ਸ਼੍ਰੀਨਗਰ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅੱਜ ਸ਼੍ਰੀਨਗਰ ਵਿਖੇ ਬੀਤੇ ਦਿਨੀ ਦਹਿਸ਼ਤਗਰਦਾਂ ਵੱਲੋਂ ਕੀਤੇ ਗਏ ਹਮਲੇ ਵਿੱਚ ਹਲਾਕ ਹੋਈ ਸਕੂਲ ਪ੍ਰਿੰਸੀਪਲ ਬੀਬੀ ਸੁਪਿੰਦਰ ਕੌਰ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ। ਇਸ ਤੋਂ ਪਹਿਲਾਂ ਬੀਤੇ ਮੰਗਲਵਾਰ ਉਨ੍ਹਾਂ ਬੀਬੀ ਸੁਪਿੰਦਰ ਕੌਰ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ ਸੀ ਅਤੇ ਉਨ੍ਹਾਂ ਨੂੰ ਹਰ ਸੰਭਵ ਮੱਦਦ ਦੇਣ ਦਾ ਵੀ ਭਰੋਸਾ ਦਿੱਤਾ।
ਵ੍ਡੀ ਗਿਣਤੀ ‘ਚ ਸ਼ਰਧਾਂਜਲੀ ਦੇਣ ਪੁੱਜੀਆਂ ਸਖ਼ਸ਼ੀਅਤਾਂ
ਬੀਬੀ ਸੁਪਿੰਦਰ ਕੌਰ ਦੀ ਅੰਤਿਮ ਅਰਦਾਸ (Antim Ardas) ਦੌਰਾਨ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰੇ ਅਤੇ ਹਰੇਕ ਸ਼੍ਰੈਣੀ ਦੇ ਲੋਕ ਇਕੱਤਰ ਹੋਏ। ਇਸ ਮੌਕੇ `ਤੇ ਬੀਬੀ ਸੁਪਿੰਦਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਨੇਕ ਦਿਲ ਬੀਬੀ ਸੁਪਿੰਦਰ ਕੌਰ ਵੱਲੋਂ ਸਮਾਜ ਦੀ ਬਿਹਤਰੀ ਲਈ ਕੀਤੇ ਗਏ ਕੰਮਾਂ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।
ਸਿੱਖਾਂ ਨੇ ਮੁਸੀਬਤਾਂ ਦਾ ਮੁਹਰੇ ਹੋ ਕੇ ਸਾਹਮਣਾ ਕੀਤਾ
ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੇ ਅਨੁਸਾਰ ਸਿੱਖ ਕੌਮ ਹਮੇਸ਼ਾ ਮਨੁੱਖਤਾ ਦੇ ਭਲੇ ਲਈ ਆਪਣਾ ਸਭ ਕੁੱਝ ਕੁਰਬਾਨ ਕਰਦੀ ਆਈ ਹੈ ਅਤੇ ਇਤਿਹਾਸ ਗ਼ਵਾਹ ਹੈ ਕਿ ਦੁਨੀਆਂ ਵਿੱਚ ਜਿਥੇ ਵੀ ਕੋਈ ਮੁਸੀਬਤ ਆਈ ਸਿੱਖਾਂ ਨੇ ਆਪ ਮੂਹਰੇ ਹੋ ਕੇ ਉਸਦਾ ਸਾਹਮਣਾ ਕੀਤਾ ਪਰ ਅਫਸੋਸ ਸਮਾਜ ਵੱਲੋਂ ਸਿੱਖ ਕੌਮ ਦੀ ਮਨੁੱਖਤਾ ਨੂੰ ਦਿੱਤੀ ਦੇਣ ਨੂੰ ਹਮੇਸ਼ਾ ਨਜਰਅੰਦਾਜ਼ ਹੀ ਕੀਤਾ ਗਿਆ।
