ਨਵੀਂ ਦਿੱਲੀ: ਪੱਛਮੀ ਹਿਮਾਲਿਆ ਤੋਂ ਆ ਰਹੀਆਂ ਬਰਫੀਲੀਆਂ ਹਵਾਵਾਂ ਨੇ ਦਿੱਲੀ ਦੀ ਠੰਢ 'ਚ ਵਾਧਾ ਕੀਤਾ ਹੈ। ਹੱਡ ਠਾਰਦੀ ਸ਼ੀਤ ਲਹਿਰ ਨਾਲ ਮੰਗਲਵਾਰ ਨੂੰ ਦਿੱਲੀ ਦਾ ਘੱਟੋ-ਘੱਟ ਤਾਪਮਾਨ 4.1 ਡਿਗਰੀ ਸੈਲਸੀਅਸ ਰਿਹਾ ਜੋ ਆਮ ਨਾਲੋਂ ਪੰਜ ਡਿਗਰੀ ਘੱਟ ਸੀ। ਇਸ ਮੌਸਮ ਦਾ ਇਹ ਸਭ ਤੋਂ ਘੱਟ ਤਾਪਮਾਨ ਸੀ। ਜਦਕਿ ਨੈਨੀਤਾਲ ਵਿੱਚ 5 ਅਤੇ ਦੇਹਰਾਦੂਨ ਵਿੱਚ ਘੱਟੋ-ਘੱਟ ਤਾਪਮਾਨ 8 ਡਿਗਰੀ ਸੀ। ਇਸ ਤਰ੍ਹਾਂ, ਦਿੱਲੀ ਇਨ੍ਹਾਂ ਪਹਾੜੀ ਸ਼ਹਿਰਾਂ ਨਾਲੋਂ ਠੰਡਾ ਸੀ।
ਇਸ ਦੇ ਨਾਲ ਹੀ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 18.5 ਡਿਗਰੀ ਸੈਲਸੀਅਸ ਰਿਹਾ ਜੋ ਆਮ ਨਾਲੋਂ ਪੰਜ ਡਿਗਰੀ ਘੱਟ ਸੀ, ਜਦੋਂਕਿ ਸੋਮਵਾਰ ਨੂੰ ਇਹ 19.4 ਡਿਗਰੀ ਦਰਜ ਕੀਤਾ ਗਿਆ। ਬੁੱਧਵਾਰ ਨੂੰ ਘੱਟੋ ਘੱਟ ਤਾਪਮਾਨ ਤਿੰਨ ਡਿਗਰੀ ਤੱਕ ਘੱਟ ਸਕਦਾ ਹੈ। ਮੈਦਾਨੀ ਇਲਾਕੇ 'ਚ ਘੱਟੋ ਘੱਟ ਤਾਪਮਾਨ 10 ਡਿਗਰੀ ਤੋਂ ਘੱਟ ਰਹਿਣ 'ਤੇ ਸ਼ੀਤ ਲਹਿਰ ਐਲਾਨ ਕੀਤੀ ਜਾਂਦੀ ਹੈ।
ਮੌਸਮ ਵਿਭਾਗ ਮੁਤਾਬਕ ਮੰਗਲਵਾਰ ਸਵੇਰੇ ਘੱਟੋ-ਘੱਟ ਤਾਪਮਾਨ 4.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਾਫਰਪੁਰ 'ਚ ਪਾਰਾ 3.6 ਡਿਗਰੀ ਸੈਲਸੀਅਸ 'ਤੇ ਆ ਗਿਆ। ਆਯਾਨਗਰ ਅਤੇ ਲੋਧੀ ਰੋਡ ਮੌਸਮ ਸਟੇਸ਼ਨਾਂ ਦਾ ਘੱਟੋ ਘੱਟ ਤਾਪਮਾਨ ਕ੍ਰਮਵਾਰ 4.0 ਅਤੇ 4.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 2019 ਵਿੱਚ 28 ਦਸੰਬਰ ਨੂੰ ਘੱਟੋ ਘੱਟ ਤਾਪਮਾਨ 2.4 ਡਿਗਰੀ, 2018 ਵਿੱਚ 29 ਦਸੰਬਰ ਨੂੰ 2.6 ਡਿਗਰੀ ਦਰਜ ਕੀਤਾ ਗਿਆ ਸੀ। ਆਲ-ਟਾਈਮ ਰਿਕਾਰਡ 27 ਦਸੰਬਰ 1930 ਵਿੱਚ ਹੈ ਜਦੋਂ ਪਾਰਾ ਸਿਫਰ ਡਿਗਰੀ 'ਤੇ ਆ ਗਿਆ। ਸ਼ੀਤ ਲਹਿਰ ਦਾ ਪ੍ਰਕੋਪ ਜਾਰੀ ਰਹਿਣ ਦੀ ਸੰਭਾਵਨਾ ਹੈ।