ਗੁਵਾਹਾਟੀ: ਅਸਾਮ ਦੇ ਦਿਮਾ ਹਸਾਓ ਜ਼ਿਲ੍ਹੇ ਦੇ ਦਿਓੰਗਮੁਖ ਚ ਦਿਮਾਸਾ ਨੈਸ਼ਨਲ ਲਿਬਰੇਸ਼ਨ ਆਰਮੀ ਦੇ ਸ਼ੱਕੀ ਅੱਤਵਾਦੀਆਂ ਨੇ ਪੰਜ ਟਰੱਕਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਉਨ੍ਹਾਂ ਨੇ ਟਰੱਕਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਘਟਨਾ ’ਚ 5 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਜ਼ਖਮੀ ਹੋ ਗਿਆ।
ਇਹ ਘਟਨਾ ਵੀਰਵਾਰ ਰਾਤ ਕਰੀਬ 9 ਵਜੇ ਹਾਫਲਾਂਗ ਤੋਂ 120 ਕਿਲੋਮੀਟਰ ਦੂਰ ਰੇਂਜਰਬਿਲ ਇਲਾਕੇ ਵਿੱਚ ਵਾਪਰੀ ਸੀ। ਇਸ ਘਟਨਾ ਵਿੱਚ ਡੀਐਨਐਲਏ ਦੇ ਸ਼ੱਕੀ ਅੱਤਵਾਦੀਆਂ ਦੇ ਸ਼ਾਮਲ ਹੋਣ ਦਾ ਸ਼ੱਕ ਹੈ। ਦੱਸਿਆ ਜਾਂਦਾ ਹੈ ਕਿ ਸ਼ੱਕੀ ਅੱਤਵਾਦੀਆਂ ਦਾ ਇੱਕ ਸਮੂਹ ਰੇਂਜਰਬਿਲ ਇਲਾਕੇ ਵਿੱਚ ਪਹੁੰਚਿਆ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੋਲੀਬਾਰੀ ਵਿੱਚ ਪੰਜ ਟਰੱਕ ਡਰਾਈਵਰ ਮਾਰੇ ਗਏ। ਇਨ੍ਹਾਂ ਵਿੱਚੋਂ ਚਾਰ ਟਰੱਕ ਡਰਾਈਵਰਾਂ ਦੀ ਪਛਾਣ ਨਹੀਂ ਹੋ ਸਕੀ। ਡਰਾਈਵਰਾਂ ਵਿੱਚੋਂ ਇੱਕ ਦੀ ਪਛਾਣ ਗੌਰ ਮਜੂਮਦਾਰ ਵਜੋਂ ਹੋਈ ਹੈ।
ਉੱਥੇ ਹੀ ਗੋਲੀਬਾਰੀ ਤੋਂ ਬਾਅਦ ਅੱਤਵਾਦੀਆਂ ਨੇ ਟਰੱਕਾਂ ਵਿੱਚ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਟਰੱਕ ਵਿੱਚ ਘੱਟੋ -ਘੱਟ 10 ਲੋਕ ਸਵਾਰ ਸੀ, ਜਿਨ੍ਹਾਂ ਬਾਰੇ ਪੁਲਿਸ ਨੂੰ ਸ਼ੱਕ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
