ਨਵੀਂ ਦਿੱਲੀ: ਕੋਰੋਨਾ ਦਾ ਓਮੀਕਰੋਨ ਵੇਰੀਐਂਟ ਤੇਜ਼ੀ ਨਾਲ ਫੈਲ ਰਿਹਾ ਹੈ। ਐਤਵਾਰ ਨੂੰ ਦਿੱਲੀ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 3,194 ਨਵੇਂ ਮਾਮਲੇ ਸਾਹਮਣੇ ਆਏ, ਜੋ ਪਿਛਲੇ ਸਾਲ 20 ਮਈ ਤੋਂ ਬਾਅਦ ਇੱਕ ਦਿਨ ਵਿੱਚ ਸਭ ਤੋਂ ਵੱਧ ਗਿਣਤੀ ਹੈ। ਮਹਾਮਾਰੀ ਕਾਰਨ ਇਕ ਮਰੀਜ਼ ਦੀ ਮੌਤ ਵੀ ਹੋ ਗਈ ਹੈ, ਜਦੋਂ ਕਿ ਸੰਕਰਮਣ ਦੀ ਦਰ 4.59 ਫੀਸਦੀ ਹੋ ਗਈ ਹੈ। ਇਹ ਜਾਣਕਾਰੀ ਸਿਹਤ ਵਿਭਾਗ ਦੇ ਅੰਕੜਿਆਂ ਤੋਂ ਮਿਲੀ ਹੈ। ਨਿਊਜ਼ ਏਜੰਸੀ ਆਈਏਐਨਐਸ ਮੁਤਾਬਕ ਭਾਰਤ ਵਿੱਚ ਓਮੀਕਰੋਨ ਦੇ 1525 ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਡੀਡੀਐਮਏ) ਦੇ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ ਦੇ ਤਹਿਤ, ਜੇਕਰ ਲਾਗ ਦੀ ਦਰ ਲਗਾਤਾਰ ਦੋ ਦਿਨਾਂ ਤੱਕ ਪੰਜ ਫੀਸਦੀ ਤੋਂ ਵੱਧ ਜਾਂਦੀ ਹੈ ਤਾਂ 'ਰੈੱਡ' ਅਲਰਟ ਜਾਰੀ ਕੀਤਾ ਜਾ ਸਕਦਾ ਹੈ ਅਤੇ ਇਸਦੇ ਚੱਲਦੇ ਹੀ 'ਪੂਰਨ ਕਰਫਿਊ' ਲੱਗ ਸਕਦਾ ਹੈ ਅਤੇ ਜਿਸ ਕਾਰਨ ਆਰਥਿਕ ਗਤੀਵਿਧੀਆਂ ਪ੍ਰਭਾਵਿਤ ਹੋ ਸਕਦੀਆਂ ਹਨ।
ਐਤਵਾਰ ਨੂੰ ਕੋਵਿਡ 19 ਦੇ ਮਾਮਲੇ ਇਕ ਦਿਨ ਪਹਿਲਾਂ ਦੇ 2,716 ਮਾਮਲਿਆਂ ਨਾਲੋਂ 17 ਫੀਸਦੀ ਜ਼ਿਆਦਾ ਹਨ। ਪਿਛਲੇ ਸਾਲ 20 ਮਈ ਨੂੰ, ਦਿੱਲੀ ਵਿੱਚ 5.50 ਦੀ ਲਾਗ ਦਰ ਦੇ ਨਾਲ 3,231 ਮਾਮਲੇ ਸਾਹਮਣੇ ਆਏ ਸਨ ਅਤੇ ਉਸ ਦਿਨ 233 ਸੰਕਰਮਿਤ ਲੋਕਾਂ ਦੀ ਮੌਤ ਹੋ ਗਈ ਸੀ।
ਅਧਿਕਾਰਤ ਅੰਕੜਿਆਂ ਦੇ ਅਨੁਸਾਰ, ਸ਼ੁੱਕਰਵਾਰ ਅਤੇ ਵੀਰਵਾਰ ਨੂੰ ਕ੍ਰਮਵਾਰ 1,796 ਅਤੇ 1,313 ਮਾਮਲੇ ਸਾਹਮਣੇ ਆਏ, ਜਦੋਂ ਕਿ ਲਾਗ ਦੀ ਦਰ ਕ੍ਰਮਵਾਰ 1.73 ਅਤੇ 2.44 ਪ੍ਰਤੀਸ਼ਤ ਸੀ। ਸ਼ਹਿਰ ਵਿੱਚ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਦੇ ਮਾਮਲਿਆਂ ਵਿੱਚ ਵਾਧੇ ਦੇ ਵਿਚਕਾਰ ਨਵੇਂ ਕੇਸਾਂ ਵਿੱਚ ਭਾਰੀ ਵਾਧਾ ਹੋਇਆ ਹੈ। ਸ਼ਹਿਰ ਵਿੱਚ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 25,109 ਹੋ ਗਈ ਹੈ।
ਪੱਛਮੀ ਬੰਗਾਲ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ
