ਨਵੀਂ ਦਿੱਲੀ: ਭਾਰਤ ਵਿੱਚ ਬੱਚਿਆਂ ਦਾ ਕੋਵਿਡ ਟੀਕਾਕਰਨ ਕੀਤੇ ਜਾਣ ਦਾ ਰਸਤਾ ਸਾਫ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ। ਭਾਰਤ ਦੇ ਡਰੱਗ ਰੈਗੂਲੇਟਰ ਡੀਜੀਸੀਆਈ ਨੇ ਭਾਰਤ ਬਾਇਓਟੈਕ ਦੀ ਵੈਕਸੀਨ ਕੋਵੈਕਸਿਨ ਨੂੰ 2 ਤੋਂ 18 ਸਾਲ ਦੀ ਉਮਰ ਦੇ ਬੱਚਿਆ ਦੇ ਲਈ ਸਿਫਾਰਿਸ਼ ਕੀਤੀ ਹੈ। ਭਾਰਤ ਬਾਇਓਟੈਕ ਅਤੇ ਆਈਸੀਐਮਆਰ ਨੇ ਸਾਂਝੇ ਤੌਰ 'ਤੇ ਕੋਵੈਕਸੀਨ ਟੀਕਾ ਵਿਕਸਤ ਕੀਤਾ ਹੈ।
ਕੋਵਿਡ -19 ਬਾਰੇ ਵਿਸ਼ਾ ਮਾਹਰ ਕਮੇਟੀ (SEC) ਨੇ ਅੰਕੜਿਆਂ ਦੀ ਜਾਂਚ ਕੀਤੀ ਅਤੇ ਸੋਮਵਾਰ ਨੂੰ ਈਯੂਏ (EUA ) ਦੀ ਅਰਜ਼ੀ 'ਤੇ ਵਿਚਾਰ ਕੀਤਾ। ਇੱਕ ਸੂਤਰ ਨੇ ਐਸਈਸੀ ਦੇ ਹਵਾਲੇ ਤੋਂ ਆਪਣੀ ਸਿਫਾਰਿਸ਼ ਚ ਕਿਹਾ ਹੈ ਕਿ, "ਇੱਕ ਵਿਸਥਾਰਤ ਵਿਚਾਰ -ਵਟਾਂਦਰੇ ਤੋਂ ਬਾਅਦ, ਕਮੇਟੀ ਨੇ ਕੁਝ ਸ਼ਰਤਾਂ ਦੇ ਅਧੀਨ ਐਮਰਜੈਂਸੀ ਸਥਿਤੀਆਂ ਵਿੱਚ ਸੀਮਤ ਵਰਤੋਂ ਲਈ 2 ਤੋਂ 18 ਸਾਲ ਦੀ ਉਮਰ ਦੇ ਲਈ ਟੀਕੇ ਦੇ ਬਾਜ਼ਾਰ ਅਧਿਕਾਰ ਦੀ ਪ੍ਰਵਾਨਗੀ ਦੀ ਸਿਫਾਰਸ਼ ਕੀਤੀ। ਸਿਫਾਰਸ਼ਾਂ ਨੂੰ ਅੰਤਮ ਪ੍ਰਵਾਨਗੀ ਲਈ ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ (ਡੀਸੀਜੀਆਈ) ਕੋਲ ਭੇਜ ਦਿੱਤਾ ਗਿਆ ਹੈ।
ਸਰਕਾਰੀ ਸੂਤਰਾਂ ਦੇ ਅਨੁਸਾਰ, ਨਿਊਜ਼ ਏਜੰਸੀ ਏਐਨਆਈ ਨੇ ਕਿਹਾ ਹੈ ਕਿ 2-18 ਸਾਲ ਦੀ ਉਮਰ ਦੇ ਲੋਕਾਂ ਨੂੰ ਟੀਕਾਕਰਣ ਦੀ ਰਸਮੀ ਪ੍ਰਵਾਨਗੀ ਅਜੇ ਦਿੱਤੀ ਜਾਣੀ ਬਾਕੀ ਹੈ। ਸੂਤਰਾਂ ਦੇ ਮੁਤਾਬਿਕ ਭਾਰਤ ਬਾਇਓਟੈਕ ਦੁਆਰਾ ਪੇਸ਼ ਕੀਤੇ ਗਏ ਅੰਕੜਿਆਂ ਦਾ ਮੁਲਾਂਕਣ ਕਰਨ ਤੋਂ ਬਾਅਦ Covaxin ਨੂੰ DCGI (ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ) ਦੁਆਰਾ ਮਨਜ਼ੂਰੀ ਮਿਲਣੀ ਬਾਕੀ ਹੈ।
ਇਹ ਵੀ ਪੜੋ: ਭਾਰਤ ਨੇ UNGA 'ਚ ਅੱਤਵਾਦ ਨੂੰ ਦੱਸਿਆ ਸ਼ਾਂਤੀ ਤੇ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ
ਕਾਬਿਲੇਗੌਰ ਹੈ ਕਿ ਕੋਵੈਕਸੀਨ ਪੂਰੀ ਤਰ੍ਹਾਂ ਸਵਦੇਸ਼ੀ ਟੀਕਾ ਹੈ, ਜਿਸ ਨੂੰ ਭਾਰਤ ਬਾਇਓਟੈਕ ਅਤੇ ਆਈਸੀਐਮਆਰ (ICMR) ਦੁਆਰਾ ਸਾਂਝੇ ਰੂਪ ਵਿੱਚ ਵਿਕਸਤ ਕੀਤਾ ਗਿਆ ਹੈ। ਭਾਰਤ ਵਿੱਚ, ਕੋਵੈਕਸੀਨ ਦੀਆਂ ਦੋ ਖੁਰਾਕਾਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਹਾਲਾਂਕਿ, ਇਹ ਟੀਕਾ ਅਜੇ ਵੀ ਵਿਸ਼ਵ ਸਿਹਤ ਸੰਗਠਨ ਦੁਆਰਾ ਮਾਨਤਾ ਪ੍ਰਾਪਤ ਹੋਣ ਦੀ ਉਡੀਕ ਕਰ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ WHO ਇਸ ਮਹੀਨੇ ਇਸ ਬਾਰੇ ਫੈਸਲਾ ਲੈ ਸਕਦਾ ਹੈ।