ਪੁਲਿਸ ਨੇ ਦੱਸਿਆ ਕਿ ਰਾਤ 8-9 ਵਜੇ ਹਥਿਆਰਬੰਦ ਲੋਕਾਂ ਦੇ ਇੱਕ ਸਮੂਹ ਨੇ ਟਰੱਕਾਂ ਨੂੰ ਰੋਕਿਆ ਇਨ੍ਹਾਂ 6 ਟਰੱਕਾਂ ’ਚ ਸੀਮੈਂਟ ਸੀ ਅਤੇ ਇੱਕ ਕੋਲੇ ਨਾਲ ਭਰਿਆ ਹੋਇਆ ਸੀ ਅਤੇ ਉਨ੍ਹਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦਿਮਾ ਹਸਾਓ ਦੇ ਪੁਲਿਸ ਸੁਪਰਡੈਂਟ ਜਯੰਤ ਸਿੰਘ ਨੇ ਕਿਹਾ, “ਸਮੂਹ ਨੇ ਕਈ ਮਿੰਟਾਂ ਤੱਕ ਵਾਹਨਾਂ ਉੱਤੇ ਗੋਲੀਆਂ ਚਲਾਈਆਂ ਅਤੇ ਫਿਰ ਉਨ੍ਹਾਂ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋ ਗਿਆ। ਇਹ ਸਾਰੇ ਟਰੱਕ ਦੇ ਡਰਾਈਵਰ ਅਤੇ ਸਹਾਇਕ ਹਨ। ਜਯੰਤ ਸਿੰਘ ਨੇ ਕਿਹਾ, ਘਟਨਾ ਦੇ ਤੁਰੰਤ ਬਾਅਦ ਵਾਧੂ ਬਲ ਮੌਕੇ 'ਤੇ ਪਹੁੰਚ ਗਏ ਅਤੇ ਘਟਨਾ ਵਿੱਚ ਸ਼ਾਮਲ ਲੋਕਾਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਜਾਰੀ ਹੈ।
ਇਸ ਤੋਂ ਪਹਿਲਾਂ 15 ਅਗਸਤ ਨੂੰ ਆਜ਼ਾਦੀ ਦਿਹਾੜੇ 'ਤੇ ਡੀਐਨਐਲਏ ਨੇ ਦਿਮਾ ਹਸਾਓ ਜ਼ਿਲ੍ਹੇ ਦੇ ਮਾਇਬਾਂਗ ਵਿਖੇ ਗੋਲੀਬਾਰੀ ਦੀ ਘਟਨਾ ਦੀ ਜ਼ਿੰਮੇਵਾਰੀ ਲਈ ਸੀ। ਇਸ ਦੇ ਨਾਲ ਹੀ ਸੰਗਠਨ ਨੇ ਕਿਹਾ ਸੀ ਕਿ ਨੇੜਲੇ ਪਿੰਡਾਂ ਦੇ ਕੁਝ ਲੋਕਾਂ ਨੇ ਸੁਰੱਖਿਆ ਬਲਾਂ ਨੂੰ ਸੰਗਠਨ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਲੀਕ ਕੀਤੀ ਸੀ, ਜਿਸ ਕਾਰਨ ਅੱਤਵਾਦੀ ਸੰਗਠਨ ਨੇ ਲੋਕਾਂ ਵਿੱਚ ਡਰ ਪੈਦਾ ਕਰਨ ਲਈ ਗੋਲੀਬਾਰੀ ਕੀਤੀ।
ਇਹ ਵੀ ਪੜੋ: ਕਾਬੁਲ ’ਚ ਹੋਏ Serial Blast ਦੀ ISIS-k ਨੇ ਲਈ ਜ਼ਿੰਮੇਵਾਰੀ
ਦੱਸ ਦਈਏ ਕਿ ਅਪ੍ਰੈਲ 2019 ਵਿੱਚ ਗਠਿਤ ਡੀਐਨਐਲਏ, ਹਥਿਆਰਬੰਦ ਸੰਘਰਸ਼ ਦੁਆਰਾ ਦਿਮਸਾ ਭਾਈਚਾਰੇ ਲਈ ਇੱਕ ਸੁਤੰਤਰ ਦੇਸ਼ ਦੀ ਮੰਗ ਕਰਦਾ ਹੈ। ਹਾਲ ਹੀ ਦੇ ਮਹੀਨਿਆਂ ਵਿੱਚ ਸੰਗਠਨ ਦੇ ਮੈਂਬਰ ਸੁਰੱਖਿਆ ਬਲਾਂ ਦੇ ਨਾਲ ਮੁੱਠਭੇੜ ਵਿੱਚ ਮਾਰੇ ਗਏ ਜਾਂ ਆਤਮ ਸਮਰਪਣ ਕਰ ਚੁੱਕੇ ਹਨ।