਾਤਾਰ ਜਾਰੀ ਹੈ।
ਮਾਈਨਿੰਗ ਮੁੱਦੇ ’ਤੇ ਸੀਐਮ ’ਤੇ ਕਸਿਆ ਤੰਜ
ਹੁਣ ਰਾਘਵ ਚੱਡਾ (Raghav Chadha News) ਨੇ ਟਵੀਟ ਕਰਕੇ ਕਿਹਾ ਹੈ ਕਿ ਜੇਕਰ ਮੁੱਖ ਮੰਤਰੀ ਗੈਰ ਕਾਨੂੰਨੀ ਮਾਈਨਿੰਗ ’ਤੇ ਕਾਰਵਾਈ ਕਰਦੇ ਹਨ ਤਾਂ ਹਰੇਕ ਮਾਈਨਿੰਗ ਕਾਰਵਾਈ ’ਤੇ ਸੀਐਮ ਨੂੰ 25 ਹਜਾਰ ਰੁਪਏ ਇਨਾਮ ਦਿੱਤਾ ਜਾਵੇਗਾ। ਇੱਕ ਤਰ੍ਹਾਂ ਨਾਲ ਗੈਰ ਕਾਨੂੰਨੀ ਮਾਈਨਿੰਗ ’ਤੇ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ’ਤੇ ਤੰਜ ਕਸਿਆ ਹੈ।
ਇਹ ਵੀ ਪੜ੍ਹੋ:ਸਿੱਧੂ ਆਪ ’ਤੇ ਵਰ੍ਹੇ, ਕਿਹਾ ਸੱਚੇ ਨੇਤਾ lollypop ਨਹੀਂ ਦਿੰਦੇ