ਸ਼੍ਰੀਨਗਰ: ਜੰਮੂ ਕਸ਼ਮੀਰ ਵਿੱਚ ਜ਼ਿਲ੍ਹਾ ਵਿਕਾਸ ਪਰਿਸ਼ਦ (ਡੀਡੀਸੀ) ਦੀਆਂ 280 ਸੀਟਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਵੋਟਾਂ ਦੀ ਗਿਣਤੀ ਲਈ ਸਾਰੇ ਲੋੜੀਂਦੇ ਪ੍ਰਬੰਧ ਕਰ ਲਏ ਗਏ ਹਨ।
ਰਾਜ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਅੱਠ ਪੜਾਵਾਂ ਵਿੱਚ ਹੋਈਆਂ ਇਨ੍ਹਾਂ ਚੋਣਾਂ ਵਿੱਚ ਕੁੱਲ 2178 ਉਮੀਦਵਾਰਾਂ, ਜਿਨ੍ਹਾਂ ਵਿੱਚ 450 ਤੋਂ ਵੱਧ ਮਹਿਲਾ ਉਮੀਦਵਾਰ ਵੀ ਮੈਦਾਨ ਵਿੱਚ ਹਨ।
ਵੋਟਿੰਗ ਦਾ ਪਹਿਲਾ ਪੜਾਅ 28 ਨਵੰਬਰ ਨੂੰ ਹੋਇਆ ਸੀ ਅਤੇ ਅੱਠਵਾਂ ਅਤੇ ਆਖਰੀ ਪੜਾਅ 19 ਦਸੰਬਰ ਨੂੰ ਹੋਇਆ ਸੀ। ਕੁੱਲ ਮਿਲਾ ਕੇ ਸ਼ਾਂਤਮਈ ਢੰਗ ਨਾਲ ਇਨ੍ਹਾਂ ਚੋਣਾਂ ਵਿੱਚ 57 ਲੱਖ ਯੋਗ ਵੋਟਰਾਂ ਵਿਚੋਂ 51 ਫ਼ੀਸਦੀ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਸੀ।
ਕਸ਼ਮੀਰ ਕੇਂਦਰਤ ਮੁੱਖ ਧਾਰਾ ਦੀਆਂ ਸੱਤ ਰਾਜਨੀਤਿਕ ਪਾਰਟੀਆਂ ਨੇ ਮੈਨੀਫੈਸਟੋ ਅਲਾਇੰਸ (ਪੀਏਜੀਡੀ) ਦੇ ਬੈਨਰ ਹੇਠ ਚੋਣ ਲੜੀ ਸੀ। ਇਨ੍ਹਾਂ ਪਾਰਟੀਆਂ ਵਿੱਚ ਨੈਸ਼ਨਲ ਕਾਨਫਰੰਸ ਅਤੇ ਪੀਪਲਜ਼ ਡੈਮੋਕਰੇਟਿਕ ਪਾਰਟੀ ਵੀ ਸ਼ਾਮਲ ਹੈ।
ਰਾਜ ਚੋਣ ਕਮਿਸ਼ਨਰ ਕੇ ਕੇ ਸ਼ਰਮਾ ਨੇ ਐਤਵਾਰ ਨੂੰ ਗਿਣਤੀ ਪ੍ਰਕਿਰਿਆ ਦੀਆਂ ਤਿਆਰੀਆਂ ਅਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸ਼ਰਮਾ ਨੇ ਕਿਹਾ, ਚੋਣ ਅਧਿਕਾਰੀ ਹਰ ਡੀਡੀਸੀ ਹਲਕੇ ਲਈ ਗਿਣਤੀ ਪ੍ਰਣਾਲੀ ਦਾ ਇੰਚਾਰਜ ਹੋਵੇਗਾ। ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਸਾਰੀ ਗਿਣਤੀ ਪ੍ਰਣਾਲੀ ਦੀ ਨਿਗਰਾਨੀ ਕੀਤੀ ਜਾਵੇਗੀ ਅਤੇ ਵੀਡੀਓ ਰਿਕਾਰਡਿੰਗ ਕੀਤੀ ਜਾਵੇਗੀ।