ਰਾਜ ਦੇ ਸਿਹਤ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਨੂੰ ਪੱਛਮੀ ਬੰਗਾਲ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 6,153 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਸ਼ਨੀਵਾਰ ਨੂੰ ਸਾਹਮਣੇ ਆਏ ਮਾਮਲਿਆਂ ਨਾਲੋਂ 1,641 ਵੱਧ ਹੈ।
ਓੜੀਸਾ ਵਿੱਚ ਓਮੀਕਰੋਨ
ਓੜੀਸਾ ਵਿੱਚ ਓਮੀਕਰੋਨ ਦੇ ਕੁੱਲ ਮਾਮਲਿਆਂ ਦੀ ਗਿਣਤੀ 37 ਹੋ ਗਈ ਹੈ। ਐਤਵਾਰ ਨੂੰ ਓਮੀਕਰੋਨ ਦੇ 23 ਨਵੇਂ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 37 ਹੋ ਗਈ। ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇੰਨ੍ਹਾਂ ਵਿੱਚੋਂ 13 ਫਿਨਲੈਂਡ, ਓਮਾਨ, ਸਾਊਦੀ ਅਰਬ, ਦੁਬਈ ਅਤੇ ਸੀਰੀਆ ਤੋਂ ਪਰਤੇ ਹਨ, ਜਦਕਿ 10 ਮਾਮਲੇ ਸਥਾਨਕ ਸੰਪਰਕ ਦੇ ਹਨ।
ਨੀਦਰਲੈਂਡ ਤੋਂ ਵਾਪਸ ਆਈ ਲੜਕੀ ਓਮੀਕਰੋਨ ਤੋਂ ਪੀੜਤ
ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਵਿੱਚ ਨੀਦਰਲੈਂਡ ਤੋਂ ਪਰਤੀ ਇੱਕ 26 ਸਾਲਾ ਲੜਕੀ ਕੋਵਿਡ-19 ਦੇ ਓਮੀਕਰੋਨ ਤੋਂ ਪੀੜਤ ਪਾਈ ਗਈ ਹੈ। ਉਪ ਮੰਡਲ ਮੈਜਿਸਟ੍ਰੇਟ (SDM) ਅਤੁਲ ਸਿੰਘ ਨੇ ਐਤਵਾਰ ਨੂੰ ਕਿਹਾ, '26 ਸਾਲਾ ਲੜਕੀ 26 ਦਸੰਬਰ ਨੂੰ ਨੀਦਰਲੈਂਡ ਤੋਂ ਭਾਰਤ ਪਰਤੀ ਸੀ, ਜਿਸ ਦਾ ਨਮੂਨਾ ਦਿੱਲੀ ਵਿੱਚ ਕੋਵਿਡ 19 ਲਈ ਲਿਆ ਗਿਆ ਸੀ। ਇਸ ਤੋਂ ਬਾਅਦ ਉਹ 30 ਦਸੰਬਰ ਤੋਂ ਛਿੰਦਵਾੜਾ ਸਥਿਤ ਆਪਣੇ ਘਰ ਵੱਖਰੀ ਰਿਹਾਇਸ਼ 'ਤੇ ਸੀ।
ਮਹਾਰਾਸ਼ਟਰ ਵਿੱਚ ਕੋਰੋਨਾ
ਮੁੰਬਈ 'ਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ 8,063 ਨਵੇਂ ਮਾਮਲੇ ਸਾਹਮਣੇ ਆਏ, ਜੋ ਸ਼ਨੀਵਾਰ ਨੂੰ ਸੰਕਰਮਣ ਦੇ ਮਾਮਲਿਆਂ ਤੋਂ 1,763 ਜ਼ਿਆਦਾ ਹਨ। ਬ੍ਰਿਹਨਮੁੰਬਈ ਮਿਉਂਸਪਲ ਕਾਰਪੋਰੇਸ਼ਨ ਨੇ ਕਿਹਾ ਕਿ ਐਤਵਾਰ ਨੂੰ ਸ਼ਹਿਰ ਵਿੱਚ ਲਾਗ ਕਾਰਨ ਕਿਸੇ ਮਰੀਜ਼ ਦੀ ਮੌਤ ਨਹੀਂ ਹੋਈ ਅਤੇ 89 ਪ੍ਰਤੀਸ਼ਤ ਮਰੀਜ਼ਾਂ ਵਿੱਚ ਲੱਛਣ ਨਹੀਂ ਦਿਖਾਈ ਦਿੱਤੇ।
ਇਹ ਵੀ ਪੜ੍ਹੋ: ਫਰਾਂਸ 'ਚ ਫੁੱਟਿਆ ਕੋਰੋਨਾ ਬੰਬ, ਇੱਕ ਦਿਨ 'ਚ ਸਾਹਮਣੇ ਆਏ 2,32,200 ਨਵੇਂ ਮਾਮਲੇ
ਕੇਰਲ ਵਿੱਚ ਕੋਰੋਨਾ ਦੀ ਲਾਗ
ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 2802 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਦੌਰਾਨ 12 ਲੋਕਾਂ ਦੀ ਮੌਤ ਹੋ ਗਈ ਅਤੇ ਸੰਕਰਮਿਤ ਮਰੀਜ਼ਾਂ ਵਿੱਚੋਂ 2606 ਠੀਕ ਹੋਏ।
(ਇਨਪੁੱਟ-ਪੀਟੀਆਈ-ਭਾਸ਼ਾ)