ਅੰਕਾਰਾ: ਉੱਤਰੀ-ਪੱਛਮੀ ਤੁਰਕੀ ਦੇ ਇੱਕ ਸਕੀ ਰਿਜੋਰਟ ਦੇ ਇੱਕ ਹੋਟਲ ਵਿੱਚ ਮੰਗਲਵਾਰ ਨੂੰ ਲੱਗੀ ਅੱਗ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 76 ਹੋ ਗਈ ਹੈ। ਇਨ੍ਹਾਂ 'ਚੋਂ 45 ਮ੍ਰਿਤਕਾਂ ਦੀ ਪਛਾਣ ਕਰ ਲਈ ਗਈ ਹੈ, ਜਦਕਿ ਬਾਕੀ ਪੀੜਤਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ। ਤੁਰਕੀ ਦੇ ਗ੍ਰਹਿ ਮੰਤਰੀ ਅਲੀ ਯੇਰਲਿਕਯਾ ਨੇ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜ਼ਿਆਦਾਤਰ ਲੋਕ ਸੌਂ ਰਹੇ ਸਨ।
ਇਸ ਹਾਦਸੇ ਦੀ ਜਾਂਚ ਦੇ ਸਬੰਧ ਵਿੱਚ ਨੌਂ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਮੰਗਲਵਾਰ ਨੂੰ ਸਕੂਲ ਦੀਆਂ ਛੁੱਟੀਆਂ ਦੌਰਾਨ ਉੱਤਰ-ਪੱਛਮੀ ਤੁਰਕੀ ਦੇ ਇੱਕ ਪ੍ਰਸਿੱਧ ਸਕੀ ਰਿਜੋਰਟ ਵਿੱਚ ਇੱਕ 12 ਮੰਜ਼ਿਲਾ ਹੋਟਲ ਵਿੱਚ ਅੱਗ ਲੱਗ ਗਈ। ਘੱਟੋ-ਘੱਟ ਦੋ ਲੋਕਾਂ ਨੇ ਅੱਗ ਤੋਂ ਬਚਣ ਲਈ ਘਬਰਾ ਕੇ ਇਮਾਰਤ ਤੋਂ ਛਾਲ ਮਾਰ ਦਿੱਤੀ।
ਇਸਤਾਂਬੁਲ ਤੋਂ ਕਰੀਬ 300 ਕਿਲੋਮੀਟਰ ਪੂਰਬ 'ਚ ਬੋਲੂ ਸੂਬੇ ਦੇ ਕੋਰੋਗਲੂ ਪਹਾੜਾਂ 'ਚ ਸਥਿਤ ਕਾਰਤਲਕਾਯਾ 'ਚ ਗ੍ਰੈਂਡ ਕਾਰਟੇਲ ਹੋਟਲ 'ਚ ਅੱਗ ਲੱਗਣ ਕਾਰਨ ਘੱਟੋ-ਘੱਟ 51 ਲੋਕ ਜ਼ਖਮੀ ਹੋ ਗਏ। ਇਹ ਅੱਗ ਸਕੂਲਾਂ ਲਈ ਦੋ ਹਫ਼ਤਿਆਂ ਦੀਆਂ ਸਰਦੀਆਂ ਦੀਆਂ ਛੁੱਟੀਆਂ ਦੀ ਸ਼ੁਰੂਆਤ ਵਿੱਚ ਉਦੋਂ ਲੱਗੀ, ਜਦੋਂ ਇਲਾਕੇ ਦੇ ਹੋਟਲ ਭਰੇ ਹੋਏ ਸਨ। ਘਟਨਾ ਦੇ ਸਮੇਂ ਹੋਟਲ 'ਚ ਕਰੀਬ 238 ਲੋਕ ਮੌਜੂਦ ਸਨ।
ਗ੍ਰਹਿ ਮੰਤਰੀ ਅਲੀ ਯੇਰਲਿਕਾਯਾ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਕਿਹਾ ਕਿ ਉਹ ਇਸ ਘਟਨਾ ਤੋਂ ਬਹੁਤ ਦੁਖੀ ਹਨ। ਚਸ਼ਮਦੀਦਾਂ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਹੋਟਲ ਦੀਆਂ ਉਪਰਲੀਆਂ ਮੰਜ਼ਿਲਾਂ 'ਤੇ ਹਫੜਾ-ਦਫੜੀ ਮਚ ਗਈ। ਲੋਕ ਅੱਗ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਸਨ।