ਸੁਪਿੰਦਰ ਕੌਰ ਦੀ ਸਾਰਿਆਂ ਨਾਲ ਭਾਈਚਾਰਕ ਸਾਂਝ ਸੀ
ਢੀਂਡਸਾ ਨੇ ਕਿਹਾ ਕਿ ਬੀਬੀ ਸੁਪਿੰਦਰ ਕੌਰ ਦੀ ਹਰ ਵਰਗ ਨਾਲ ਭਾਈਚਾਰਕ ਸਾਂਝ (Communal Harmony) ਸੀ ਅਤੇ ਉਹ ਹਰੇਕ ਵਰਗ ਦੇ ਦੁੱਖ-ਸੁੱਖ ਵਿੱਚ ਸ਼ਾਮਲ ਹੁੰਦੇ ਸਨ। ਉਨ੍ਹਾਂ ਦੀ ਨੇਕ-ਦਿਲੀ ਦਾ ਤਾਂ ਇਥੋਂ ਹੀ ਪਤਾ ਲਗਦਾ ਹੈ ਕਿ ਉਹ ਇਕ ਜ਼ਰੂਰਤਮੰਦ ਮੁਸਲਮਾਨ ਬੱਚੀ (Muslim Girl) ਦੀ ਪੜ੍ਹਾਈ ਲਈ ਪਿਛਲੇ ਲੰਮੇ ਸਮੇਂ ਤੋਂ ਆਪਣੀ ਤਨਖ਼ਾਹ ਵਿੱਚੋਂ ਉਸਦੀ ਫੀਸ ਭਰਦੀ ਆ ਰਹੀ ਸੀ।
ਸੁਪਿੰਦਰ ਕੌਰ ਦੀ ਦੇਣ ਅਭੁੱਲਣਯੋਗ
ਅਕਾਲੀ ਆਗੂ ਨੇ ਕਿਹਾ ਕਿ ਮਨੁੱਖਤਾ ਦੀ ਭਲਾਈ ਲਈ ਕੰਮ ਕਰ ਰਹੀ ਬੀਬੀ ਸੁਪਿੰਦਰ ਕੌਰ ਵਰਗੀ ਮਹਾਨ ਸਖਸ਼ੀਅਤ ਦੀ ਕਿਸੇ ਨਾਲ ਕੀ ਦੁਸ਼ਮਣੀ ਹੋ ਸਕਦੀ ਹੈ? ਸ: ਢੀਂਡਸਾ ਨੇ ਕਿਹਾ ਕਿ ਦੁਨੀਆ ਨੂੰ ਸਿੱਖਾਂ ਵੱਲੋਂ ਸਮਾਜ ਨੂੰ ਦਿੱਤੀ ਦੇਣ ਕਦੇ ਭੁੱਲਣੀ ਨਹੀ ਚਾਹੀਦੀ ਹੈ। ਸ: ਢੀਂਡਸਾ ਨੇ ਬੀਬੀ ਸੁਪਿੰਦਰ ਕੌਰ ਅਤੇ ਕਸ਼ਮੀਰ ਦੇ ਹੋਰ ਪੀੜਤ ਪਰਿਵਾਰਾਂ ਦੇ ਬੱਚਿਆਂ ਨੂੰ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਟਰੱਸਟ ਵੱਲੋਂ ਮੁਫ਼ਤ ਰਿਹਾਇਸ਼ ਅਤੇ ਸਿੱਖਿਆ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਸ ਦੌਰਾਨ ਪਾਰਟੀ ਦੇ ਸੀਨੀਅਰ ਆਗੂ ਜਨਾਬ ਤੁਫ਼ੈਲ ਮੁਹੰਮਦ (Tufail Mohammad) , ਢੀਂਡਸਾ ਦੇ ਸਿਆਸੀ ਸਲਾਹਕਾਰ ਦਵਿੰਦਰ ਸਿੰਘ ਸੋਢੀ ਅਤੇ ਓ.ਐੱਸ.ਡੀ ਜਸਵਿੰਦਰ ਸਿੰਘ ਵੀ ਮੌਜੂਦ ਸਨ।
ਇਹ ਵੀ ਪੜ੍ਹੋ:ਸ਼ਹੀਦ ਜਵਾਨਾਂ ਨੂੰ ਨਮ ਅੱਖਾਂ ਨਾਲ ਦਿੱਤੀ ਸ਼ਰਧਾਂਜਲੀ, ਪਰਿਵਾਰ ਸਮੇਤ ਇਲਾਕੇ 'ਚ ਸੋਗ