ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ 26 ਜਨਵਰੀ ਦੀ ਹਿੰਸਾ ਮੌਕੇ ਗ੍ਰਿਫ਼ਤਾਰ ਹੋਏ ਲੋਕਾਂ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ, ਚਾਂਦਨੀ ਚੌਕ ਵਿਖੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੀਐਸਜੀਐਮਸੀ ਵੱਲੋਂ 100 ਤੋਂ ਵੱਧ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੂੰ ਦਿੱਲੀ ਪ੍ਰਸ਼ਾਸ਼ਨ ਵੱਲੋਂ ਜੇਲ੍ਹ ਤੋਂ ਰਿਹਾਅ ਕੀਤਾ ਗਿਆ।
ਇਸ ਸਮਾਗਮ ਦੌਰਾਨ ਡੀਐਸਜੀਐਮਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਮਨਜਿੰਦਰ ਸਿੰਘ ਸਿਰਸਾ ਨੇ ਕੇਂਦਰ ਸਰਕਾਰ 'ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਕਿਸਾਨਾਂ' ਤੇ ਹਮਲੇ ਕਰ ਰਹੀ ਹੈ। ਉਹ ਕਿਸਾਨ ਜਿਨ੍ਹਾਂ ਨੇ ਹਮੇਸ਼ਾਂ ਦੇਸ਼ ਦੀ ਆਰਥਿਕਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ, ਸਿੱਖ ਜੋ ਦੇਸ਼ ਦੀ ਅਜ਼ਾਦੀ ਲਈ ਲੜਦੇ ਰਹੇ ਹਨ। ਇਤਿਹਾਸ ਗਵਾਹ ਹੈ ਕਿ ਸਿੱਖ ਸਦਾ ਹੀ ਪਸੀਨਾ ਵਹਾ ਕੇ ਅਤੇ ਦੇਸ਼ ਦੇ ਸਵੈਮਾਣ ਨੂੰ ਬਚਾਉਣ ਲਈ ਆਪਣਾ ਲਹੂ ਵਹਾਉਂਦੇ ਰਹੇ ਹਨ, ਅੱਜ ਸਰਕਾਰ ਉਨ੍ਹਾਂ ਸਿੱਖਾਂ ’ਤੇ ਝੂਠੇ ਦੋਸ਼ ਲਗਾ ਰਹੀ ਹੈ।
ਦੱਸ ਦੇਈਏ ਕਿ ਜਿਨ੍ਹਾਂ ਲੋਕਾਂ ਨੂੰ 26 ਜਨਵਰੀ ਦੀ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਮਾਮਲੇ ’ਚ ਦਿੱਲੀ ਪੁਲਿਸ ਨੇ ਸਿੰਘੂ ਬਾਰਡਰ, ਪੰਜਾਬ, ਹਰਿਆਣਾ ਸਣੇ ਵੱਖ ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਸੀ, ਅਤੇ ਪਿਛਲੇ ਲਗਭਗ 1 ਜਾਂ 2 ਮਹੀਨਿਆਂ ਤੋਂ, ਉਨ੍ਹਾਂ ਨੂੰ ਜੇਲ੍ਹ ਵਿੱਚ ਰੱਖਿਆ ਹੋਇਆ ਸੀ, ਜਿਨ੍ਹਾਂ ਨੂੰ ਡੀਐਸਜੀਐਮਸੀ ਨੇ ਰਿਹਾ ਕੀਤਾ ਹੈ। ਇਸ ਮੁੱਦੇ ’ਤੇ ਡੀਐਸਜੀਐਮਸੀ ਦਾ ਦੋਸ਼ ਹੈ ਕਿ ਸਰਕਾਰ ਨੇ ਝੂਠੇ ਇਲਜ਼ਾਮ ਲਗਾ ਕੇ ਇਨ੍ਹਾਂ ਲੋਕਾਂ ਨੂੰ ਜੇਲ੍ਹ ਵਿੱਚ ਬੰਦ ਕੀਤਾ।
ਜਦ ਕਿ ਇਹ ਲੋਕ ਨਿਰਦੋਸ਼ ਹਨ। ਇਸ ਮੌਕੇ ਈ ਟੀਵੀ ਭਾਰਤ ਨਾਲ ਗੱਲ ਕਰਦਿਆਂ, ਉਨ੍ਹਾ ਲੋਕਾਂ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਡੀਐਸਜੀਐਮਸੀ ਦੁਆਰਾ ਸਨਮਾਨਤ ਕੀਤਾ ਗਿਆ ਹੈ ਅਤੇ ਇੱਕ ਬੈਗ ਵੀ ਦਿੱਤਾ ਗਿਆ ਹੈ। ਪੰਜਾਬ ਦੇ ਬਠਿੰਡਾ ਤੋਂ ਟਰੈਕਟਰ ਰੈਲੀ ’ਚ ਸ਼ਾਮਲ ਹੋਏ ਅਮਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਟਰੈਕਟਰ ਰੈਲੀ ਤੋਂ ਬਾਅਦ ਵਾਪਸ ਜਾ ਰਿਹਾ ਸੀ ਤਾਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਨੰਗਲੋਈ ਥਾਣੇ ਲੈ ਗਏ। ਇਸ ਮੌਕੇ ਇੱਕ ਹੋਰ ਪੰਜਾਬ ਦੇ ਬੁੱਟਰ ਸਿੰਘ ਨੇ ਦੱਸਿਆ ਕਿ ਉਸ ਦਾ ਇਕ ਸਾਥੀ ਟਰੈਕਟਰ ਰੈਲੀ ਦੌਰਾਨ ਗੁੰਮ ਗਿਆ ਸੀ। ਜਦੋਂ ਉਹ ਰਿਪੋਰਟ ਲਿਖਣ ਲਈ ਥਾਣੇ ਆਇਆ ਤਾਂ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ 27 ਨੂੰ ਜੇਲ੍ਹ ਭੇਜ ਦਿੱਤਾ।