ਭੁਵਨੇਸ਼ਵਰ: ਚੱਕਰਵਾਤੀ ਤੂਫਾਨ 'ਗੁਲਾਬ' ਐਤਵਾਰ ਸ਼ਾਮ ਨੂੰ ਓਡੀਸ਼ਾ ਤੱਟ 'ਤੇ ਦਸਤਕ ਦੇਣ ਤੋਂ ਬਾਅਦ ਕਮਜ਼ੋਰ ਹੋ ਗਿਆ ਹੈ। ਇਸਦੇ ਨਾਲ ਹੀ ਇਸਦੇ 14 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਪੱਛਮ ਵੱਲ ਵਧਣ ਦੇ ਨਾਲ,ਹੋਰ ਕਮਜ਼ੋਰ ਹੋਣ ਨਾਲ ਉੱਤਰੀ ਆਂਧਰਾ ਪ੍ਰਦੇਸ਼ ਅਤੇ ਨਾਲ ਲੱਗਦੇ ਦੱਖਣੀ ਉੜੀਸਾ ਵਿੱਚ ਮੀਂਹ ਪੈ ਸਕਦਾ ਹੈ।
ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਕਿਹਾ ਹੈ ਕਿ ਤੂਫਾਨ ਦੇ ਕਾਰਨ ਦੱਖਣੀ ਓਡੀਸ਼ਾ ਦੇ ਜ਼ਿਲ੍ਹਿਆਂ ਵਿੱਚ ਜ਼ਿਆਦਾਤਰ ਸਥਾਨਾਂ ਅਤੇ ਉੱਤਰੀ ਜ਼ਿਲ੍ਹਿਆਂ ਵਿੱਚ ਵੀ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ, ਨਬਰੰਗਪੁਰ, ਕੋਰਾਪੁਟ ਅਤੇ ਮਲਕਾਨਗਿਰੀ ਜ਼ਿਲ੍ਹਿਆਂ ਵਿੱਚ ਬਹੁਤ ਭਾਰੀ ਬਾਰਿਸ਼ ਦੀ ਭਵਿੱਖਬਾਣੀ ਦੇ ਨਾਲ ਆਰੇਂਜ ਚਿਤਾਵਨੀ ਜਾਰੀ ਕੀਤੀ ਗਈ ਹੈ। ਦੂਜੇ ਪਾਸੇ, ਕੁਝ ਹੋਰ ਖੇਤਰ ਜਿਵੇਂ ਨੁਆਪਾੜਾ, ਬੋਲੰਗਿਰ, ਰਾਇਗੜਾ ਅਤੇ ਕਾਲਾਹੰਡੀ ਨੂੰ ਭਾਰੀ ਮੀਂਹ ਦੀ ਭਵਿੱਖਬਾਣੀ ਦੇ ਨਾਲ ਯੈਲੋ ਜ਼ੋਨ ਵਿੱਚ ਰੱਖਿਆ ਗਿਆ ਹੈ।
ਤੂਫ਼ਾਨ ਕਾਰਨ ਕੋਰਾਪੁਟ ਦੇ ਕੁੰਡੁਲੀ ਵਿੱਚ ਬਹੁਤ ਕਈ ਦਰੱਖਤ ਉਖੜ ਗਏ। ਇਸਦੇ ਨਾਲ ਹੀ ਰਾਲੇਗੜਾ ਬਲਾਕ ਵਿੱਚ ਕਈ ਘਰਾਂ ਦੀਆਂ ਛੱਤਾਂ ਨੂੰ ਨੁਕਸਾਨ ਪਹੁੰਚਿਆ ਹੈ। ਤੂਫਾਨ ਦੇ ਕਾਰਨ, ਆਂਧਰਾ ਪ੍ਰਦੇਸ਼ ਦੇ ਉੱਤਰੀ ਤੱਟਵਰਤੀ ਜ਼ਿਲ੍ਹੇ ਸ਼੍ਰੀਕਾਕੁਲਮ ਤੋਂ ਬੰਗਾਲ ਦੀ ਖਾੜੀ ਵਿੱਚ ਗਏ ਛੇ ਮਛੇਰੇ ਐਤਵਾਰ ਸ਼ਾਮ ਨੂੰ ਲਾਪਤਾ ਦੱਸੇ ਗਏ ਹਨ। ਗੁਲਾਬ ਤੂਫਾਨ ਦੇ ਕਾਰਨ, ਆਂਧਰਾ ਪ੍ਰਦੇਸ਼ ਦੇ ਤਿੰਨ ਤੱਟਵਰਤੀ ਜ਼ਿਲ੍ਹਿਆਂ, ਵਿਸ਼ਾਖਾਪਟਨਮ, ਵਿਜਯਾਨਗਰਮ ਅਤੇ ਸ਼੍ਰੀਕਾਕੁਲਮ ਵਿੱਚ ਦਰਮਿਆਨੀ ਬਾਰਿਸ਼ ਹੋ ਰਹੀ ਹੈ।
ਇਸ ਸਿਲਸਿਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ ਐਸ ਜਗਨ ਮੋਹਨ ਰੈਡੀ ਨਾਲ ਗੱਲਬਾਤ ਕੀਤੀ ਅਤੇ ਚੱਕਰਵਾਤੀ ਤੂਫਾਨ 'ਗੁਲਾਬ' ਤੋਂ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਵਿੱਚ ਕੇਂਦਰ ਤੋਂ ਸਹਾਇਤਾ ਦਾ ਭਰੋਸਾ ਦਿੱਤਾ।