A fire at a ski resort hotel in Turkey's Bolu mountains killed 76 people and injured dozens on Tuesday, forcing panicked guests to jump out of windows in the middle of the night, reports Reuters
— ANI (@ANI) January 21, 2025
ਇਸ ਦੌਰਾਨ ਕਈ ਲੋਕ ਚਾਦਰਾਂ ਅਤੇ ਕੰਬਲਾਂ ਦੀ ਵਰਤੋਂ ਕਰਕੇ ਆਪਣੇ ਕਮਰਿਆਂ ਤੋਂ ਹੇਠਾਂ ਆਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਪਰਲੀਆਂ ਮੰਜ਼ਿਲਾਂ 'ਤੇ ਲੋਕ ਚੀਕ ਰਹੇ ਸਨ। ਉਨ੍ਹਾਂ ਨੇ ਚਾਦਰਾਂ ਹੇਠਾਂ ਲਟਕਾਈਆਂ। ਹੋਟਲ ਧੂੰਏਂ ਨਾਲ ਘਿਰਿਆ ਹੋਇਆ ਸੀ, ਜਿਸ ਕਾਰਨ ਲੋਕਾਂ ਨੂੰ ਅੱਗ ਤੋਂ ਬਚਣ ਦਾ ਰਸਤਾ ਲੱਭਣਾ ਮੁਸ਼ਕਿਲ ਹੋ ਗਿਆ ਸੀ।
ਬਾਅਦ ਵਿੱਚ ਕੁਝ ਲੋਕਾਂ ਨੇ ਛਾਲ ਮਾਰਨ ਦੀ ਕੋਸ਼ਿਸ਼ ਕੀਤੀ। ਜ਼ਖਮੀਆਂ 'ਚੋਂ ਘੱਟੋ-ਘੱਟ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਦਕਿ 17 ਹੋਰਾਂ ਦਾ ਇਲਾਜ ਕਰ ਕੇ ਛੱਡ ਦਿੱਤਾ ਗਿਆ। ਸਰਕਾਰ ਨੇ ਅੱਗ ਦੀ ਜਾਂਚ ਲਈ ਛੇ ਸਰਕਾਰੀ ਵਕੀਲ ਨਿਯੁਕਤ ਕੀਤੇ ਹਨ। ਮੰਨਿਆ ਜਾ ਰਿਹਾ ਹੈ ਕਿ ਅੱਗ ਹੋਟਲ ਦੇ ਰੈਸਟੋਰੈਂਟ ਸੈਕਸ਼ਨ 'ਚ ਲੱਗੀ।
ਜਾਂਚ ਦੇ ਹਿੱਸੇ ਵਜੋਂ ਹੋਟਲ ਮਾਲਕ ਸਮੇਤ ਚਾਰ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਘੱਟੋ-ਘੱਟ ਦੋ ਪੀੜਤਾਂ ਦੀ ਮੌਤ ਉਦੋਂ ਹੋਈ ਜਦੋਂ ਉਨ੍ਹਾਂ ਨੇ ਘਬਰਾਹਟ ਵਿੱਚ ਇਮਾਰਤ ਤੋਂ ਛਾਲ ਮਾਰ ਦਿੱਤੀ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਬੁੱਧਵਾਰ ਨੂੰ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰੀ ਇਮਾਰਤਾਂ ਅਤੇ ਵਿਦੇਸ਼ਾਂ ਵਿੱਚ ਤੁਰਕੀ ਦੇ ਡਿਪਲੋਮੈਟਿਕ ਮਿਸ਼ਨਾਂ 'ਤੇ ਸਾਰੇ ਝੰਡੇ ਅੱਧੇ ਝੁਕੇ ਹੋਣਗੇ। ਕਿਹਾ ਗਿਆ ਹੈ ਕਿ 161 ਕਮਰਿਆਂ ਵਾਲੇ ਹੋਟਲ ਦਾ ਇੱਕ ਹਿੱਸਾ ਇੱਕ ਚੱਟਾਨ ਦੇ ਕਿਨਾਰੇ 'ਤੇ ਸੀ, ਜਿਸ ਕਾਰਨ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਵਿੱਚ ਰੁਕਾਵਟ ਆ ਰਹੀ ਸੀ।